ਪੰਜਾਬ 'ਚ ਪ੍ਰੀਪੇਡ ਮੀਟਰਾਂ ਨੇ ਖੜ੍ਹਾ ਕੀਤਾ ਵੱਡਾ ਸੰਕਟ, ਕਈ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਦੀ ਬਿਜਲੀ ਹੋਈ ਬੰਦ

Saturday, May 09, 2026 - 11:23 AM (IST)

ਪੰਜਾਬ 'ਚ ਪ੍ਰੀਪੇਡ ਮੀਟਰਾਂ ਨੇ ਖੜ੍ਹਾ ਕੀਤਾ ਵੱਡਾ ਸੰਕਟ, ਕਈ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਦੀ ਬਿਜਲੀ ਹੋਈ ਬੰਦ

ਗੁਰਦਾਸਪੁਰ (ਹਰਮਨ): ਪੰਜਾਬ ਭਰ ’ਚ ਲਗਾਏ ਜਾ ਰਹੇ ਬਿਜਲੀ ਦੇ ਪ੍ਰੀਪੇਡ ਸਮਾਰਟ ਮੀਟਰਾਂ ਦਾ ਵਿਰੋਧ ਹੁਣ ਅਸਲ ਰੂਪ ’ਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ ਸਮੇਤ ਪੰਜਾਬ ਦੇ ਕਈ ਇਲਾਕਿਆਂ ’ਚ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ’ਚ ਲੱਗੇ ਪ੍ਰੀਪੇਡ ਸਮਾਰਟ ਮੀਟਰਾਂ ਦੀ ਸਪਲਾਈ ਅਚਾਨਕ ਬੰਦ ਹੋਣ ਕਾਰਨ ਹੜਕੰਪ ਮਚ ਗਿਆ। ਗਰਮੀ ਦੇ ਮੌਸਮ ’ਚ ਕਈ ਸਕੂਲਾਂ ਦੀ ਬਿਜਲੀ ਗੁੱਲ ਹੋ ਜਾਣ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਅਦ ਸਿੱਖਿਆ ਵਿਭਾਗ ਨੇ ਤੁਰੰਤ ਹਰਕਤ ’ਚ ਆਉਂਦਿਆਂ ਇਸ ਸਬੰਧ ’ਚ ਲੋੜੀਂਦਾ ਬਜਟ ਵੀ ਜਾਰੀ ਕੀਤਾ ਹੈ। ਪਰ ਹਾਲ ਦੀ ਘੜੀ ਇਕ ਵਾਰ ਇਸ ਸਿਸਟਮ ਨੇ ਸਾਰਿਆਂ ਨੂੰ ਭਾਜੜਾਂ ਪਾ ਕੇ ਰੱਖ ਦਿੱਤੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 15,00,00,000 ਕਰੋੜ ਦੀ ਹੈਰੋਇਨ ਸਣੇ ਅਫਰੀਕੀ ਮਹਿਲਾ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਅਦਾਰਿਆਂ ਅਤੇ ਆਮ ਖਪਤਕਾਰਾਂ ਦੇ ਪੁਰਾਣੇ ਮੀਟਰ ਬਦਲ ਕੇ ਸਮਾਰਟ ਮੀਟਰ ਲਗਾਏ ਜਾ ਰਹੇ ਸਨ। ਹਾਲਾਂਕਿ ਕਿਸਾਨ ਜਥੇਬੰਦੀਆਂ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਇਸ ਯੋਜਨਾ ਦਾ ਡਟਵਾਂ ਵਿਰੋਧ ਵੀ ਕੀਤਾ ਗਿਆ ਸੀ ਪਰ ਸਰਕਾਰ ਅਤੇ ਪਾਵਰਕਾਮ ਨੇ ਇਹ ਪ੍ਰਕਿਰਿਆ ਜਾਰੀ ਰੱਖੀ। ਹੁਣ ਜ਼ਿਆਦਾਤਰ ਸਰਕਾਰੀ ਸਕੂਲਾਂ ਅਤੇ ਦਫ਼ਤਰਾਂ ’ਚ ਇਹ ਮੀਟਰ ਲੱਗ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਸਿਸਟਮ ਨਾਲ ਜੋੜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪਿਆਕੜਾਂ ਲਈ ਵੱਡੀ ਖ਼ਬਰ, ਪੰਜਾਬ ਦੇ ਇਸ ਜ਼ਿਲ੍ਹੇ 'ਚ ਟੁੱਟੇ ਸ਼ਰਾਬ ਦੇ ਰੇਟ, ਠੇਕਿਆਂ 'ਤੇ ਲੱਗੀ ਨਵੀਂ ਲਿਸਟ

ਪਤਾ ਲੱਗਾ ਹੈ ਕਿ ਪਾਵਰਕਾਮ ਵੱਲੋਂ ਚੁੱਪ-ਚਾਪ ਇਹ ਮੀਟਰ ਪੋਸਟਪੇਡ ਤੋਂ ਪ੍ਰੀਪੇਡ ਪ੍ਰਣਾਲੀ ’ਚ ਤਬਦੀਲ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਵੱਖ-ਵੱਖ ਸਕੂਲ ਮੁਖੀਆਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੋਬਾਈਲ ਫੋਨਾਂ ’ਤੇ ਲਗਾਤਾਰ ਮੈਸੇਜ ਆ ਰਹੇ ਸਨ ਕਿ ਉਹ ਤੁਰੰਤ ਆਪਣੇ ਮੀਟਰਾਂ ਦੀ ਅਗਾਊਂ ਅਦਾਇਗੀ ਕਰਨ ਨਹੀਂ ਤਾਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਕਈ ਸਕੂਲ ਮੁਖੀਆਂ ਨੇ ਪਹਿਲਾਂ ਇਹ ਮੈਸੇਜ ਆਮ ਨੋਟੀਫਿਕੇਸ਼ਨ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤੇ, ਪਰ ਜਦੋਂ ਅਚਾਨਕ ਬਿਜਲੀ ਸਪਲਾਈ ਬੰਦ ਹੋਈ ਤਾਂ ਮਾਮਲਾ ਗੰਭੀਰ ਬਣ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਸਮੇਤ ਇਨ੍ਹਾਂ ਇਲਾਕਿਆਂ 'ਚ ਲੱਗੀਆਂ ਪਾਬੰਦੀਆਂ

ਗੁਰਦਾਸਪੁਰ ਸ਼ਹਿਰ ਦੇ ਕਈ ਸਰਕਾਰੀ ਸਕੂਲਾਂ ’ਚ ਬਿਜਲੀ ਸਪਲਾਈ ਬੰਦ ਰਹੀ। ਪਹਿਲਾਂ ਅਧਿਆਪਕਾਂ ਨੇ ਮੀਟਰ ਖ਼ਰਾਬੀ ਸਮਝ ਕੇ ਇਲੈਕਟ੍ਰੀਸ਼ਨ ਬੁਲਾਏ, ਪਰ ਜਾਂਚ ਦੌਰਾਨ ਮੀਟਰ ਠੀਕ ਪਾਏ ਗਏ। ਬਾਅਦ ’ਚ ਪਾਵਰਕਾਮ ਤੋਂ ਪਤਾ ਲੱਗਾ ਕਿ ਮੀਟਰਾਂ ਦੀ ਪ੍ਰੀਪੇਡ ਰਕਮ ਖ਼ਤਮ ਹੋਣ ਕਾਰਨ ਸਪਲਾਈ ਆਟੋਮੈਟਿਕ ਤੌਰ ’ਤੇ ਬੰਦ ਹੋ ਗਈ ਹੈ। ਸਭ ਤੋਂ ਵੱਡੀ ਸਮੱਸਿਆ ਇਹ ਬਣ ਗਈ ਹੈ ਕਿ ਸਰਕਾਰੀ ਵਿਭਾਗਾਂ ਕੋਲ ਅਗਾਊਂ ਭੁਗਤਾਨ ਕਰਨ ਲਈ ਕੋਈ ਸਪੱਸ਼ਟ ਪ੍ਰਣਾਲੀ ਮੌਜੂਦ ਨਹੀਂ ਹੈ। ਆਮ ਤੌਰ ’ਤੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ’ਚ ਬਿੱਲ ਆਉਣ ਤੋਂ ਬਾਅਦ ਹੀ ਉਸਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਹੁਣ ਪ੍ਰੀਪੇਡ ਪ੍ਰਣਾਲੀ ਲਾਗੂ ਹੋਣ ਨਾਲ ਕਲਰਕਾਂ ਅਤੇ ਅਕਾਊਂਟ ਸ਼ਾਖਾਵਾਂ ’ਚ ਭਾਰੀ ਉਲਝਣ ਪੈਦਾ ਹੋ ਗਈ ਹੈ ਕਿ ਬਿਨਾਂ ਬਿੱਲ ਦੇ ਕਿਸ ਖਾਤੇ ਰਾਹੀਂ ਅਗਾਊਂ ਰਕਮ ਜਮ੍ਹਾਂ ਕਰਵਾਈ ਜਾਵੇ। ਇਸ ਕਾਰਨ ਨਾ ਸਿਰਫ਼ ਅਧਿਆਪਕ ਅਤੇ ਸਕੂਲ ਮੁਖੀ ਖੱਜਲ-ਖੁਆਰ ਹੋ ਰਹੇ ਹਨ, ਸਗੋਂ ਸਰਕਾਰੀ ਦਫ਼ਤਰਾਂ ’ਚ ਵੀ ਹੜਬੜਾਹਟ ਦਾ ਮਾਹੌਲ ਬਣਿਆ ਹੋਇਆ ਹੈ। ਗਰਮੀ ਦੇ ਦਿਨਾਂ ’ਚ ਬਿਜਲੀ ਬੰਦ ਹੋਣ ਕਾਰਨ ਕਈ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਵੀ ਪ੍ਰਭਾਵਿਤ ਹੋਇਆ।

ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ?

ਇਸ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਸਕੂਲ ’ਚ ਵਿਦਿਆਰਥੀਆਂ ਜਾਂ ਅਧਿਆਪਕਾਂ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ ’ਚ ਆਇਆ ਸੀ ਅਤੇ ਇਸ ਦਾ ਤੁਰੰਤ ਸਥਾਈ ਹੱਲ ਕਰਨ ਲਈ ਸਾਰੇ ਸਕੂਲਾਂ ਤੋਂ ਜਾਣਕਾਰੀ ਇਕੱਤਰ ਕਰ ਕੇ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਨੂੰ ਲੋੜੀਂਦਾ ਬਜਟ ਅਲਾਟ ਹੋ ਗਿਆ ਹੈ, ਜੋ ਇਕ ਦਿਨ ’ਚ ਹੀ ਸਾਰੇ ਬਲਾਕਾਂ ਨੂੰ ਵੰਡ ਦਿੱਤਾ ਜਾਵੇਗਾ। ਤਾਂ ਜੋ ਸਬੰਧਤ ਬਲਾਕ ਆਪਣੇ ਅਧੀਨ ਆਉਣ ਵਾਲੇ ਵੱਖ-ਵੱਖ ਸਕੂਲਾਂ ’ਚ ਬਿਜਲੀ ਦੇ ਬਿਲ ਸਮੇਂ ਸਿਰ ਜਮਾ ਕਰਵਾ ਕੇ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾ ਸਕਣ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਕੂਲ ਦੇ ਕਿਸੇ ਅਧਿਆਪਕ ਜਾਂ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦੇਣਗੇ ਸਾਰਾ ਸਿਸਟਮ ਆਮ ਵਾਂਗ ਜਾਰੀ ਰਹੇਗਾ।

ਪਾਵਰਕਾਮ ਅਧਿਕਾਰੀਆਂ ਦਾ ਪੱਖ

ਗੁਰਦਾਸਪੁਰ ਦੇ ਐਕਸੀਅਨ ਕੁਲਦੀਪ ਸਿੰਘ ਅਤੇ ਸ਼ਹਿਰੀ ਸਬ-ਡਵੀਜ਼ਨ ਦੇ ਐੱਸ. ਡੀ. ਓ. ਭੁਪਿੰਦਰ ਸਿੰਘ ਕਲੇਰ ਨੇ ਕਿਹਾ ਕਿ ਇਹ ਪੂਰਾ ਸਿਸਟਮ ਆਟੋਮੈਟਿਕ ਹੈ ਅਤੇ ਕਿਸੇ ਵੀ ਮੀਟਰ ਦੀ ਸਪਲਾਈ ਨਿੱਜੀ ਤੌਰ ’ਤੇ ਬੰਦ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਿਲਿੰਗ ਸਾਈਕਲ ਮੁਤਾਬਕ ਜਦੋਂ ਪ੍ਰੀਪੇਡ ਰਕਮ ਖ਼ਤਮ ਹੁੰਦੀ ਹੈ ਤਾਂ ਸਪਲਾਈ ਆਪਣੇ ਆਪ ਬੰਦ ਹੋ ਜਾਂਦੀ ਹੈ ਅਤੇ ਰਕਮ ਜਮ੍ਹਾਂ ਹੋਣ ’ਤੇ ਮੁੜ ਚਾਲੂ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਕਰੀਬਨ ਸਾਰੇ ਸਰਕਾਰੀ ਅਦਾਰਿਆਂ ’ਚ ਇਹ ਸਮਾਰਟ ਮੀਟਰ ਲਗਾਏ ਜਾ ਚੁੱਕੇ ਹਨ ਅਤੇ ਉਦੇਸ਼ ਖਪਤਕਾਰਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News