ਈਥਾਨੋਲ ਸਮਰੱਥਾ ਸਾਲ ਦੇ ਅੰਤ ਤੱਕ 25% ਵਧ ਕੇ 1,250 ਕਰੋੜ ਲੀਟਰ ਹੋ ਜਾਵੇਗੀ : ਸਰਕਾਰੀ ਅਧਿਕਾਰੀ
Friday, Jan 13, 2023 - 03:59 PM (IST)
ਨਵੀਂ ਦਿੱਲੀ—ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਕੁੱਲ ਈਥਾਨੋਲ ਉਤਪਾਦਨ ਸਮਰੱਥਾ ਸਾਲ ਦੇ ਅੰਤ ਤੱਕ 25 ਫੀਸਦੀ ਵਧ ਕੇ 1,250 ਕਰੋੜ ਲੀਟਰ ਹੋਣ ਦੀ ਉਮੀਦ ਹੈ। ਈਥਾਨੋਲ ਪ੍ਰਾਜੈਕਟਾਂ ਦੀ ਤੇਜ਼ੀ ਨਾਲ ਮਨਜ਼ੂਰੀ ਲਈ ਕਦਮ ਚੁੱਕੇ ਗਏ ਹਨ। ਕੇਂਦਰੀ ਖੁਰਾਕ ਮੰਤਰਾਲੇ ਦੇ ਅਧੀਨ ਡਾਇਰੈਕਟੋਰੇਟ ਆਫ ਸ਼ੂਗਰ ਅਤੇ ਵੈਜੀਟੇਬਲ ਆਇਲਜ਼ ਦੇ ਡਾਇਰੈਕਟਰ ਸੰਗੀਤ ਸਿੰਗਲਾ ਨੇ ਦੱਸਿਆ ਕਿ ਬੈਂਕਾਂ ਨੇ ਹੁਣ ਤੱਕ ਈਥਾਨੋਲ ਪ੍ਰਾਜੈਕਟਾਂ ਲਈ 20,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਮਨਜ਼ੂਰ ਕੀਤੇ ਹਨ, ਜਿਨ੍ਹਾਂ 'ਚੋਂ 10,000 ਕਰੋੜ ਰੁਪਏ ਪਹਿਲਾਂ ਹੀ ਵਿਆਜ ਅਨੁਦਾਨ ਸਕੀਮ ਦੇ ਤਹਿਤ ਜਾਰੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਨੇ ਇਥੇ ਉਦਯੋਗ ਸੰਗਠਨ ਐਸੋਚੈਮ ਵੱਲੋਂ ਭਵਿੱਖ ਲਈ ਈਂਧਣ' 'ਤੇ ਆਯੋਜਿਤ ਇਕ ਸੰਮੇਲਨ 'ਚ ਕਿਹਾ ਗਿਆ ਹੈ ਕਿ ਹੁਣ ਤੱਕ ਲਗਭਗ 225 ਪ੍ਰੋਜੈਕਟਾਂ ਨੂੰ ਇਸ ਦਾ ਫਾਇਦਾ ਹੋਇਆ ਹੈ। ਭਾਰਤ ਨੇ ਪਿਛਲੇ ਦੋ ਸਾਲਾਂ 'ਚ ਪੈਟਰੋਲ ਨਾਲ ਈਥਾਨੋਲ ਮਿਸ਼ਰਣ ਨੂੰ ਦੁੱਗਣਾ ਕਰ ਕੇ 10 ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਈਥਾਨੋਲ ਦੀ ਮਿਲਾਵਟ 12 ਫੀਸਦੀ ਤੱਕ ਪਹੁੰਚ ਜਾਵੇਗੀ ਅਤੇ 2025 ਤੱਕ 25 ਫੀਸਦੀ ਮਿਸ਼ਰਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ।
ਅਧਿਕਾਰੀ ਨੇ ਕਿਹਾ ਕਿ ਸਿਰਫ ਗੰਨਾ ਉਤਪਾਦਕ ਹੀ ਨਹੀਂ, ਸਗੋਂ ਅਨਾਜ ਉਤਪਾਦਕ ਕਿਸਾਨਾਂ ਨੂੰ ਵੀ ਈਥਾਨੋਲ ਬਣਾਉਣ ਦਾ ਫਾਇਦਾ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਟੁੱਟੇ ਚੌਲਾਂ ਦੀ ਚੰਗੀ ਕੀਮਤ ਮਿਲ ਰਹੀ ਹੈ। ਖੰਡ ਤੋਂ ਇਲਾਵਾ, ਸਰਕਾਰ ਨੇ ਈਥਾਨੋਲ ਉਤਪਾਦਨ ਲਈ ਟੁੱਟੇ ਚੌਲਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ।