ਦੀਵਾਲੀ ਦੌਰਾਨ ਨਿਵੇਸ਼ਕਾਂ ਨੇ ਭੁਨਾਈਆਂ ਮਿਊਚੁਅਲ ਫੰਡ ਯੋਜਨਾਵਾਂ, ਖਾਤਿਆਂ ’ਚੋਂ ਕੱਢਵਾਏ 6,578 ਕਰੋੜ ਰੁਪਏ
Friday, Oct 28, 2022 - 01:56 PM (IST)

ਬਿਜਨੈੱਸ ਡੈਸਕ-ਪ੍ਰਚੂਨ ਨਿਵੇਸ਼ਕਾਂ ਨੇ ਤਿਉਹਾਰ ਤੋਂ ਪਹਿਲਾਂ ਦੇ ਖਰਚੇ ਨੂੰ ਪੂਰਾ ਕਰਨ ਲਈ ਆਪਣੀਆਂ ਮਿਊਚੁਅਲ ਫੰਡ ਯੋਜਨਾਵਾਂ ਨੂੰ ਭੁਨਾ ਕੇ ਪੈਸੇ ਦਾ ਇਸਤੇਮਾਲ ਕੀਤਾ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐੱਮਫੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਿਵੇਸ਼ਕਾਂ ਨੇ ਸਤੰਬਰ ’ਚ ਆਪਣੇ ਸਹੀ ਨਿਵੇਸ਼ ਯੋਜਨਾ (ਐੱਸ. ਆਈ. ਪੀ.) ਖਾਤਿਆਂ ’ਚੋਂ 6,578 ਕਰੋੜ ਰੁਪਏ ਕੱਢਵਾਏ, ਜੋ ਪਿਛਲੇ 11 ਮਹੀਨਿਆਂ ’ਚ ਸਭ ਤੋਂ ਉਚ ਪੱਧਰ ’ਤੇ ਨਿਕਾਸੀ ਹੈ।
ਬੀਤੇ ਸਾਲ ਕੱਢ ਲਏ ਸਨ 8,600 ਕਰੋੜ ਰੁਪਏ
ਪਿਛਲੇ ਤਿਉਹਾਰੀ ਸੀਜ਼ਨ ਦੌਰਾਨ ਵੀ ਨਿਕਾਸੀ ਉਚ ਪੱਧਰ ’ਤੇ ਸੀ। ਸਤੰਬਰ 2021 ’ਚ ਨਿਵੇਸ਼ਕਾਂ ਨੇ 8,600 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਸੀ, ਜੋ ਪਿਛਲੇ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ, ਇਸੇ ਦੌਰਾਨ ਐੱਮਫੀ ਨੇ ਪਹਿਲੀ ਵਾਰ ਸ਼ੁਧ ਐੱਸ. ਆਈ. ਪੀ. ਨੰਬਰਾਂ ਦਾ ਖੁਲਾਸਾ ਕਰਨਾ ਸ਼ੁਰੂ ਕੀਤਾ ਸੀ। ਐੱਮਫੀ ਦੀ ਵੈੱਬਸਾਈਟ ’ਤੇ ਉਪਲੱਬਧ ਮਾਸਿਕ ਐੱਸ. ਆਈ. ਪੀ. ਨਿਵੇਸ਼ ਦਾ ਅੰਕੜਾ ਐੱਸ. ਆਈ. ਪੀ. ਜ਼ਰੀਏ ਕੀਤਾ ਗਿਆ ਕੁਲ ਨਿਵੇਸ਼ ਹੈ। ਸ਼ੁਧ ਐੱਸ. ਆਈ. ਪੀ. ਅੰਕੜਾ ਉਸ ਰਿਪੋਰਟ ’ਚ ਸ਼ਾਮਲ ਹੁੰਦਾ ਹੈ, ਜਿਸ ਨੂੰ ਫੰਡ ਹਾਊਸ ਨੂੰ ਵੱਖ ਤੋਂ ਭੇਜਿਆ ਜਾਂਦਾ ਹੈ। ਹਾਲਾਂਕਿ ਐੱਮਫੀ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਤਿ ਉਸ ਨੇ ਕਿਸ ਤਰ੍ਹਾਂ ਸ਼ੁੱਧ ਐੱਸ. ਆਈ. ਪੀ. ਅੰਕੜਾ ਤਿਆਰ ਕੀਤਾ ਹੈ ਪਰ ਫੰਡ ਹਾਊਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਐੱਸ. ਆਈ. ਪੀ. ਖਾਤਿਆਂ ਜ਼ਰੀਏ ਕੁਲ ਨਿਵੇਸ਼ ਅਤੇ ਕੁਲ ਨਿਕਾਸੀ ਦੇ ਵਿਚਕਾਰ ਦਾ ਅੰਤਰ ਹੈ।
ਮਕਾਨ ’ਤੇ ਵੀ ਪੈਸੇ ਦਾ ਕੀਤਾ ਨਿਵੇਸ਼
ਮਿਊਚੁਅਲ ਫੰਡ ਦੇ ਚੋਟੀ ਦੇ ਡਿਸਟ੍ਰੀਬਿਊਟਰਾਂ ਅਨੁਸਾਰ ਤਿਉਹਾਰਾਂ ਤੋਂ ਪਹਿਲਾਂ ਐੱਸ. ਆਈ. ਪੀ. ਖਾਤਿਆਂ ਤੋਂ ਨਿਕਾਸੀ ਵਧ ਜਾਂਦੀ ਹੈ ਕਿਉਂਕਿ ਨਿਵੇਸ਼ਕ ਇਸ ਦੌਰਾਨ ਖਰਚ ਕਰਦੇ ਹਨ। ਉਹ ਮੁੱਖ ਤੌਰ ’ਤੇ 2 ਕਾਰਨਾਂ-ਸ਼ੁਭ ਮਹੂਰਤ ਅਤੇ ਬਿਹਤਰ ਛੋਟ ਨਾਲ ਖਰਚ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਤੰਬਰ ’ਚ ਐੱਸ. ਆਈ. ਪੀ. ਯੋਜਨਾਵਾਂ ਨੂੰ ਭੁਨਾਉਣ ਲਈ ਅਪੀਲ ਦੀ ਗਿਣਤੀ ਵਧ ਗਈ। ਇਕ ਮੀਡੀਆ ਰਿਪੋਰਟ ’ਚ ਪੁਣੇ ਦੇ ਮਿਊਚੁਅਲ ਫੰਡ ਡਿਸਟ੍ਰੀਬਿਊਟਰ ਧਨੰਜਯ ਕਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਹੋਮ ਲੋਨ ਦੇ ਡਾਊਨ ਪੇਮੈਂਟ ਕਾਰਨ ਐੱਸ. ਆਈ. ਪੀ. ਯੋਜਨਾਵਾਂ ਨੂੰ ਭੁਨਾਇਆ ਗਿਆ। ਤਿਉਹਾਰ ਆਉਂਦੇ ਹੀ ਮਕਾਨ ਖਰੀਦਣ ਦੇ ਇੱਛੁਕ ਨਿਵੇਸ਼ਕ ਡਾਊਨ ਪੇਮੈਂਟ ਲਈ ਆਪਣੀ ਬਚਤ ਯੋਜਨਾਵਾਂ ਨੂੰ ਭੁਨਾਉਣ ਲੱਗਦੇ ਹਨ। ਉਨ੍ਹਾਂ ਕਿਹਾ,‘‘ਕੁਝ ਨਿਵੇਸ਼ਕਾਂ ਨੇ ਆਪਣੀਆਂ ਮਿਊਚੁਅਲ ਫੰਡ ਯੋਜਨਾਵਾਂ ਨੂੰ ਮਹਿਜ ਇਸ ਲਈ ਭੁਨਾ ਲਿਆ ਕਿ ਉਹ ਆਈਫੋਨ ਖਰੀਦਣਾ ਚਾਹੁੰਦੇ ਸਨ।’’
ਵਧਦੀ ਮਹਿੰਗਾਈ ਅਤੇ ਖਰਚਿਆਂ ’ਤੇ ਕੀਤਾ ਖਰਚ
ਆਨੰਦ ਦੇ ਐੱਮ. ਐੱਫ. ਡਿਸਟ੍ਰੀਬਿਊਟਰ ਨਿਖਿਲ ਠੱਕਰ ਨੇ ਕਿਹਾ,‘‘ਤਿਉਹਾਰ ਨਿਸ਼ਚਿਤ ਤੌਰ ’ਤੇ ਇਕ ਪ੍ਰਮੁੱਖ ਕਰਾਨ ਸੀ। ਕੁਝ ਨਿਵੇਸ਼ਕ ਅਜਿਹੇ ਵੀ ਸਨ ਜਿਨ੍ਹਾਂ ਨੂੰ ਮਹਿੰਗਾਈ ਕਾਰਨ ਵਧੇ ਹੋਏ ਖਰਚੇ ਪੂਰੇ ਕਰਨ ਲਈ ਆਪਣੀ ਬਚਤ ਨੂੰ ਭੁਨਾਉਣ ਹੇਤੂ ਮਜਬੂਰ ਹੋਣਾ ਪਿਆ। ਵਿਦੇਸ਼ਾਂ ’ਚ ਖਾਸ ਕਰ ਕੇ ਕੈਨੇਡਾ ਦੇ ਕਾਲਜਾਂ ’ਚ ਵਧੀ ਹੋਈ ਫੀਸ ਦੇਣ ਲਈ ਕਾਫੀ ਨਿਵੇਸ਼ਕਾਂ ਨੂੰ ਆਪਣੀ ਮਿਊਚੁਅਲ ਫੰਡ ਬਚਤ ਨੂੰ ਭੁਨਾਉਣਾ ਪਿਆ। ਕਵਾਂਟਮ ਮਿਊਚੁਅਲ ਫੰਡ ਦੇ ਐੱਮ. ਡੀ. ਅਤੇ ਸੀ. ਈ. ਓ. ਜਿੰਮੀ ਪਟੇਲ ਅਨੁਸਾਰ ਐੱਸ. ਆਈ. ਪੀ. ਖਾਤਿਆਂ ਤੋਂ ਨਿਕਾਸੀ ਦਾ ਇਕ ਕਾਰਨ ਬਾਜ਼ਾਰ ’ਚ ਉਤਰਾਅ-ਚੜ੍ਹਾਅ ਵੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਇਕ ਕਾਰਨ ਹੈ। ਦੂਜਾ ਕਾਰਨ ਇਹ ਹੈ ਕਿ ਸ਼ੇਅਰਾਂ ਦੇ ਕਮਜ਼ੋਰ ਪ੍ਰਦਰਸ਼ਨ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਆਪਣੇ ਨਿਵੇਸ਼ ਨੂੰ ਪੁਨਰਗਠਿਤ ਕੀਤਾ। ਅਜਿਹਾ ਵੀ ਹੋ ਸਕਦਾ ਹੈ ਕਿ ਨਿਵੇਸ਼ਕਾਂ ਨੇ ਸਤੰਬਰ ਦੇ ਪਹਿਲੇ 2 ਹਫਤਿਆਂ ਦੌਰਾਨ ਬਾਜ਼ਾਰ ’ਚ ਤੇਜ਼ੀ ਦਾ ਫਾਇਦਾ ਉਠਾਉਣ ਲਈ ਨਿਕਾਸੀ ਕੀਤੀ।