ਡਾਓ ਜੋਂਸ 249 ਅੰਕ ਡਿੱਗਾ, ਨੈਸਡੈਕ 0.2 ਫੀਸਦੀ ਗਿਰਾਵਟ ''ਤੇ ਬੰਦ

Thursday, Mar 15, 2018 - 08:05 AM (IST)

ਡਾਓ ਜੋਂਸ 249 ਅੰਕ ਡਿੱਗਾ, ਨੈਸਡੈਕ 0.2 ਫੀਸਦੀ ਗਿਰਾਵਟ ''ਤੇ ਬੰਦ

ਵਾਸ਼ਿੰਗਟਨ— ਐੱਸ. ਐਂਡ. ਪੀ.-500 ਅਤੇ ਡਾਓ ਜੋਂਸ ਲਗਾਤਾਰ ਤੀਜੇ ਦਿਨ ਗਿਰਾਵਟ ਨਾਲ ਬੰਦ ਹੋਏ ਹਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਚੀਨ ਅਤੇ ਯੂ. ਐੱਸ. ਵਿਚਕਾਰ ਵਪਾਰ ਜੰਗ ਦੇ ਖਦਸ਼ੇ ਦਾ ਅਸਰ ਦੇਖਣ ਨੂੰ ਮਿਲਿਆ। ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਚੀਨ ਨਾਲ ਅਮਰੀਕਾ ਦੇ ਵਪਾਰ ਘਾਟੇ ਨੂੰ ਟੈਰਿਫ ਜ਼ਰੀਏ 100 ਅਰਬ ਡਾਲਰ ਤਕ ਘੱਟ ਕਰਨ ਦੀ ਕੋਸ਼ਿਸ਼ ਕਰੇਗਾ। ਇਨ੍ਹਾਂ ਖਬਰਾਂ ਬਾਅਦ ਬੋਇੰਗ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ, ਜਿਸ ਕਾਰਨ ਡਾਓ ਜੋਂਸ 248.91 ਅੰਕ ਦੀ ਭਾਰੀ ਗਿਰਾਵਟ ਨਾਲ 24,758.12 'ਤੇ ਬੰਦ ਹੋਇਆ।

ਬੋਇੰਗ 'ਚ 2.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ 'ਚ ਗਿਰਾਵਟ ਇਸ ਲਈ ਆਈ ਕਿਉਂਕਿ ਨਿਵੇਸ਼ਕਾਂ ਨੂੰ ਡਰ ਹੈ ਕਿ ਅਮਰੀਕਾ ਵੱਲੋਂ ਚੀਨੀ ਸਾਮਾਨਾਂ 'ਤੇ ਟੈਰਿਫ ਲਾਉਣ ਨਾਲ ਚੀਨ ਏਅਰੋਸਪੇਸ ਕੰਪਨੀ 'ਤੇ ਜਵਾਬੀ ਟੈਕਸ ਲਾ ਸਕਦਾ ਹੈ, ਜਿਸ ਨਾਲ ਕੰਪਨੀ ਦਾ ਕਾਰੋਬਾਰ 'ਤੇ ਅਸਰ ਪਵੇਗਾ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਵਪਾਰ ਯੁੱਧ ਹੋਣ ਦੀ ਸਥਿਤੀ 'ਚ ਬੋਇੰਗ ਚੀਨ ਦੇ ਪ੍ਰਮੁੱਖ ਨਿਸ਼ਾਨੇ 'ਤੇ ਹੋ ਸਕਦਾ ਹੈ। ਐਪਲ ਦੇ ਸ਼ੇਅਰ 0.9 ਫੀਸਦੀ ਡਿੱਗਣ ਕਾਰਨ ਨੈਸਡੈਕ ਕੰਪੋਜਿਟ 0.2 ਫੀਸਦੀ ਘੱਟ ਕੇ 7,496.81 'ਤੇ ਬੰਦ ਹੋਇਆ। ਉੱਥੇ ਹੀ, ਮੈਟੇਰੀਅਲਸ, ਫਾਈਨਾਂਸ਼ਲ ਅਤੇ ਕੰਜ਼ਿਊਮਰ ਸੰਬੰਧ ਕੰਪਨੀਆਂ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਐੱਸ. ਐਂਡ. ਪੀ.-500 0.6 ਫੀਸਦੀ ਡਿੱਗ ਕੇ 2,749.48 'ਤੇ ਬੰਦ ਹੋਇਆ।


Related News