ਇਕਨੋਮੀ ਦੇ ਮੋਰਚੇ 'ਤੇ ਚੰਗੀ ਖ਼ਬਰ, ਜੂਨ ਦੇ ਪਹਿਲੇ ਹਫ਼ਤੇ ਬਰਾਮਦ 'ਚ ਉਛਾਲ
Thursday, Jun 10, 2021 - 03:51 PM (IST)
ਨਵੀਂ ਦਿੱਲੀ– ਇਸ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਬਰਾਮਦ ਦੇ ਮੋਰਚੇ 'ਤੇ ਸ਼ਾਨਦਾਰ ਵਾਧਾ ਦਰਜ ਹੋਇਆ ਹੈ। ਵਣਜ ਮੰਤਰਾਲਾ ਮੁਤਾਬਕ, ਰਤਨ, ਗਹਿਣੇ, ਇੰਜੀਨੀਅਰਿੰਗ ਅਤੇ ਪੈਟਰੋਲੀਅਮ ਸਮੇਤ ਵੱਖ-ਵੱਖ ਖੇਤਰਾਂ ਵਿਚ ਚੰਗੀ ਮੰਗ ਕਾਰਨ ਭਾਰਤ ਦੀ ਬਰਾਮਦ ਇਸ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ 52.39 ਫੀਸਦੀ ਵੱਧ ਕੇ 7.71 ਅਰਬ ਡਾਲਰ 'ਤੇ ਪਹੁੰਚ ਗਈ ਹੈ। ਇਹ ਵਪਾਰ ਸਰਗਰਮੀ ਵਿਚ ਤੇਜ਼ੀ ਦਾ ਸੰਕੇਤ ਹੈ।
ਉੱਥੇ ਹੀ, ਦਰਾਮਦ ਵੀ 1-7 ਜੂਨ ਦੌਰਾਨ ਲਗਭਗ 83 ਫੀਸਦੀ ਵੱਧ ਯਾਨੀ 9.1 ਅਰਬ ਡਾਲਰ ਦਰਜ ਕੀਤੀ ਗਈ। ਇਸ ਦੌਰਾਨ ਇੰਜੀਨੀਅਰਿੰਗ ਬਰਾਮਦ 59.7 ਫੀਸਦੀ ਵੱਧ ਕੇ 74.11 ਕਰੋੜ ਡਾਲਰ 'ਤੇ ਪਹੁੰਚ ਗਈ।
ਰਤਨ ਤੇ ਗਹਿਣਿਆਂ ਦੀ ਬਰਾਮਦ 96.38 ਫੀਸਦੀ ਵੱਧ ਕੇ 29.78 ਕਰੋੜ ਡਾਲਰ ਅਤੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ 69.53 ਫੀਸਦੀ ਵੱਧ ਕੇ 53.06 ਕਰੋੜ ਅਮਰੀਕੀ ਡਾਲਰ ਹੋ ਗਈ। ਹਾਲਾਂਕਿ ਇਸ ਦੌਰਾਨ ਕੱਚੇ ਲੋਹੇ, ਤਿਲਹਣ ਅਤੇ ਮਸਾਲਿਆਂ ਦੀ ਬਰਾਮਦ ਵਿਚ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ। ਜੂਨ ਦੇ ਪਹਿਲੇ ਹਫ਼ਤੇ ਪੈਟਰੋਲੀਅਮ ਅਤੇ ਕੱਚੇ ਤੇਲ ਦੀ ਬਰਾਮਦ 135 ਫੀਸਦੀ ਵੱਧ ਕੇ 1.09 ਅਰਬ ਡਾਲਰ ਰਹੀ। ਇਸੇ ਤਰ੍ਹਾਂ ਦਰਾਮਦ ਦੇ ਮੋਰਚੇ 'ਤੇ ਇਲੈਕਟ੍ਰਾਨਿਕ ਸਾਮਾਨ, ਮੋਤੀ ਅਤੇ ਕੀਮਤੀ ਪੱਥਰਾਂ ਦੀ ਦਰਾਮਦ ਵਿਚ ਵੀ ਵਾਧਾ ਹੋਇਆ ਹੈ। ਇਸ ਦੌਰਾਨ ਅਮਰੀਕਾ, ਸੰਯੁਕਤ ਅਰਬ ਅਮੀਰਾਤ ਤੇ ਬੰਗਲਾਦੇਸ਼ ਨੂੰ ਬਰਾਮਦ ਵਧੀ ਹੈ, ਜਦੋਂ ਕਿ ਅਮਰੀਕਾ ਤੇ ਯੂ. ਏ. ਈ. ਦੇ ਨਾਲ-ਨਾਲ ਚੀਨ ਤੋਂ ਦਰਾਮਦ ਤੇਜ਼ੀ ਨਾਲ ਵਧੀ। ਗੌਰਤਲਬ ਹੈ ਕਿ ਵਪਾਰ ਵਿਚ ਤੇਜ਼ੀ ਅਰਥਵਿਵਸਥਾ ਲਈ ਚੰਗਾ ਸੰਕੇਤ ਹੈ।