ਲੋਕ ਕੋਵਿਡ ਕਾਰਨ ਘਰੇਲੂ ਹਵਾਈ ਸਫਰ ਤੋਂ ਵੀ ਹੱਟਣ ਲੱਗੇ ਪਿਛਾਂਹ : ਇਕਰਾ
Wednesday, May 05, 2021 - 05:20 PM (IST)
ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਭਾਵ ਅਪ੍ਰੈਲ ਵਿਚ ਘਰੇਲੂ ਹਵਾਈ ਯਾਤਰੀਆਂ ਦੀ ਸੰਖਿਆ ਵਿਚ ਜ਼ਾਹਰ ਹੋਇਆ ਹੈ ਅਤੇ ਇਸ ਵਿਚ ਮਾਰਚ ਦੇ ਮੁਕਾਬਲੇ ਤਕਰੀਬਨ 29 ਫ਼ੀਸਦੀ ਦੀ ਗਿਰਾਵਟ ਆਈ ਹੈ। ਨਿਵੇਸ਼ ਸੂਚਨਾ ਅਤੇ ਸਾਖ ਨਿਰਧਾਰਕ ਏਜੰਸੀ ਇਕਰਾ ਨੇ ਅੱਜ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਅਪ੍ਰੈਲ ਵਿਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 55 ਲੱਖ ਤੋਂ 56 ਲੱਖ ਵਿਚਕਾਰ ਰਹੀ। ਇਹ ਮਾਰਚ ਦੇ 78.2 ਲੱਖ ਦੇ ਮੁਕਾਬਲੇ 29 ਫ਼ੀਸਦੀ ਘੱਟ ਹੈ, ਨਾਲ ਹੀ ਅਕਤੂਬਰ 2020 ਦੇ ਪੱਧਰ ਤੋਂ ਘੱਟ ਹੈ।
ਹਾਲਾਂਕਿ, ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਅਪ੍ਰੈਲ ਦੇ ਅਧਿਕਾਰਤ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ। ਪਿਛਲੇ ਸਾਲ ਦੋ ਮਹੀਨਿਆਂ ਲਈ ਯਾਤਰੀ ਉਡਾਣਾਂ 'ਤੇ ਪੂਰਨ ਪਾਬੰਦੀ ਤੋਂ ਬਾਅਦ ਘਰੇਲੂ ਰੂਟਾਂ 'ਤੇ ਉਡਾਣਾਂ 25 ਮਈ ਤੋਂ ਬਹਾਲ ਕਰ ਦਿੱਤੀਆਂ ਗਈਆਂ ਸਨ। ਡੀ. ਜੀ. ਸੀ. ਏ. ਦੇ ਅੰਕੜਿਆਂ ਅਨੁਸਾਰ, ਹਵਾਈ ਯਾਤਰੀਆਂ ਦੀ ਗਿਣਤੀ ਮਈ 2020 ਤੋਂ ਫਰਵਰੀ 2021 ਤੱਕ ਲਗਾਤਾਰ ਵਧਦੀ ਰਹੀ ਪਰ ਮਾਰਚ 2021 ਵਿਚ ਇਸ ਵਿਚ ਥੋੜ੍ਹੀ ਗਿਰਾਵਟ ਆਈ ਸੀ।
ਇਕਰਾ ਨੇ ਕਿਹਾ ਕਿ ਅਪ੍ਰੈਲ ਵਿਚ ਸੀਟਾਂ ਦੀ ਉਪਲਬਧਤਾ ਵੀ ਮਾਰਚ ਦੇ ਮੁਕਾਬਲੇ ਲਗਭਗ 15 ਫ਼ੀਸਦੀ ਘੱਟ ਰਹੀ। ਕੁੱਲ 71,300 ਉਡਾਣਾਂ ਮਾਰਚ ਵਿੱਚ ਰਵਾਨਾ ਹੋਈਆਂ, ਜਦੋਂ ਕਿ ਅਪ੍ਰੈਲ ਵਿਚ ਇਹ ਗਿਣਤੀ ਘੱਟ ਕੇ 60,300 ਹੋ ਗਈ। ਇਹ ਦਰਸਾਉਂਦਾ ਹੈ ਕਿ ਕੋਵਿਡ-19 ਦੇ ਕਾਰਨ ਲੋਕ ਹਵਾਈ ਯਾਤਰਾ ਤੋਂ ਪਰਹੇਜ਼ ਕਰ ਰਹੇ ਹਨ। ਇਕਰਾ ਦਾ ਉਪ ਚੇਅਰਮੈਨ ਕਿੰਜਲ ਸਾਹ ਨੇ ਦੱਸਿਆ ਕਿ ਮਾਰਚ ਅਤੇ ਫਰਵਰੀ ਵਿਚ ਔਸਤ 2,300 ਉਡਾਣਾਂ ਰੋਜ਼ਾਨਾ ਰਵਾਨਾ ਹੋਈਆਂ। ਅਪ੍ਰੈਲ ਵਿਚ ਇਹ ਗਿਣਤੀ ਦੋ ਹਜ਼ਾਰ ਰਹੀ।