ਚੰਡੀਗੜ੍ਹ ਏਅਰਪੋਰਟ ਦੇ ਰਨ-ਵੇਅ ਦਾ ਹੋਇਆ ਵਿਸਥਾਰ

Tuesday, Feb 27, 2018 - 10:57 PM (IST)

ਚੰਡੀਗੜ (ਅਨਿਲ ਸਲਵਾਨ)-ਰਨ-ਵੇਅ ਅਤੇ ਦੂਜੇ ਜ਼ਰੂਰੀ ਕੰਮਾਂ ਕਾਰਨ ਪਿਛਲੇ 15 ਦਿਨਾਂ ਤੋਂ ਬੰਦ ਚੰਡੀਗੜ੍ਹ ਏਅਰਪੋਰਟ ਅੱਜ ਤੋਂ ਚਾਲੂ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ 29 ਉਡਾਣਾਂ ਆਪਣੇ ਪੁਰਾਣੇ ਸ਼ਡਿਊਲ 'ਤੇ ਆਪਰੇਟ ਹੋ ਗਈਆਂ ਹਨ। ਏਅਰਪੋਰਟ 11 ਤੋਂ 26 ਫਰਵਰੀ ਤੱਕ ਬੰਦ ਰੱਖਿਆ ਗਿਆ ਸੀ। ਇਸ ਦੌਰਾਨ ਇੱਥੇ ਰਨ-ਵੇਅ ਅਤੇ ਕੈਟ ਥ੍ਰੀ ਦੇ ਇੰਸਟਾਲੇਸ਼ਨ ਦਾ ਕੰਮ ਚੱਲ ਰਿਹਾ ਸੀ। ਰਨ-ਵੇਅ ਦਾ ਵਿਸਥਾਰ 9000 ਫੁੱਟ ਤੋਂ ਵਧਾ ਕੇ 10,400 ਫੁੱਟ ਤੱਕ ਕੀਤਾ ਗਿਆ ਅਤੇ ਇਸ ਵਿਸਥਾਰ ਤੋਂ ਬਾਅਦ ਹੁਣ ਬੋਇੰਗ 777 ਵਰਗੇ ਵੱਡੇ ਜਹਾਜ਼ ਵੀ ਇਥੋਂ ਉਡਾਣ ਭਰ ਸਕਣਗੇ।

ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਮੁਤਾਬਕ ਪਹਿਲੀ ਫਲਾਈਟ ਨੇ ਸਵੇਰੇ 7.25 ਵਜੇ ਉਡਾਣ ਭਰੀ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ਡਿਊਲ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਗਰਮੀਆਂ ਦਾ ਸ਼ਡਿਊਲ ਮਾਰਚ ਮਹੀਨੇ ਦੇ ਅਖੀਰ 'ਚ ਜਾਰੀ ਕਰ ਦਿੱਤਾ ਜਾਵੇਗਾ। ਇਸ 'ਚ ਫਲਾਈਟਸ ਦੇ ਕੁੱਝ ਹੋਰ ਘੰਟੇ ਵਧਾਏ ਜਾਣਗੇ। 

ਓਧਰ ਇਸ ਵਾਰ ਸਮਰ ਸ਼ਡਿਊਲ 'ਚ ਅਹਿਮਦਾਬਾਦ, ਕੋਲਕਾਤਾ ਅਤੇ ਇੰਦੌਰ ਲਈ ਫਲਾਈਟਸ ਵੀ ਸ਼ੁਰੂ ਹੋ ਸਕਦੀਆਂ ਹਨ। ਕੁੱਝ ਹਵਾਈ ਕੰਪਨੀਆਂ ਨੇ ਇਸ ਸਬੰਧ 'ਚ ਇੱਛਾ ਜ਼ਾਹਿਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਇਥੋਂ ਏਅਰ ਇੰਡੀਆ, ਇੰਡੀਗੋ, ਸਪਾਈਸ ਜੈੱਟ, ਜੈੱਟ ਏਅਰਵੇਜ਼, ਗੋ ਏਅਰ, ਵਿਸਤਾਰਾ ਕੰਪਨੀਆਂ ਸੰਚਾਲਨ ਕਰਦੀਆਂ ਹਨ।


Related News