USA ਦੀ ਇਲੈਕਟ੍ਰਿਕ ਕਾਰ ਦਿੱਗਜ ਕੰਪਨੀ ਟੈਸਲਾ ਬੇਂਗਲੁਰੂ ''ਚ ਲਾਵੇਗੀ ਫੈਕਟਰੀ
Sunday, Feb 14, 2021 - 03:49 PM (IST)
ਨਵੀਂ ਦਿੱਲੀ- ਇਲੈਕਟ੍ਰਿਕ ਕਾਰ ਬਣਾਉਣ ਵਾਲੀ ਅਮਰੀਕੀ ਕੰਪਨੀ ਟੈਸਲਾ ਭਾਰਤ ਵਿਚ ਨਿਰਮਾਣ ਜਲਦ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ। ਇਸ ਦੀ ਸ਼ੁਰੂਆਤ ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਤੋਂ ਹੋਵੇਗੀ। ਕੰਪਨੀ ਇੱਥੇ ਨਿਰਮਾਣ ਪਲਾਂਟ ਸਥਾਪਤ ਕਰੇਗੀ। ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੇ ਕੇਂਦਰੀ ਬਜਟ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦੇ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਪਿਛਲੇ ਮਹੀਨੇ ਐਲਨ ਮਸਕ ਦੀ ਕੰਪਨੀ ਨੇ ਟੈਸਲਾ ਇੰਡੀਆ ਐਂਡ ਐਨਰਜ਼ੀ ਪ੍ਰਾਈਵੇਟ ਲਿਮਟਿਡ ਨਾਂ ਨਾਲ ਬੇਂਗਲੁਰੂ ਵਿਚ ਕੰਪਨੀ ਦਾ ਰਜਿਸਟਰੇਸ਼ਨ ਕਰਾਇਆ ਸੀ। ਕੈਲੀਫੋਰਨੀਆ ਦੀ ਇਸ ਦਿੱਗਜ ਕੰਪਨੀ ਨੂੰ ਸਾਫਟਵੇਅਰ ਵਿਸ਼ੇਸ਼ਤਾਵਾਂ ਕਾਰਨ ਕਾਰ ਨਿਰਮਾਤਾ ਦੇ ਨਾਲ-ਨਾਲ ਇਕ ਤਕਨਾਲੋਜੀ ਕੰਪਨੀ ਵਜੋਂ ਵੀ ਜਾਣਿਆ ਜਾਂਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਭਾਰਤ ਵਿਚ ਮਾਡਲ 3 ਨਾਲ ਕੰਮ ਸ਼ੁਰੂ ਕਰ ਸਕਦੀ ਹੈ। ਮਾਡਲ-3 ਇਕ ਸੇਡਾਨ ਕਾਰ ਹੈ, ਜੋ ਕਿ 3.1 ਸਕਿੰਟ ਵਿਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ ਅਤੇ ਇਸ ਦੀ ਰੇਂਜ 500 ਕਿਲੋਮੀਟਰ ਤੋਂ ਜ਼ਿਆਦਾ ਹੈ। ਗੌਰਤਲਬ ਹੈ ਕਿ ਟੈਸਲਾ ਦੇ ਭਾਰਤ ਵਿਚ ਆਉਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਨਿਤਿਨ ਗਡਕਰੀ ਨੇ ਪਿਛਲੇ ਸਾਲ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ 2021 ਵਿਚ ਟੈਸਲਾ ਭਾਰਤ ਵਿਚ ਕੰਮ ਸ਼ੁਰੂ ਕਰ ਸਕਦੀ ਹੈ।