ਵਿਆਹਾਂ ਅਤੇ ਤਿਓਹਾਰੀ ਸੀਜ਼ਨ ’ਚ ਜੇਬ ਹਲਕੀ ਕਰੇਗਾ ਮਹਿੰਗਾ ਡਾਲਰ, ਵਿਦੇਸ਼ਾਂ 'ਚ ਪੜ੍ਹਾਈ 'ਤੇ ਵੀ ਪਵੇਗਾ ਅਸਰ
Wednesday, Jul 27, 2022 - 12:33 PM (IST)
ਜਲੰਧਰ–ਡਾਲਰ ਦੇ ਮੁਕਾਬਲੇ ਡਿਗ ਰਹੇ ਰੁਪਏ ਦੀ ਪ੍ਰਭਾਵ ਤੋਂ ਸਿਰਫ ਆਰ. ਬੀ. ਆਈ. ਹੀ ਚਿੰਤਤ ਨਹੀਂ ਹੈ ਸਗੋਂ ਇਸ ਦਾ ਅਸਰ ਸਿੱਧੇ ਤੌਰ ’ਤੇ ਤਿਓਹਾਰੀ ਅਤੇ ਵਿਆਹਾਂ ਦੇ ਸੀਜ਼ਨ ’ਚ ਆਮ ਆਦਮੀ ’ਤੇ ਵੀ ਪੈਣ ਵਾਲਾ ਹੈ। ਭਾਰਤ ਦੀ ਕੁੱਲ ਦਰਾਮਦ ਦਾ ਕਰੀਬ 65 ਫੀਸਦੀ ਅਜਿਹੇ ਸਾਮਾਨ ’ਤੇ ਖਰਚ ਹੁੰਦਾ ਹੈ ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਰੁਪਏ ਦੇ ਕਮਜ਼ੋਰ ਹੋਣ ਨਾਲ ਇਹ ਸਾਰੀਆਂ ਵਸਤਾਂ ਆਉਣ ਵਾਲੇ ਦਿਨਾਂ ’ਚ ਮਹਿੰਗੀਆਂ ਹੋ ਸਕਦੀਆਂ ਹਨ। ਇਨ੍ਹਾਂ ’ਚ ਵਿਦੇਸ਼ ’ਚ ਪੜ੍ਹਾਈ ਤੋਂ ਲੈ ਕੇ ਘਰ ’ਚ ਬੱਚੇ ਲਈ ਕੰਪਿਊਟਰ ਅਤੇ ਪ੍ਰਿੰਟਰ ਖਰੀਦਣਾ ਅਤੇ ਵਿਆਹਾਂ ਦੇ ਸੀਜ਼ਨ ’ਚ ਜਿਊਲਰੀ ਤੱਕ ਸ਼ਾਮਲ ਹੈ।
ਹਾਲ ਹੀ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਆਪਣੇ ਉੱਚ ਪੱਧਰ ਤੋਂ ਕਰੀਬ 70 ਅਰਬ ਡਾਲਰ ਘੱਟ ਹੋ ਕੇ 572 ਅਰਬ ਡਾਲਰ ਰਹਿ ਗਿਆ ਹੈ। ਇਸ ਨਾਲ ਵੀ ਇੰਪੋਰਟ ਕਰਨ ’ਚ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਹੈ।
ਮਈ 2022 ’ਚ ਭਾਰਤ ਦੇ ਟੌਪ 10 ਇੰਪੋਰਟ
ਪੈਟਰੋਲੀਅਮ ਕਰੂਡ 25 ਫੀਸਦੀ
ਕੋਲ ਐਂਡ ਕੋਕ 8.39 ਫੀਸਦੀ
ਪੈਟਰੋਲੀਅਮ ਪ੍ਰੋਡਕਟਸ 6.86 ਫੀਸਦੀ
ਸੋਨਾ 6.28 ਫੀਸਦੀ
ਹੀਰੇ-ਮੋਤੀ ਅਤੇ ਸਟੋਨਸ 4.34 ਫੀਸਦੀ
ਇਲੈਕਟ੍ਰਾਨਿਕ ਕੰਪੋਨੈਂਟਸ 3.47 ਫੀਸਦੀ
ਆਰਗੈਨਿਕ ਕੈਮੀਕਲ 2.99 ਫੀਸਦੀ
ਵੈਜੀਟੇਬਲਸ ਆਇਲਸ 2.78 ਫੀਸਦੀ
ਪਲਾਸਟਿਕ ਰਾਅ ਮਟੀਰੀਅਲ 2.51 ਫੀਸਦੀ
ਕੰਪਿਊਟਰ ਹਾਰਡਵੇਅਰ 1.92 ਫੀਸਦੀ
ਤਿਓਹਾਰੀ ਸੀਜ਼ਨ ’ਚ ਪਵੇਗੀ ਆਮ ਆਦਮੀ ’ਤੇ ਮਾਰ
ਦੇਸ਼ ’ਚ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ 11 ਅਗਸਤ ਨੂੰ ਰੱਖੜੀ ਮੌਕੇ ਲੋਕ ਜਦੋਂ ਖਰੀਦਦਾਰੀ ਕਰਨ ਲਈ ਨਿਕਲਣਗੇ ਤਾਂ ਉਨ੍ਹਾਂ ਦੀ ਜੇਬ ’ਤੇ ਇਸ ਦਾ ਅਸਰ ਨਜ਼ਰ ਆਵੇਗਾ। ਇਸ ਦਾ ਕਾਰਨ ਹੈ ਕਿ ਰੱਖੜੀ ’ਤੇ ਜਿਨ੍ਹਾਂ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਤੋਹਫੇ ਵਜੋਂ ਸੋਨੇ ਅਤੇ ਹੀਰੇ ਦਾ ਕੋਈ ਗਹਿਣਾ ਦੇਣਾ ਹੈ, ਉਹ ਮਹਿੰਗੇ ਡਾਲਰ ਦੇ ਪ੍ਰਭਾਵ ਕਾਰਨ ਹੋਰ ਮਹਿੰਗਾ ਮਿਲੇਗਾ। ਭਾਰਤ ਆਪਣੀ ਲੋੜ ਦਾ ਜ਼ਿਆਦਾਤਰ ਖਾਣ ਵਾਲਾ ਤੇਲ ਇੰਪੋਰਟ ਕਰਦਾ ਹੈ ਅਤੇ ਇਸ ਖਾਣ ਵਾਲੇ ਤੇਲ ਦਾ ਇਸਤੇਮਾਲ ਤਿਓਹਾਰਾਂ ’ਚ ਮਿਠਾਈਆਂ ਬਣਾਉਣ ’ਚ ਹੁੰਦਾ ਹੈ। ਮਹਿੰਗੇ ਡਾਲਰ ਦੇ ਪ੍ਰਭਾਵ ਕਾਰਨ ਤਿਓਹਾਰਾਂ ’ਚ ਮਿਠਾਈਆਂ ਵੀ ਮਹਿੰਗੀਆਂ ਮਿਲਣਗੀਆਂ। ਇਸ ਨਾਲ ਆਮ ਆਦਮੀ ਦਾ ਬਜਟ ਵਿਗੜੇਗਾ।
ਵਿਦੇਸ਼ਾਂ ’ਚ ਪੜ੍ਹਾਈ ਮਹਿੰਗੀ
ਸਤੰਬਰ ਮਹੀਨੇ ’ਚ ਵਿਦੇਸ਼ੀ ਯੂਨੀਵਰਸਿਟੀਆਂ ’ਚ ਜਨਵਰੀ ਇਨਟੈੱਕ ਲਈ ਦਾਖਲਾ ਸ਼ੁਰੂ ਹੋ ਜਾਏਗਾ ਅਤੇ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ’ਚ ਆਪਣੀ ਫੀਸ ਐਡਵਾਂਸ ਭੇਜਣੀ ਹੁੰਦੀ ਹੈ। ਇਹ ਫੀਸ ਡਾਲਰ ਦੇ ਰੂਪ ’ਚ ਜਾਂਦੀ ਹੈ। ਲਿਹਾਜਾ ਮਾਪਿਆਂ ਨੂੰ ਭਾਰਤੀ ਮੁਦਰਾ ਵਜੋਂ ਡਾਲਰ ਖਰੀਦਣ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਇਹ ਫੀਸ ਭੇਜਣੀ ਪਵੇਗੀ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਪੜ੍ਹਨ ਵਾਲੇ ਵਿਦਿਆਰਥੀ ਦੇ ਰਹਿਣ-ਖਾਣ ’ਤੇ ਵੀ ਭਾਰਤੀ ਮੁਦਰਾ ਵਧੇਰੇ ਖਰਚ ਹੋਵੇਗੀ।
ਵਿਆਹਾਂ ’ਚ ਵੀ ਵਿਗੜੇਗਾ ਬਜਟ
ਵਿਆਹਾਂ ਦੇ ਸੀਜ਼ਨ ਦੌਰਾਨ ਸਾਜੋ-ਸਜਾਵਟ ਦੇ ਕੰਮ ’ਚ ਪਲਾਸਟਿਕ ਦੇ ਫਲਾਵਰਸ ਦਾ ਇਸਤੇਮਾਲ ਹੁੰਦਾ ਹੈ ਅਤੇ ਪਲਾਸਟਿਕ ਦੇ ਕਈ ਕੰਪੋਨੈਂਟ ਅਤੇ ਵਿਦੇਸ਼ੀ ਫੂਡ ਇੰਪੋਰਟ ਕੀਤੇ ਜਾਂਦੇ ਹਨ। ਇਨ੍ਹਾਂ ’ਤੇ ਖਰਚਾ ਵਧੇਗਾ, ਜਿਸ ਨਾਲ ਵਿਆਹਾਂ ’ਚ ਸਜਾਵਟ ਵੀ ਮਹਿੰਗੀ ਪਵੇਗੀ। ਇਸ ਤੋਂ ਇਲਾਵਾ ਵਿਆਹਾਂ ’ਚ ਲੜਕੀ ਲਈ ਗਹਿਣੇ ਅਤੇ ਕੱਪੜੇ ਖਰੀਦਣੇ ਵੀ ਮਹਿੰਗੇ ਹੋ ਜਾਣਗੇ ਅਤੇ ਮਹਿਮਾਨਾਂ ਦੀ ਆਓ ਭਗਤ ਵੀ ਮਹਿੰਗੀ ਪਵੇਗੀ।