ਜਾਂਚ ਏਜੰਸੀ ਦੀ ਛਾਪੇਮਾਰੀ ’ਚ ਹੱਥ ਲੱਗੇ ਕਈ ਅਹਿਮ ਸੁਰਾਗ, M3M ਗਰੁੱਪ 'ਤੇ ED ਕੱਸ ਸਕਦੀ ਹੈ ਸ਼ਿਕੰਜਾ

Wednesday, Jun 07, 2023 - 10:36 AM (IST)

ਨਵੀਂ ਦਿੱਲੀ - ਪਿਛਲੇ ਕੁੱਝ ਮਹੀਨਿਆਂ ਤੋਂ ਆਰਥਿਕ ਅਪਰਾਧ ਦੇ ਦੋਸ਼ਾਂ ਦੇ ਸਾਹਮਣਾ ਕਰ ਰਹੇ M3M ਗਰੁੱਪ ਦੇ ਟਿਕਾਣਿਆਂ ’ਤੇ ਸੋਮਵਾਰ ਨੂੰ ਹੋਈ ਈ. ਡੀ. ਦੀ ਛਾਪੇਮਾਰੀ ਤੋਂ ਬਾਅਦ ਜਾਂਚ ਏਜੰਸੀ ਦੇ ਹੱਥ ਕਈ ਅਹਿਮ ਦਸਤਾਵੇਜ਼ ਲੱਗੇ ਹਨ। ਸੂਤਰਾਂ ਮੁਤਾਬਕ ਇਸ ਛਾਪੇਮਾਰੀ ’ਚ ਹੋਈ ਬਰਾਮਦਗੀ ਨੂੰ ਆਧਾਰ ਬਣਾ ਕੇ ਹੁਣ ਜਾਂਚ ਦੇ ਘੇਰੇ ਨੂੰ ਅੱਗੇ ਵਧਾਇਆ ਜਾਏਗਾ ਅਤੇ ਮਾਮਲੇ ’ਚ ਜਾਂਚ ਏਜੰਸੀ ਦਾ ਸ਼ਿਕੰਜਾ ਹੁਣ M3M ਗਰੁੱਪ ’ਤੇ ਕੱਸਿਆ ਜਾ ਸਕਦਾ ਹੈ। ਦਰਅਸਲ ਈ. ਡੀ. ਨੇ ਪਿਛਲੇ ਸਾਲ ਦਰਜ ਹੋਈ ਮਨੀ ਲਾਂਡਰਿੰਗ ਦੀ ਐੱਫ. ਆਈ. ਆਰ. ’ਚ ਜਾਂਚ ਦੇ ਘੇਰੇ ਨੂੰ ਅੱਗੇ ਵਧਾਉਂਦੇ ਹੋਏ 1 ਜੂਨ ਨੂੰ M3M ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। 

ਇਹ ਵੀ ਪੜ੍ਹੋ : ਦਿੱਲੀ-ਸਾਨ ਫ੍ਰਾਂਸਿਸਕੋ ਏਅਰ ਇੰਡੀਆ ਦੀ ਉਡਾਣ ਦੇ ਇੰਜਣ 'ਚ ਆਈ ਖ਼ਰਾਬੀ, ਰੂਸ 'ਚ ਕੀਤੀ ਐਮਰਜੈਂਸੀ ਲੈਂਡਿੰਗ

ਦੱਸ ਦੇਈਏ ਕਿ ਈ. ਡੀ. ਵਲੋਂ ਜਾਰੀ ਪ੍ਰੈੱਸ ਰਿਲੀਜ਼ ’ਚ ਦੱਸਿਆ ਗਿਆ ਹੈ ਕਿ ਛਾਪੇਮਾਰੀ ਦੌਰਾਨ 60 ਕਰੋੜ ਰੁਪਏ ਦੀਆਂ ਮਹਿੰਗੀਆਂ 17 ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਫਰਾਰੀ, ਲੈਂਬੋਰਗਿਨੀ ਅਤੇ ਬੇਂਟਲੇ ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ। ਛਾਪੇਮਾਰੀ ’ਚ 5.75 ਕਰੋੜ ਰੁਪਏ ਦੀ ਜਿਊਲਰੀ ਅਤੇ 15 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। ਏਜੰਸੀ ਵਲੋਂ ਜਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ ਛਾਪੇਮਾਰੀ ਦੌਰਾਨ M3M ਦੇ ਮਾਲਕ ਅਤੇ ਪ੍ਰਮੋਟਰ ਬਾਸਟਨ ਬੰਸਲ, ਰੂਪ ਕੁਮਾਰ ਬੰਸਲ ਅਤੇ ਪੰਕਜ ਬੰਸਲ ਜਾਣ ਬੁੱਝ ਕੇ ਟੈਕਸ ਏਜੰਸੀ ਦੀ ਇਸ ਕਾਰਵਾਈ ਦੌਰਾਨ ਜਾਂਚ ਤੋਂ ਦੂਰ ਰਹੇ। ਈ. ਡੀ. ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ M3M ਗਰੁੱਪ ਨੇ ਆਈ. ਆਰ. ਈ. ਓ. ਗਰੁੱਪ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ 400 ਕਰੋੜ ਰੁਪਏ ਖੁਰਦ-ਬੁਰਦ ਕਰਨ ਅਤੇ ਹੋਰ ਕੰਮਾਂ ’ਚ ਇਸਤੇਮਾਲ ਕਰਨ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦਾ ਗਾਹਕਾਂ ਨੂੰ ਵੱਡਾ ਤੋਹਫ਼ਾ, ਅਜਿਹੀ ਸਹੂਲਤ ਦੇਣ ਵਾਲਾ ਬਣਿਆ ਦੇਸ਼ ਦਾ ਪਹਿਲਾ ਬੈਂਕ

ਕਾਗਜ਼ੀ ਕੰਪਨੀਆਂ ਰਾਹੀਂ ਇੰਝ ਹੋਇਆ 400 ਕਰੋੜ ਰੁਪਏ ਦਾ ਘਪਲਾ
ਇਸ ਮਾਮਲੇ ’ਚ ਪਹਿਲਾਂ ਆਈ. ਆਰ. ਈ. ਓ. ਗਰੁੱਪ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਜਾਂਚ ਦਾ ਘੇਰਾ ਵਧਣ ਦੇ ਨਾਲ M3M ਗਰੁੱਪ ਦੀ ਵੀ ਭੂਮਿਕਾ ਇਸ ’ਚ ਸਾਹਮਣੇ ਆ ਰਹੀ ਹੈ। ਜਾਂਚ ਏਜੰਸੀ ਵਲੋਂ ਜਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ M3M ਨੇ ਕਈ ਕਾਗਜ਼ੀ ਕੰਪਨੀਆਂ ਰਾਹੀਂ ਆਈ. ਆਰ. ਈ. ਓ. ਗਰੁੱਪ ਤੋਂ ਕਰੀਬ 400 ਕਰੋੜ ਰੁਪਏ ਲਏ ਹਨ। ਆਈ. ਆਰ. ਈ. ਓ. ਗਰੁੱਪ ਦੇ ਵਹੀ ਖਾਤੇ ’ਚ ਇਹ ਪੇਮੈਂਟ ਡਿਵੈੱਲਪਮੈਂਟ ਰਾਈਟਸ ਦੇ ਪੇਮੈਂਟ ਦੇ ਤੌਰ ’ਤੇ ਦਿਖਾਈ ਗਈ ਹੈ, ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ M3M ਗਰੁੱਪ ਕੋਲ ਜੋ ਜ਼ਮੀਨ ਸੀ, ਇਸ ਦੀ ਕੀਮਤ ਚਾਰ ਕਰੋੜ ਰੁਪਏ ਸੀ, ਜਦ ਕਿ ਕੰਪਨੀ ਨੇ ਇਸ ਦੇ ਡਿਵੈੱਲਪਮੈਂਟ ਰਾਈਟਸ ਨੂੰ 5 ਕਾਗਜ਼ੀ ਕੰਪਨੀਆਂ ਨੂੰ 10 ਕਰੋੜ ਰੁਪਏ ’ਚ ਵੇਚ ਦਿੱਤਾ। ਕੰਪਨੀ ਨੇ ਦਾਅਵਾ ਕੀਤੀ ਸੀ ਕਿ ਇਨ੍ਹਾਂ ਪੰਜਾਂ ਕੰਪਨੀਆਂ ਦਾ ਆਪਸ ’ਚ ਕੋਈ ਲੈਣ-ਦੇਣ ਨਹੀਂ ਹੈ, ਜਦਕਿ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਇਹ ਸਭ ਕਾਗਜ਼ੀ ਕੰਪਨੀਆਂ M3M ਗਰੁੱਪ ਵਲੋਂ ਚਲਾਈਆਂ ਜਾ ਰਹੀਆਂ ਸਨ। 

ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ

ਇਨ੍ਹਾਂ ਕਾਗਜ਼ੀ ਕੰਪਨੀਆਂ ਨੇ ਜ਼ਮੀਨ ਦੇ ਡਿਵੈੱਲਪਮੈਂਟ ਰਾਈਟਸ ਆਈ. ਆਰ. ਈ. ਗਰੁੱਪ ਨੂੰ 400 ਕਰੋੜ ਰੁਪਏ ’ਚ ਵੇਚ ਦਿੱਤੇ। ਆਈ. ਆਰ. ਈ. ਓ. ਗਰੁੱਪ ਤੋਂ 400 ਕਰੋੜ ਰੁਪਏ ਦੀ ਪੇਮੈਂਟ ਮਿਲਣ ਤੋਂ ਬਾਅਦ ਇਨ੍ਹਾਂ ਕਾਗਜ਼ੀ ਕੰਪਨੀਆਂ ਨੇ ਇਹ ਰਕਮ M3M ਗਰੁੱਪ ਨੂੰ ਟ੍ਰਾਂਸਫਰ ਕਰ ਦਿੱਤੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਕਾਗਜ਼ੀ ਕੰਪਨੀਆਂ ਦਾ ਮਾਲਕਾਨਾ ਹੱਕ ਵੀ M3M ਦੇ ਮਾਲਕ ਅਤੇ ਪ੍ਰਮੋਟਰ ਬਾਸਟਨ ਬੰਸਲ, ਰੂਪ ਕੁਮਾਰ ਬੰਸਲ ਅਤੇ ਪੰਕਜ ਬੰਸਲ ਅਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਕੋਲ ਹੈ। ਇਹ ਪੂਰਾ ਪੈਸਾ ਆਈ. ਆਰ. ਈ. ਓ. ਗਰੁੱਪ ਦੇ ਨਿਵੇਸ਼ਕਾਂ ਦਾ ਪੈਸਾ ਸੀ, ਜਿਸ ਨੂੰ M3M ਗਰੁੱਪ ਨੇ ਕੰਪਨੀ ਦੇ ਕਰਜ਼ੇ ਦੀ ਅਦਾਇਗੀ ਅਤੇ ਹੋਰ ਖ਼ਰਚਿਆਂ ’ਚ ਕਰ ਦਿੱਤਾ, ਜਦਕਿ ਦੂਜੇ ਪਾਸੇ ਆਈ. ਆਰ. ਈ. ਓ. ਗਰੁੱਪ ਨੇ ਜ਼ਮੀਨ ਨੂੰ ਡਿਵੈੱਲਪ ਕਰਨ ’ਚ ਕੋਈ ਰੁਚੀ ਨਹੀਂ ਦਿਖਾਈ ਅਤੇ ਇਹ ਰਕਮ ਰਾਈਟ ਆਫ ਕਰ ਦਿੱਤੀ।

ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ

ਪਿਛਲੇ ਸਾਲ ਦਿੱਲੀ ਪੁਲਸ ਨੇ ਵੀ ਦਰਜ ਕਰਵਾਈ ਸੀ ਐੱਫ. ਆਈ. ਆਰ.
M3M ਗਰੁੱਪ ’ਤੇ ਪਹਿਲੀ ਵਾਰ ਵਿੱਤੀ ਗੜਬੜੀ ਦੇ ਦੋਸ਼ ਨਹੀਂ ਲੱਗੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਮਾਰਚ ’ਚ ਐੱਮ. ਜੀ. ਐੱਫ. ਡਿਵੈੱਲਪਮੈਂਟ ਲਿਮਟਿਡ ਨੇ M3M ਗਰੁੱਪ ’ਤੇ 450 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਲਾਏ ਸਨ। ਦਿੱਲੀ ਪੁਲਸ ਨੇ ਇਸ ਮਾਮਲੇ ’ਚ ਐੱਫ. ਆਈ. ਆਰ. ਵੀ ਦਰਜ ਕੀਤੀ ਸੀ। ਐੱਫ. ਆਈ. ਆਰ. ਵਿਚ ਐੱਮ. ਜੀ. ਐੱਫ. ਡਿਵੈੱਲਪਮੈਂਟ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ M3M ਗਰੁੱਪ ਨੇ ਉਨ੍ਹਾਂ ਨੂੰ ਗੁੜਗਾਓਂ ਵਿਚ 31.06 ਏਕੜ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ ਪਰ ਕੰਪਨੀ ਨੇ ਉਸ ਨੂੰ ਇਸ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ, ਜਿਸ ਨਾਲ ਉਸ ਨੂੰ 450 ਕਰੋੜ ਰੁਪਏ ਦਾ ਨੁਕਸਾਨ ਹੋਇਆ। ਹਾਲਾਂਕਿ ਉਸ ਸਮੇਂ ਵੀ M3M ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸ਼ਿਕਾਇਤਕਰਤਾ ’ਤੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਲਾਏ ਸਨ।

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


rajwinder kaur

Content Editor

Related News