ਈ. ਪੀ. ਐੱਫ. ਓ. ਨੇ 2017 ਦੀ ਪਹਿਲੀ ਛਿਮਾਹੀ ''ਚ 1 ਕਰੋੜ ਨਵੇਂ ਮੈਂਬਰ ਜੋੜੇ

07/11/2017 8:33:30 AM

ਹੈਦਰਾਬਾਦ— ਕੇਂਦਰੀ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਨੇ ਇਸ ਸਾਲ 1 ਜਨਵਰੀ ਤੋਂ ਲੈ ਕੇ 30 ਜੂਨ ਦਰਮਿਆਨ 1 ਕਰੋੜ ਨਵੇਂ ਮੈਂਬਰ ਬਣਾਏ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੂਰੇ 60 ਸਾਲਾਂ 'ਚ ਯੋਗਦਾਨਕਰਤਾਵਾਂ (ਮੈਂਬਰਾਂ) ਦੀ ਗਿਣਤੀ 4.3 ਕਰੋੜ ਅਤੇ ਈ. ਐੱਸ. ਆਈ. ਸੀ. (ਕਰਮਚਾਰੀ ਰਾਜ ਬੀਮਾ ਨਿਗਮ) ਦੇ ਯੋਗਦਾਨਕਰਤਾਵਾਂ ਦੀ ਗਿਣਤੀ 1.9 ਕਰੋੜ ਸੀ। ਅਸੀਂ ਨਵੇਂ ਮੈਂਬਰਾਂ ਨੂੰ ਜੋੜਨ ਲਈ ਦੇਸ਼ ਪੱਧਰੀ ਮੁਹਿੰਮ ਚਲਾਈ। 
ਈ. ਟੀ. ਐੱਫ. 'ਚ ਨਿਵੇਸ਼ ਨਾਲ ਮਿਲਿਆ 12.55 ਫ਼ੀਸਦੀ ਦਾ ਰਿਟਰਨ
ਈ. ਐੱਸ. ਆਈ. ਸੀ. ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸਕੀਮ ਟੂ ਪ੍ਰੋਮੋਟ ਰਜਿਸਟਰੇਸ਼ਨ ਆਫ ਇੰਪਲਾਈਜ਼/ਇੰਪਲਾਈਜ਼ਿਜ਼ (ਐੱਸ. ਪੀ. ਆਰ. ਈ. ਈ.) ਦੇ ਤਹਿਤ ਪਿਛਲੇ 6 ਮਹੀਨਿਆਂ 'ਚ ਕਰੀਬ 97,000 ਵਪਾਰਕ ਸੰਸਥਾਨਾਂ ਦੀ ਰਜਿਸਟ੍ਰੇਸ਼ਨ ਕਰਵਾਈ। ਦੱਤਾਤ੍ਰੇਅ ਨੇ ਕਿਹਾ ਕਿ 30 ਜੂਨ ਤੱਕ ਈ. ਪੀ. ਐੱਫ. ਓ. ਨੇ 24,980 ਕਰੋੜ ਰੁਪਏ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) 'ਚ ਨਿਵੇਸ਼ ਕੀਤਾ ਅਤੇ ਉਸ ਦੇ ਨਿਵੇਸ਼ ਦਾ ਬਾਜ਼ਾਰ ਮੁੱਲ 28,115 ਕਰੋੜ ਰੁਪਏ ਸੀ। ਇਸ 'ਚ 12.55 ਫ਼ੀਸਦੀ ਦਾ ਰਿਟਰਨ ਮਿਲਿਆ। ਉਨ੍ਹਾਂ ਕਿਹਾ, ''ਅਸੀਂ 2017-18 'ਚ 23,000 ਕਰੋੜ ਰੁਪਏ ਨਿਵੇਸ਼ ਕਰਨ ਜਾ ਰਹੇ ਹਾਂ। ਇਹ ਈ. ਪੀ. ਐੱਫ. ਓ. ਦੇ ਨਿਵੇਸ਼ ਯੋਗ ਰਾਸ਼ੀ ਦਾ ਕਰੀਬ 15 ਫ਼ੀਸਦੀ ਹੈ।''


Related News