ਫਾਸਟੈਗ ਸਿਸਟਮ ਨਿਗਲ ਸਕਦੈ 10 ਤੋਂ 15 ਫ਼ੀਸਦੀ ਟੋਲ ਕਰਮਚਾਰੀਆਂ ਦੀ ਨੌਕਰੀ

01/04/2020 12:21:52 AM

ਨਵੀਂ ਦਿੱਲੀ (ਇੰਟ.)-ਸਫਰ ਨੂੰ ਆਸਾਨ ਅਤੇ ਸਰਲ ਬਣਾਉਣ ਲਈ ਲਾਗੂ ਕੀਤਾ ਗਿਆ ਫਾਸਟੈਗ ਸਿਸਟਮ ਆਉਣ ਵਾਲੇ ਸਮੇਂ ’ਚ ਟੋਲ ਪਲਾਜ਼ਿਆਂ ’ਤੇ ਕੰਮ ਕਰਦੇ ਕਰਮਚਾਰੀਆਂ ਲਈ ਮੁਸੀਬਤ ਬਣ ਸਕਦਾ ਹੈ। ਟੋਲ ਪਲਾਜ਼ਾ ਪੇਸ਼ੇ ਨਾਲ ਜੁਡ਼ੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਬਦਲੇ ਹੋਏ ਹਾਲਾਤ ਅਨੁਸਾਰ 10 ਤੋਂ 15 ਫ਼ੀਸਦੀ ਟੋਲ ਕਰਮਚਾਰੀਆਂ ਦੀ ਨੌਕਰੀ ਜਾ ਸਕਦੀ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਟੋਲ ਕਰਮਚਾਰੀਆਂ ਦੀ ਨੌਕਰੀ ਨੂੰ ਲੈ ਕੇ ਕੁਝ ਵੀ ਕਹਿਣਾ ਜਲਦਬਾਜ਼ੀ ਹੋ ਸਕਦਾ ਹੈ।

ਦੇਸ਼ ’ਚ ਇਸ ਸਮੇਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ 570 ਟੋਲ ਪਲਾਜ਼ਿਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਫਾਸਟੈਗ ਸਿਸਟਮ ਲਾਜ਼ਮੀ ਹੋਣ ਤੋਂ ਬਾਅਦ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਕੈਸ਼ ਕੁਲੈਕਸ਼ਨ ਕਾਫੀ ਘੱਟ ਹੋ ਗਈ ਹੈ। ਕੈਸ਼ ਕੁਲੈਕਸ਼ਨ ਦੇ ਕੰਮ ’ਚ ਲੱਗੇ ਟੋਲ ਕਰਮਚਾਰੀਆਂ ਨੂੰ ਹੁਣ ਫਾਸਟੈਗ ਸਿਸਟਮ ’ਚ ਆ ਰਹੀਆਂ ਸਮੱਸਿਆਵਾਂ ਅਤੇ ਵਾਹਨ ਚਾਲਕਾਂ ਨੂੰ ਗਾਈਡ ਕਰਨ ਦੇ ਕੰਮ ’ਚ ਲਾ ਦਿੱਤਾ ਗਿਆ ਹੈ।

ਇਕ ਰਿਪੋਰਟ ਅਨੁਸਾਰ ਗੈਮਨ ਇਨਫਰਾਸਟਰੱਕਚਰ ਪ੍ਰਾਜੈਕਟਸ ਦੇ ਐੱਮ. ਡੀ. ਕੇ. ਕੇ. ਮੋਹੰਤੀ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਕਰਮਚਾਰੀ ਨੂੰ ਨੌਕਰੀਓਂ ਨਹੀਂ ਕੱਢਿਆ ਗਿਆ ਹੈ ਸਗੋਂ ਕੈਸ਼ ਕੁਲੈਕਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ ਦੂਜੇ ਕੰਮਾਂ ’ਚ ਲਾ ਦਿੱਤਾ ਗਿਆ ਹੈ। ਮੋਹੰਤੀ ਦਾ ਮੰਨਣਾ ਹੈ ਕਿ ਫਾਸਟੈਗ ਸਿਸਟਮ ਲਾਗੂ ਹੋਣ ਨਾਲ ਹੁਣ ਘੱਟ ਕਰਮਚਾਰੀਆਂ ਦੀ ਜ਼ਰੂਰਤ ਪੈ ਰਹੀ ਹੈ, ਜਿਸ ਕਾਰਣ ਆਉਣ ਵਾਲੇ ਸਮੇਂ ’ਚ 10 ਤੋਂ 15 ਫ਼ੀਸਦੀ ਕਰਮਚਾਰੀਆਂ ਦੀ ਛਾਂਟੀ ਹੋ ਸਕਦੀ ਹੈ।

ਫੋਰ ਲੇਨ ਦੇ ਟੋਲ ਪਲਾਜ਼ਿਆਂ ’ਤੇ ਹੁੰਦੇ ਹਨ ਲਗਭਗ 100 ਤੋਂ 125 ਕਰਮਚਾਰੀ
ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਅਨੁਸਾਰ ਦੇਸ਼ ’ਚ ਇਸ ਸਮੇਂ 570 ਟੋਲ ਪਲਾਜ਼ੇ ਕੰਮ ਕਰ ਰਹੇ ਹਨ। ਟੋਲ ਪਲਾਜ਼ਾ ਸੈਕਟਰ ਨਾਲ ਜੁਡ਼ੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਕਿੰਨੇ ਕਰਮਚਾਰੀ ਕੰਮ ਕਰ ਰਹੇ ਹਨ, ਇਸ ਨੂੰ ਲੈ ਕੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਹੈ ਪਰ ਫੋਰ ਲੇਨ ਦੇ ਇਕ ਟੋਲ ਪਲਾਜ਼ੇ ’ਤੇ 100 ਤੋਂ 125 ਕਰਮਚਾਰੀ ਕੰਮ ਕਰਦੇ ਹਨ। ਡੇਲਾਈਟ ਇੰਡੀਆ ਦੇ ਪਾਰਟਨਰ ਕੁਸ਼ਲ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੈ ਕਿ ਕਿਸੇ ਕਰਮਚਾਰੀ ਦੀ ਨੌਕਰੀ ਨਹੀਂ ਜਾਵੇਗੀ ਪਰ ਕੰਮ ’ਚ ਬਦਲਾਅ ਹੋਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕੰਮ ’ਚ ਬਦਲਾਅ ਅਨੁਸਾਰ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਐਡਜਸਟ ਕਰ ਲੈਣਗੀਆਂ।

ਜ਼ਰੂਰਤਾਂ ’ਤੇ ਕਰੇਗਾ ਨਿਰਭਰ
ਟੋਲ ਸੈਕਟਰ ’ਚ ਵੱਡੀ ਗਿਣਤੀ ’ਚ ਕਰਮਚਾਰੀ ਪੇਅਰੋਲ ਜਾਂ ਸਥਾਈ ਨਹੀਂ ਹੁੰਦੇ ਹਨ। ਮੋਹੰਤੀ ਦਾ ਕਹਿਣਾ ਹੈ ਕਿ ਸੁਪਰਵਾਈਜ਼ਰੀ ਰੋਲ ’ਚ ਕੰਮ ਕਰਦੇ ਕਰਮਚਾਰੀ ਕੰਪਨੀ ਦੇ ਪੇਅਰੋਲ ’ਤੇ ਹੁੰਦੇ ਹਨ, ਜਦੋਂ ਕਿ ਹੋਰ ਕਰਮਚਾਰੀ ਆਊਟਸੋਰਸਿਜ਼ ਜਾਂ ਠੇਕੇ ’ਤੇ ਰੱਖੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਆਂ ਜ਼ਰੂਰਤਾਂ ਅਨੁਸਾਰ ਕੰਪਨੀਆਂ ਨੂੰ ਆਪਣੇ ਕੰਟਰੈਕਟ ’ਚ ਬਦਲਾਅ ਦੀ ਜ਼ਰੂਰਤ ਪਵੇਗੀ। ਇਸ ਕਰਕੇ ਨਵੀਆਂ ਜ਼ਰੂਰਤਾਂ ’ਤੇ ਹੀ ਕਰਮਚਾਰੀਆਂ ਦਾ ਭਵਿੱਖ ਨਿਰਭਰ ਰਹੇਗਾ।


Karan Kumar

Content Editor

Related News