ਡਾਓ ਜੋਂਸ 200 ਅੰਕ ਚੜ੍ਹ ਕੇ ਬੰਦ, S&P ਤੇ ਨੈਸਡੈਕ ਵੀ ਗ੍ਰੀਨ
Thursday, Jun 06, 2019 - 08:11 AM (IST)

ਵਾਸ਼ਿੰਗਟਨ— ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦਰਜ ਕੀਤੀ ਗਈ। ਬਾਜ਼ਾਰ ਨੂੰ ਉਮੀਦ ਹੈ ਕਿ ਸੁਸਤ ਰਫਤਾਰ ਨੂੰ ਹੁਲਾਰਾ ਦੇਣ ਲਈ ਫੈਡਰਲ ਰਿਜ਼ਰਵ ਬੈਂਕ ਇਸ ਸਾਲ ਦਰਾਂ 'ਚ ਕਟੌਤੀ ਕਰ ਸਕਦਾ ਹੈ। ਇਸ ਉਮੀਦ ਨਾਲ ਨਿਵੇਸ਼ਕਾਂ ਦਾ ਰੁਖ਼ ਸਕਾਰਾਤਮਕ ਰਿਹਾ। ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਸਭ ਹਰੇ ਨਿਸ਼ਾਨ 'ਚ ਬੰਦ ਹੋਏ।
ਡਾਓ ਜੋਂਸ 207.39 ਅੰਕ ਚੜ੍ਹ ਕੇ 25,539.57 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ। ਉੱਥੇ ਹੀ, ਐੱਸ. ਐਂਡ ਪੀ.-500 ਨੇ ਇਸ ਦੌਰਾਨ 0.8 ਫੀਸਦੀ ਦੀ ਤੇਜ਼ੀ ਦਰਜ ਕਰਕੇ 2,826.15 ਦਾ ਪੱਧਰ ਹਾਸਲ ਕੀਤਾ। ਨੈਸਡੈਕ ਕੰਪੋਜ਼ਿਟ 0.6 ਫੀਸਦੀ ਉਛਲ ਕੇ 7,575.48 ਦੇ ਪੱਧਰ 'ਤੇ ਬੰਦ ਹੋਇਆ।
ਇਸ ਤੋਂ ਪਿਛਲੇ ਦਿਨ ਮੰਗਲਵਾਰ ਡਾਓ ਜੋਂਸ ਨੇ 500 ਅੰਕ ਦੀ ਬੜ੍ਹਤ ਦਰਜ ਕੀਤੀ ਸੀ। ਫੈਡਰਲ ਰਿਜ਼ਰਵ ਦੇ ਮੁਖੀ ਜੇਰੋਮ ਪੋਲ ਨੇ ਸੰਕੇਤ ਦਿੱਤਾ ਹੈ ਕਿ ਇਸ ਸਾਲ ਦਰਾਂ 'ਚ ਕਟੌਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਇਕਨੋਮਿਕ ਹਾਲਾਤ 'ਤੇ ਨਜ਼ਦੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਨੂੰ ਦੇਖਦੇ ਹੋਏ ਸਕਾਰਾਤਮਕ ਕਦਮ ਚੁੱਕਿਆ ਜਾ ਸਕਦਾ ਹੈ। ਇਨ੍ਹਾਂ ਰਿਪੋਰਟਾਂ ਨਾਲ ਤਕਨਾਲੋਜੀ ਤੇ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਸਟਾਕਸ 'ਚ ਮਜਬੂਤੀ ਦੇਖਣ ਨੂੰ ਮਿਲੀ। ਤਕਨਾਲੋਜੀ ਸਟਾਕਸ 1.4 ਫੀਸਦੀ ਤਕ ਮਜਬੂਤ ਹੋਏ।