Fastag ਰੀਡਿੰਗ ਮਸ਼ੀਨ 'ਚ ਖਰਾਬੀ ਹੋਣ 'ਤੇ ਨਹੀਂ ਕੱਟੇਗਾ ਟੋਲ ਟੈਕਸ, ਜਾਣੋ ਇਹ ਅਹਿਮ ਨਿਯਮ

01/01/2020 12:25:03 PM

ਨਵੀਂ ਦਿੱਲੀ — ਸੜਕਾਂ 'ਤੇ ਦਿਨੋਂ-ਦਿਨ ਵਧ ਰਹੀ ਵਾਹਨਾਂ ਦੀ ਭੀੜ ਨੂੰ ਖਤਮ ਕਰਨ ਲਈ ਸਰਕਾਰ ਨੇ ਫਾਸਟੈਗ ਦੀ ਸ਼ੁਰੂਆਤ ਕੀਤੀ ਹੈ। ਇਸ ਲਈ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। 15 ਜਨਵਰੀ ਤੋਂ ਦੇਸ਼ ਦੇ ਸਾਰੇ ਹਿੱਸਿਆਂ ਵਿਚ ਫਾਸਟੈਗ ਲਾਜ਼ਮੀ ਹੋ ਜਾਵੇਗਾ। 

ਸਰਕਾਰ ਦਾ ਕਹਿਣਾ ਹੈ ਕਿ ਫਾਸਟੈਗ ਦੀ ਸਹਾਇਤਾ ਨਾਲ ਹਾਈਵੇ, ਟੋਲ ਪਲਾਜ਼ਾ 'ਤੇ ਲੱਗਣ ਵਾਲੀ ਭੀੜ ਤੋਂ ਛੁਟਕਾਰਾ ਮਿਲੇਗਾ ਪਰ ਜੈਪੁਰ ਤੋਂ ਦਿੱਲੀ, ਆਗਰਾ, ਸੀਕਰ, ਟੌਂਕ ਜਾਂ ਅਜਮੇਰ ਨੈਸ਼ਨਲ ਹਾਈਵੇ ਦੀ ਹਾਲਤ ਕੁਝ ਹੋਰ ਵੀ ਬਿਆਨ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਈਵੇ ਤਕਨੀਕੀ ਖਰਾਬੀ ਦਾ ਸਾਹਮਣਾ ਕਰ ਰਹੇ ਹਨ। ਇਹ ਇਸ ਤਰ੍ਹਾਂ ਹੋ ਰਿਹਾ ਹੈ ਕਿ ਕਦੀ-ਕਦੀ ਟੋਲ ਪਲਾਜ਼ਾ ਦੀ ਮਸ਼ੀਨ ਫਾਸਟੈਗ ਚਿੱਪ ਰੀਡ ਨਹੀਂ ਕਰਦੀ। ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਹਨ ਕਿ ਵਾਹਨਾਂ ਨੂੰ 10-10 ਮਿੰਟ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਵਾਹਨਾਂ ਦੀ ਲੰਮੀਆਂ ਲਾਈਨਾਂ ਹੋਣ ਦੀ ਸਥਿਤੀ 'ਚ ਟੋਲ ਕਰਮਚਾਰੀ ਹੈਂਡ ਮਸ਼ੀਨ ਦੀ ਸਹਾਇਤਾ ਨਾਲ ਵਾਹਨਾਂ ਨੂੰ ਕਢਵਾ ਰਹੇ ਹਨ।

ਬੈਲੇਂਸ ਹੋਣ ਦੇ ਬਾਵਜੂਦ ਨਹੀਂ ਕੱਟੇ ਜਾਣਗੇ ਪੈਸੇ

ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਡੇ ਫਾਸਟੈਗ 'ਚ ਲੋੜੀਂਦੇ ਪੈਸੇ ਹਨ ਅਤੇ ਟੋਲ ਪਲਾਜ਼ਾ ਦੀ ਮਸ਼ੀਨ 'ਚ ਤਕਨੀਕੀ ਖਰਾਬੀ ਹੈ। ਜੇਕਰ ਟੋਲ ਪਲਾਜ਼ਾ ਦੀ ਮਸ਼ੀਨ ਤੁਹਾਡੇ Fastag ਦੀ ਚਿੱਪ ਨੂੰ ਰੀਡ ਨਹੀਂ ਕਰ ਰਹੀ ਤਾਂ ਅਜਿਹੇ 'ਚ ਤੁਹਾਨੂੰ ਬਿਲਕੁੱਲ ਪੇਮੈਂਟ ਨਹੀਂ ਕਰਨੀ ਪਵੇਗੀ। ਟੋਲ ਪਲਾਜ਼ਾ ਨੂੰ ਬਿਨਾਂ ਪੈਸੇ ਲਏ ਤੁਹਾਡੇ ਵਾਹਨ ਨੂੰ ਛੱਡਣਾ ਪਵੇਗਾ।

ਇਕ ਅਖਬਾਰ 'ਚ ਛਪੀ ਖਬਰ ਮੁਤਾਬਕ, ਨੈਸ਼ਨਲ ਹਾਈਵੇ ਦੇ ਨਿਯਮਾਂ ਦੇ ਤਹਿਤ ਵਾਹਨਾਂ ਦੇ ਫਾਸਟੈਗ 'ਚ ਜੇਕਰ ਲੋੜੀਂਦਾ ਬੈਲੇਂਸ ਹੈ ਅਤੇ ਟੋਲ ਪਲਾਜ਼ਾ ਦੀ ਮਸ਼ੀਨ ਰੀਡ ਨਹੀਂ ਕਰ ਪਾ ਰਹੀ ਜਾਂ ਫਿਰ ਟੋਲ ਪਲਾਜ਼ਾ ਦੀ ਮਸ਼ੀਨ 'ਚ ਕਿਸੇ ਤਰ੍ਹਾਂ ਦੀ ਤਕਨੀਕੀ ਖਰਾਬੀ ਹੈ ਤਾਂ ਟੋਲ ਪਲਾਜ਼ਾ ਨੂੰ ਤੁਹਾਡੇ ਵਾਹਨ ਨੂੰ ਮੁਫਤ 'ਚ ਜਾਣ ਦੀ ਮਨਜ਼ੂਰੀ ਦੇਣੀ ਪਵੇਗੀ। ਇਸ ਲਈ ਟੋਲ ਪਲਾਜ਼ਾ ਨੂੰ ਸਿਫਰ ਰੁਪਏ ਦੀ ਰਸੀਦ ਕੱਟ ਕੇ ਦੇਣੀ ਹੋਵੇਗੀ।


Related News