WGC ਨੇ ਕਿਹਾ, ਭਾਰਤ 'ਚ ਇਸ ਸਾਲ ਸੋਨਾ ਖ਼ਰੀਦਣ ਦਾ ਹੋਵੇਗਾ ਮਾਹੌਲ

01/14/2021 10:34:14 PM

ਨਵੀਂ ਦਿੱਲੀ- ਵਰਲਡ ਗੌਲਡ ਕੌਂਸਲ (ਡਬਲਿਊ. ਜੀ. ਸੀ.) ਦੀ ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਉਭਰਨ ਦੇ ਨਾਲ ਹੀ ਭਾਰਤ ਵਿਚ 2021 ਦੌਰਾਨ ਗਾਹਕਾਂ ਦੀ ਧਾਰਨਾ ਵਿਚ ਸੁਧਾਰ ਹੋ ਰਿਹਾ ਹੈ ਅਤੇ ਸੋਨੇ ਦੀ ਮੰਗ ਹਾਂ-ਪੱਖੀ ਦਿਖਾਈ ਦੇ ਰਹੀ ਹੈ।

ਰਿਪੋਰਟ ਮੁਤਾਬਕ, ਨਵੰਬਰ ਵਿਚ ਧਨਤੇਰਸ ਦੇ ਸ਼ੁਰੂਆਤੀ ਅੰਕੜੇ ਦੱਸਦੇ ਹਨ ਕਿ ਗਹਿਣਿਆਂ ਦੀ ਮੰਗ ਔਸਤ ਤੋਂ ਘੱਟ ਸੀ ਪਰ ਇਸ ਵਿਚ ਪਿਛਲੇ ਸਾਲ ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ 2020) ਦੇ ਹੇਠਲੇ ਪੱਧਰ ਦੇ ਮੁਕਾਬਲੇ ਕਾਫ਼ੀ ਸੁਧਾਰ ਹੋਇਆ ਹੈ। 

ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਗਲੋਬਲ ਆਰਥਿਕ ਵਾਧਾ ਕੁਝ ਸਮੇਂ ਲਈ ਆਪਣੀ ਪੂਰੀ ਸਮਰੱਥਾ ਦੇ ਮੁਕਾਬਲੇ ਕਾਫ਼ੀ ਸੁਸਤ ਬਣਿਆ ਰਹੇਗਾ ਪਰ ਪਿਛਲੇ ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਠਹਿਰਾਅ ਦੇ ਮੱਦੇਨਜ਼ਰ ਗਾਹਕਾਂ ਲਈ ਖ਼ਰੀਦ ਦੇ ਮੌਕੇ ਵਧਣਗੇ।

ਭਾਰਤ ਵਿਚ ਵਰਲਡ ਗੌਲਡ ਕੌਂਸਲ ਦੇ ਪ੍ਰਬੰਧਕ ਨਿਰਦੇਸ਼ਕ ਸੇਮਸੁੰਦਰਮ ਪੀ. ਆਰ. ਨੇ ਕਿਹਾ ਕਿ ਸਾਲ 2020 ਵਿਚ ਬਹੁਤ ਅਨਿਸ਼ਚਿਤਤਾ ਰਹੀ। ਇਸ ਮਾਹੌਲ ਵਿਚ ਨਿਵੇਸ਼ਕਾਂ ਲਈ ਸੋਨਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਨਿਵੇਸ਼ਾਂ ਵਿਚੋਂ ਇਕ ਸੀ ਅਤੇ ਅਰਥਵਿਵਸਥਾ ਨੂੰ ਲੈ ਕੇ ਚਿੰਤਾ, ਘੱਟ ਵਿਆਜ ਦਰਾਂ ਅਤੇ ਕੀਮਤਾਂ ਵਿਚ ਤੇਜ਼ੀ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2021 ਆਰਥਿਕ ਸੁਧਾਰ ਦੇ ਨਾਲ ਹੀ ਭਾਰਤ ਵਿਚ ਸੋਨੇ ਦੀ ਕੀਮਤ ਅਤੇ ਮੰਗ ਦੋਹਾਂ ਲਈ ਅਨੁਕੂਲ ਮਾਹੌਲ ਹੋਵੇਗਾ।


Sanjeev

Content Editor

Related News