ਐੱਸਾਰ ਸਟੀਲ ਮਾਮਲੇ ’ਚ ਅਦਾਲਤ ਦੇ ਫੈਸਲੇ ਨਾਲ ਹੱਲ ਪ੍ਰਕਿਰਿਆ ਨੂੰ ਲੈ ਕੇ ਪੱਕਾ ਹੋਇਆ ਵਿਸ਼ਵਾਸ : ਫਿੱਕੀ

11/17/2019 12:32:19 AM

ਨਵੀਂ ਦਿੱਲੀ (ਭਾਸ਼ਾ)-ਦੇਸ਼ ਦੇ ਪ੍ਰਮੁੱਖ ਉਦਯੋਗ ਮੰਡਲ ਫਿੱਕੀ ਨੇ ਕਿਹਾ ਕਿ ਐੱਸਾਰ ਸਟੀਲ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਦੇਸ਼ ’ਚ ਦੀਵਾਲਾ ਹੱਲ ਪ੍ਰਕਿਰਿਆ ਨੂੰ ਲੈ ਕੇ ਯਕੀਨ ਵਧ ਗਿਆ ਹੈ ਅਤੇ ਹੁਣ ਇਹ ਕੌਮਾਂਤਰੀ ਪੱਧਰ ਦੇ ਬਰਾਬਰ ਹੋ ਗਈ ਹੈ। ਚੋਟੀ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਕਰਜ਼ੇ ਦੇ ਬੋਝ ਹੇਠ ਦੱਬੀ ਐੱਸਾਰ ਸਟੀਲ ਦੀ ਦੀਵਾਲਾ ਪ੍ਰਕਿਰਿਆ ’ਚ ਐੱਨ. ਸੀ. ਐੱਲ. ਏ. ਟੀ. ਦੇ ਹੁਕਮ ਨੂੰ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਲਕਸ਼ਮੀ ਮਿੱਤਲ ਦੀ ਅਗਵਾਈ ਵਾਲੀ ਆਰਸੇਲਰ ਮਿੱਤਲ ਨੂੰ ਐੱਸਾਰ ਸਟੀਲ ਨੂੰ ਅਕਵਾਇਰ ਕਰਨ ਦਾ ਰਾਹ ਪੱਧਰਾ ਹੋ ਗਿਆ।

ਫਿੱਕੀ ਦੇ ਚੇਅਰਮੈਨ ਸੰਦੀਪ ਸੋਮਾਨੀ ਨੇ ਇਕ ਬਿਆਨ ’ਚ ਕਿਹਾ, ‘‘ਅਜਿਹੇ ਸਮੇਂ ਜਦੋਂ ਵਿਦੇਸ਼ੀ ਨਿਵੇਸ਼ਕਾਂ ਵਿਚਾਲੇ ਕਾਫ਼ੀ ਜ਼ਿਆਦਾ ਰੁਚੀ ਬਣੀ ਹੋਈ ਹੈ, ਇਸ ਫੈਸਲੇ ਨਾਲ ਹੱਲ ਪ੍ਰਕਿਰਿਆ ਨੂੰ ਲੈ ਕੇ ਯਕੀਨ ਵਧੇਗਾ ਅਤੇ ਇਹ ਕੌਮਾਂਤਰੀ ਪ੍ਰਕਿਰਿਆ ਦੇ ਬਰਾਬਰ ਹੋਵੇਗੀ।’’ ਉਨ੍ਹਾਂ ਕਿਹਾ ਕਿ ਦੀਵਾਲਾ ਮਾਮਲਿਆਂ ’ਚ ਬੈਂਕਾਂ, ਵਿੱਤੀ ਕਰਜ਼ਦਾਤਿਆਂ ਨੂੰ ਸੰਚਾਲਨ ਕਰਜ਼ਦਾਤਿਆਂ ਤੋਂ ਉੱਪਰ ਮੰਨਣ ਵਾਲਾ ਇਹ ਫੈਸਲਾ ਭਾਰਤੀ ਬੈਂਕਿੰਗ ਉਦਯੋਗ ਲਈ ਵਧੀਆ ਰਹੇਗਾ, ਨਾਲ ਹੀ ਇਸ ਖੇਤਰ ’ਚ ਆਉਣ ਵਾਲੇ ਸੰਭਾਵੀ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਇਸ ਨਾਲ ਫਾਇਦਾ ਹੋਵੇਗਾ। ਉਦਯੋਗ ਮੰਡਲ ਨੇ ਅਦਾਲਤ ਦੇ ਇਸ ਹੁਕਮ ਦਾ ਵੀ ਸਵਾਗਤ ਕੀਤਾ ਹੈ ਕਿ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ਦੇ ਵਪਾਰਕ ਫੈਸਲੇ ਦੀ ਕਾਨੂੰਨੀ ਸਮੀਖਿਆ ਨਹੀਂ ਕੀਤੀ ਜਾ ਸਕੇਗੀ।


Karan Kumar

Content Editor

Related News