ਅਮਰੀਕੀ ਬਾਜ਼ਾਰਾਂ ''ਚ ਤੇਜ਼ੀ, ਡਾਓ 294 ਅੰਕ ਚੜ੍ਹ ਕੇ ਬੰਦ

Friday, Apr 13, 2018 - 08:03 AM (IST)

ਅਮਰੀਕੀ ਬਾਜ਼ਾਰਾਂ ''ਚ ਤੇਜ਼ੀ, ਡਾਓ 294 ਅੰਕ ਚੜ੍ਹ ਕੇ ਬੰਦ

ਵਾਸ਼ਿੰਗਟਨ— ਵੀਰਵਾਰ ਦੇ ਕਾਰੋਬਾਰੀ ਸਤਰ 'ਚ ਅਮਰੀਕੀ ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਸੀਰੀਆ 'ਤੇ ਅਮਰੀਕੀ ਹਮਲੇ ਦੀ ਚਿੰਤਾ ਘਟਣ ਨਾਲ ਸਟਾਕ ਮਾਰਕੀਟ 'ਚ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਬੈਂਕਾਂ ਦੇ ਵਿੱਤੀ ਨਤੀਜੇ ਜਾਰੀ ਹੋਣ ਤੋਂ ਪਹਿਲਾਂ ਬੈਂਕਿੰਗ ਸ਼ੇਅਰਾਂ 'ਚ ਚੰਗੀ ਮਜ਼ਬੂਤੀ ਦਰਜ ਕੀਤੀ ਗਈ। ਡਾਓ ਜੋਂਸ 293.60 ਅੰਕ ਯਾਨੀ 1.21 ਫੀਸਦੀ ਦੀ ਚੜ੍ਹ ਕੇ 24,483.05 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 71.22 ਅੰਕ ਯਾਨੀ 1.01 ਫੀਸਦੀ ਦੀ ਤੇਜ਼ੀ ਨਾਲ 7,140.25 ਦੇ ਪੱਧਰ 'ਤੇ ਬੰਦ ਹੋਇਆ। ਐੱਸ. ਐਂਡ. ਪੀ.-500 ਇੰਡੈਕਸ 21.80 ਅੰਕ ਯਾਨੀ 0.8 ਫੀਸਦੀ ਮਜ਼ਬੂਤ ਹੋ ਕੇ 2,663.9 ਦੇ ਪੱਧਰ 'ਤੇ ਬੰਦ ਹੋਇਆ। ਡਾਓ ਜੋਂਸ 'ਚ ਇੰਟੈਲ ਨੇ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ। ਐੱਸ. ਐਂਡ. ਪੀ.-500 ਇੰਡੈਕਸ 'ਚ ਫਾਈਨਾਂਸ਼ਲ ਸੈਕਟਰ 'ਚ 1.8 ਫੀਸਦੀ ਦੀ ਤੇਜ਼ੀ ਨਾਲ ਇਸ ਨੂੰ ਮਜ਼ਬੂਤੀ ਮਿਲੀ। ਜੇ. ਪੀ. ਮਾਰਗਨ ਚੇਜ਼, ਸਿਟੀ ਗਰੁੱਪ ਅਤੇ ਗੋਲਡਮੈਨ ਸਾਕਸ ਦੇ ਸਟਾਕਸ 'ਚ 2 ਫੀਸਦੀ ਤੋਂ ਵਧ ਦੀ ਮਜ਼ਬੂਤੀ ਨਾਲ ਬੈਂਕਿੰਗ ਸੈਕਟਰ 'ਚ ਰੌਣਕ ਦਿਸੀ।

ਇਸ ਵਾਰ ਫਾਈਨਾਂਸ਼ਲ ਸੈਕਟਰ ਦੀ ਕਮਾਈ 24 ਫੀਸਦੀ ਤਕ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ, ਜਿਸ ਨਾਲ ਬੈਂਕਿੰਗ ਅਤੇ ਫਾਈਨਾਂਸ਼ਲ ਸੈਕਟਰ 'ਚ ਇਹ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ ਟਰੰਪ ਦੇ ਸੀਰੀਆ ਨੂੰ ਲੈ ਕੇ ਹੋਰ ਟਵੀਟ ਨਾਲ ਬਾਜ਼ਾਰ 'ਚ ਕਾਰੋਬਾਰੀ ਧਾਰਨਾ ਸੁਧਰੀ। ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਸੀਰੀਆ 'ਤੇ ਹਮਲਾ ਕਦੋਂ ਕੀਤਾ ਜਾਵੇਗਾ। ਇਹ ਬਹੁਤ ਜਲਦ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਮੇਰੇ ਸ਼ਾਸਨ ਦੌਰਾਨ ਆਈ. ਐੱਸ. ਆਈ. ਐੱਸ. ਦੇ ਇਲਾਕਿਆਂ ਨੂੰ ਖਤਮ ਕਰਨ ਦਾ ਮਹਾਨ ਕੰਮ ਕੀਤਾ ਹੈ। ਸਾਡਾ 'ਅਮਰੀਕਾ ਨੂੰ ਧੰਨਵਾਦ ਕਿੱਥੇ ਹੈ?' ਟਰੰਪ ਦੇ ਸੀਰੀਆ 'ਤੇ ਮਿਜ਼ਾਇਲ ਹਮਲੇ ਦਾ ਕੋਈ ਜਲਦ ਪਲਾਨ ਨਾ ਹੋਣ ਨਾਲ ਨਿਵੇਸ਼ਕਾਂ ਨੇ ਥੋੜ੍ਹੀ ਰਾਹਤ ਦਾ ਸਾਹ ਲਿਆ ਹੈ ਪਰ ਬਾਜ਼ਾਰ 'ਚ ਅਜੇ ਵੀ ਅਨਿਸ਼ਚਿਤਤਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ।


Related News