ਹੁਣ ਪੈਨਸ਼ਨਰ ਡਾਕੀਏ ਰਾਹੀਂ ਵੀ ਜਮ੍ਹਾ ਕਰਾ ਸਕਣਗੇ ਲਾਈਫ਼ ਸਰਟੀਫਿਕੇਟ

11/12/2020 9:02:35 PM

ਨਵੀਂ ਦਿੱਲੀ— ਸਰਕਾਰ ਨੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਪੈਨਸ਼ਨਰ ਲਾਈਫ਼ ਸਰਟੀਫਿਕੇਟ ਘਰ ਬੈਠੇ ਹੀ ਆਰਾਮ ਨਾਲ ਜਮ੍ਹਾ ਕਰਾ ਸਕਣਗੇ। ਸਰਕਾਰ ਨੇ ਵੀਰਵਾਰ ਨੂੰ ਡਾਕੀਏ ਜ਼ਰੀਏ ਡਿਜੀਟਲ ਲਾਈਫ਼ ਸਰਟੀਫਿਕੇਟ (ਡੀ. ਐੱਲ. ਸੀ.) ਜਮ੍ਹਾ ਕਰਵਾਉਣ ਲਈ 'ਦਰਵਾਜ਼ੇ 'ਤੇ ਸੇਵਾ' ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਾਲ ਕੇਂਦਰ ਸਰਕਾਰ ਦੇ ਲੱਖ਼ਾਂ ਪੈਨਸ਼ਨਰਾਂ ਨੂੰ ਵੱਡੀ ਰਾਹਤ ਪਹੁੰਚੇਗੀ।


ਡਾਕ ਵਿਭਾਗ ਦੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.) ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਲਈ ਇਸ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਹਾ ਕਿ ਇਸ ਸੇਵਾ ਲਈ ਚਾਰਜ ਲੱਗੇਗਾ ਅਤੇ ਇਹ ਦੇਸ਼ ਭਰ 'ਚ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਰਾਂ ਲਈ ਉਪਲਬਧ ਹੋਵੇਗੀ, ਭਾਵੇਂ ਹੀ ਉਨ੍ਹਾਂ ਦੇ ਪੈਨਸ਼ਨ ਖਾਤੇ ਵੱਖ-ਵੱਖ ਬੈਂਕਾਂ 'ਚ ਹੋਣ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਨਵੰਬਰ 2014 'ਚ ਆਨਲਾਈਨ ਜ਼ਰੀਏ ਜੀਵਨ ਪ੍ਰਮਾਣ ਪੱਤਰ ਪ੍ਰਸਤੁਤ ਕਰਨ ਲਈ ਸਹੂਲਤ ਸ਼ੁਰੂ ਕੀਤੀ ਸੀ। 'ਦਰਵਾਜ਼ੇ 'ਤੇ ਸੇਵਾਵਾਂ' (ਡੋਰ ਸਟੈੱਪ ਸਰਵਿਸਿਜ਼) ਦੇਣ ਲਈ ਸਮਾਰਟ ਫੋਨ ਤੇ ਬਾਇਓਮੈਟ੍ਰਿਕ ਡਿਵਾਇਸਾਂ ਨਾਲ ਆਈ. ਪੀ. ਪੀ. ਬੀ. ਦੇ 1,89,000 ਤੋਂ ਵੱਧ ਡਾਕੀਏ ਤੇ ਗ੍ਰਾਮੀਣ ਡਾਕ ਸੇਵਕ ਹਨ। ਨਤੀਜੇ ਵਜੋਂ ਦੇਸ਼ ਭਰ 'ਚ ਵੱਡੀ ਗਿਣਤੀ 'ਚ ਪੈਨਸ਼ਨਰ ਬਿਨਾਂ ਕਿਸੇ ਬੈਂਕ ਦੀ ਸ਼ਾਖਾ ਦਾ ਦੌਰਾ ਕੀਤੇ ਜਾਂ ਬੈਂਕ ਸ਼ਾਖਾਵਾਂ ਦੇ ਬਾਹਰ ਕਤਾਰ 'ਚ ਖੜੇ ਹੋਏ ਡਾਕੀਏ ਜਾਂ ਗ੍ਰਾਮੀਣ ਡਾਕ ਸੇਵਕ ਤੋਂ ਡੋਰ ਸਟੈੱਪ ਸਰਵਿਸ ਦਾ ਲਾਭ ਲੈ ਸਕਣਗੇ।


Sanjeev

Content Editor

Related News