‘ਗੈਰ-ਬਾਸਮਤੀ ਚੌਲਾਂ ਦੀ ਵੀ ਵਧੇਗੀ ਬਰਾਮਦ, ਬੰਗਲਾਦੇਸ਼ 50 ਹਜ਼ਾਰ ਟਨ ਚੌਲ ਖਰੀਦਣ ਦੀ ਤਿਆਰੀ ਵਿਚ’

Tuesday, Jun 29, 2021 - 12:26 PM (IST)

‘ਗੈਰ-ਬਾਸਮਤੀ ਚੌਲਾਂ ਦੀ ਵੀ ਵਧੇਗੀ ਬਰਾਮਦ, ਬੰਗਲਾਦੇਸ਼ 50 ਹਜ਼ਾਰ ਟਨ ਚੌਲ ਖਰੀਦਣ ਦੀ ਤਿਆਰੀ ਵਿਚ’

ਨਵੀਂ ਦਿੱਲੀ(ਇੰਟ.) – ਬੰਗਲਾਦੇਸ਼ ਨੇ ਜੋ ਹੁਣ 50 ਹਜ਼ਾਰ ਟਨ ਗੈਰ-ਬਾਸਮਤੀ ਚੌਲਾਂ ਦੀ ਦਰਾਮਦ ਦਾ ਟੈਂਡਰ ਕੱਢਿਆ ਹੈ, ਉਸ ਨਾਲ ਭਾਰਤੀ ਚੌਲ ਬਰਾਮਦਕਾਰਾਂ ਦਰਮਿਆਨ ਆਸ ਦੀ ਕਿਰਨ ਜਾਗੀ ਹੈ। ਬਰਾਮਦਕਾਰਾਂ ਨੂੰ ਲਗਦਾ ਹੈ ਕਿ ਬੰਗਲਾਦੇਸ਼ ਨੈਸ਼ਨਲ ਐਗਰੀਕਲਚਰ ਕੋ-ਆਪ੍ਰੇਟਿਵ ਮਾਰਕੀਟਿੰਗ ਫੈੱਡਰੇਸ਼ਨ (ਨੈਫੇਡ) ਤੋਂ ਇਹ ਖਰੀਦ ਕਰੇਗਾ। ਭਾਰਤੀ ਗੈਰ-ਬਾਸਮਤੀ ਚੌਲਾਂ ਦੀ ਪਹਿਲਾਂ ਤੋਂ ਹੀ ਅਫਰੀਕੀ ਦੇਸ਼ਾਂ ਅਤੇ ਚੀਨ ’ਚ ਭਾਰੀ ਮੰਗ ਹੈ। ਹੁਣ ਇਸ ਸੂਚੀ ’ਚ ਬੰਗਲਾਦੇਸ਼ ਵੀ ਜੁੜ ਗਿਆ ਲਗਦਾ ਹੈ।

ਭਾਰਤੀ ਵਪਾਰ ਮੰਤਰਾਲਾ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਜਿਵੇਂ ਪੂਰਬੀ ਭਾਰਤ ਦੇ ਲੋਕਾਂ ਨੂੰ ਉਸਨਾ ਜਾਂ ਭੁਜੀਆ ਚੌਲ ਪਸੰਦ ਆਉਂਦੇ ਹਨ, ਉਵੇਂ ਹੀ ਬੰਗਲਾਦੇਸ਼ ਦੇ ਲੋਕਾਂ ਨੂੰ ਵੀ ਇਹੀ ਚੌਲ ਪਸੰਦ ਹਨ। ਇਸ ਲਈ ਬੰਗਲਾਦੇਸ਼ ਜ਼ਿਆਦਾਤਰ ਗੈਰ-ਬਾਸਮਤੀ ਕਿਸਮ ਦੇ ਚੌਲਾਂ ਦੀ ਖਰੀਦ ਕਰਦਾ ਹੈ। ਇਸ ਵਾਰ ਵੀ ਜੋ 50 ਹਜ਼ਾਰ ਟਨ ਚੌਲਾਂ ਦੀ ਦਰਾਮਦ ਦਾ ਟੈਂਡਰ ਕੱਢਿਆ ਗਿਆ ਹੈ, ਉਹ ਇਸੇ ਕਿਸਮ ਦਾ ਹੈ। ਇਸ ਕਿਸਮ ਦੇ ਝੋਨੇ ਦੀ ਖੇਤੀ ਪੱਛਮੀ ਬੰਗਾਲ, ਬਿਹਾਰ ਅਤੇ ਓਡਿਸ਼ਾ ’ਚ ਖੂਬ ਹੁੰਦੀ ਹੈ। ਜੇ ਇਹ ਆਰਡਰ ਭਾਰਤ ਨੂੰ ਮਿਲਦਾ ਹੈ ਤਾਂ ਉਨ੍ਹਾਂ ਇਲਾਕਿਆਂ ਤੋਂ ਚੌਲਾਂ ਦੀ ਬਰਾਮਦ ਕੀਤੀ ਜਾਏਗੀ। ਇਸ ਨਾਲ ਉੱਥੋਂ ਦੇ ਕਿਸਾਨਾਂ ਨੂੰ ਝੋਨੇ ਦੀ ਬਿਹਤਰ ਕੀਮਤ ਮਿਲੇਗੀ ਅਤੇ ਉਨ੍ਹਾਂ ਦੀ ਆਮਦਨ ਤੇਜ਼ੀ ਨਾਲ ਵਧੇਗੀ।

ਪਿਛਲੇ ਸਾਲ ਹੀ ਬੰਗਲਾਦੇਸ਼ ਨੇ ਘਟਾਈ ਹੈ ਦਰਾਮਦ ਡਿਊਟੀ

ਬੰਗਲਾਦੇਸ਼ ਨੇ ਪਿਛਲੇ ਵਿੱਤੀ ਸਾਲ ਦੌਰਾਨ ਹੀ ਚੌਲਾਂ ’ਤੇ ਲੱਗਣ ਵਾਲੀ ਦਰਾਮਦ ਡਿਊਟੀ ’ਚ ਕਟੌਤੀ ਕੀਤੀ ਹੈ। ਉੱਥੇ ਪਹਿਲਾਂ ਚੌਲਾਂ ਦੀ ਦਰਾਮਦ ’ਤੇ 62.5 ਫੀਸਦੀ ਦੀ ਦਰਾਮਦ ਡਿਊਟੀ ਲਗਦੀ ਸੀ, ਜਿਸ ਨੂੰ ਹੁਣ ਘਟਾ ਕੇ 25 ਫੀਸਦੀ ਕਰ ਦਿੱਤਾ ਗਿਆ ਹੈ। ਦਰਅਸਲ ਉੱਥੇ ਪਿਛਲੇ ਸਾਲ ਚੌਲਾਂ ਦੀਆਂ ਕੀਮਤਾਂ ਕਾਫੀ ਵਧ ਗਈਆਂ ਸਨ। ਇਸ ਕਾਰਨ ਦਰਾਮਦ ਡਿਊਟੀ ’ਚ ਕਟੌਤੀ ਦਾ ਦਬਾਅ ਸੀ। ਉਸ ਤੋਂ ਇਲਾਵਾ ਦਰਾਮਦ ਡਿਊਟੀ ’ਚ ਕਟੌਤੀ ਦਾ ਸਭ ਤੋਂ ਵੱਡਾ ਫਾਇਦਾ ਭਾਰਤ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ। ਦੇਸ਼ ’ਚ ਪਿਛਲੇ ਸਾਲ ਚੌਲਾਂ ਦੀ ਬੰਪਰ ਪੈਦਾਵਾਰ ਅਤੇ ਕੌਮਾਂਤਰੀ ਬਾਜ਼ਾਰ ’ਚ ਆਪਣੀ ਮਜ਼ਬੂਤ ਮੁਕਾਬਲੇਬਾਜ਼ੀ ਸਥਿਤੀ ਕਾਰਨ ਭਾਰਤ ਵੱਡੇ ਪੈਮਾਨੇ ’ਤੇ ਬੰਗਲਾਦੇਸ਼ ਨੂੰ ਭਾਰੀ ਮਾਤਰਾ ’ਚ ਚੌਲਾਂ ਦੀ ਬਰਾਮਦ ਕਰ ਸਕਦਾ ਹੈ।


author

Harinder Kaur

Content Editor

Related News