ਦੀਵਾਲੀ ''ਤੇ RBI ਨੇ ਬਾਜ਼ਾਰ ''ਚ ਉਤਾਰੇ 1700 ਕਰੋੜ ਦੇ ਨਵੇਂ ਨੋਟ

10/29/2019 12:51:35 PM

ਕਾਨਪੁਰ—ਦੀਵਾਲੀ 'ਤੇ ਰਿਜ਼ਰਵ ਬੈਂਕ ਨੇ 1700 ਕਰੋੜ ਰੁਪਏ ਦੇ ਨਵੇਂ ਨੋਟ ਬਾਜ਼ਾਰ 'ਚ ਉਤਾਰੇ ਹਨ। ਸਭ ਤੋਂ ਜ਼ਿਆਦਾ ਮੰਗ 10,20 ਅਤੇ 50 ਦੇ ਨੋਟਾਂ ਦੀ ਹੈ। 100 ਅਤੇ 500 ਦੇ ਨੋਟਾਂ ਦੀ ਖੇਪ ਸਭ ਤੋਂ ਜ਼ਿਆਦਾ ਉਤਾਰੀ ਗਈ ਹੈ। ਹਾਲਾਂਕਿ ਬੈਂਕਾਂ ਨੇ ਨਵੀਂ ਕਰੰਸੀ ਦਾ ਇਕ ਵੱਡਾ ਹਿੱਸਾ ਆਪਣੇ ਖਾਸ ਗਾਹਕਾਂ ਨੂੰ ਵੰਡ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਵੱਡੇ ਨੋਟਾਂ ਦੇ ਉਲਟ ਛੋਟੇ ਨੋਟਾਂ ਦੀ ਮੰਗ ਜ਼ਿਆਦਾ ਹੈ। ਸ਼ਹਿਰ 'ਚ 600 ਤੋਂ ਜ਼ਿਆਦਾ ਬ੍ਰਾਂਚਾਂ 'ਚ ਨਵੇਂ ਨੋਟਾਂ ਦੀ ਮਾਰਾਮਾਰੀ ਰਹੀ।
ਲਕਸ਼ਮੀ ਪੂਜਨ ਦੇ ਲਈ ਇਸ ਵਾਰ ਬੈਂਕਾਂ 'ਚ 20 ਦੇ ਨੋਟ ਦੀ ਡਿਮਾਂਡ ਜ਼ਿਆਦਾ ਹੈ। ਕਾਰਨ ਇਸ ਦਾ ਨਵਾਂ ਹੋਣਾ ਹੈ। 2018 ਦੀ ਦੀਵਾਲੀ ਦੀ ਗੱਲ ਕਰੀਏ ਤਾਂ ਪੂਜਨ 'ਚ ਰੱਖਣ ਲਈ 10 ਰੁਪਏ ਦੇ ਨਵੇਂ ਨੋਟ ਦੀ ਡਿਮਾਂਡ ਜ਼ਿਆਦਾ ਸੀ। ਆਮ ਲੋਕਾਂ ਨੂੰ ਨਵੀਂ ਕਰੰਸੀ ਦੇ ਦਰਸ਼ਨ ਘੱਟ ਹੀ ਨਸੀਬ ਹੋਏ। ਜ਼ਿਆਦਾਤਰ ਬੈਂਕਾਂ ਨੇ ਵੱਡੇ ਗਾਹਕਾਂ ਦੇ ਵਿਚਕਾਰ ਨਵੇਂ ਨੋਟਾਂ ਦੀਆਂ ਗੱਡੀਆਂ ਪਹੁੰਚਾਈਆਂ। ਏ.ਟੀ.ਐੱਮ. ਤੋਂ ਵੀ ਨਵੇਂ ਨੋਟ ਬਹੁਤ ਘੱਟ ਨਿਕਲੇ।
ਦਸੰਬਰ ਤੱਕ ਵਾਰਨਿਸ਼ ਵਾਲੇ ਨੋਟ ਵੀ ਹੋਣਗੇ ਤੁਹਾਡੇ ਹੱਥ 'ਚ
ਬਾਜ਼ਾਰ 'ਚ ਦਸੰਬਰ ਤੱਕ ਵਾਰਨਿਸ਼ ਵਾਲਾ ਨੋਟ ਆ ਜਾਵੇਗਾ। ਆਰ.ਬੀ.ਆਈ. ਸਭ ਤੋਂ ਪਹਿਲਾਂ 100 ਦਾ ਨੋਟ ਜਾਰੀ ਕਰੇਗਾ। ਇਹ ਮੌਜੂਦਾ ਨੋਟ ਦੇ ਮੁਕਾਬਲੇ ਦੁੱਗਣਾ ਟਿਕਾਓ ਹੋਵੇਗਾ। ਅਜੇ 100 ਦਾ ਨੋਟ ਔਸਤਨ ਕਰੀਬ 3 ਤੋਂ 4 ਸਾਲ ਚੱਲਦਾ ਹੈ ਪਰ ਵਾਰਨਿਸ਼ ਚੜ੍ਹੇ ਨੋਟ ਦੀ ਉਮਰ ਕਰੀਬ ਦੁੱਗਣੀ ਹੋ ਜਾਵੇਗੀ ਭਾਵ 7-8 ਸਾਲ। ਇਨ੍ਹਾਂ ਨੂੰ ਪਹਿਲਾਂ ਟ੍ਰਾਇਲ ਦੇ ਆਧਾਰ 'ਤੇ ਜਾਰੀ ਕੀਤਾ ਜਾਵੇਗਾ। ਨਵੇਂ ਨੋਟ ਨੂੰ ਜ਼ਿਆਦਾ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਹੋਵੇਗੀ। ਕਿਉਂਕਿ ਨਵਾਂ ਨੋਟ ਨਾ ਤਾਂ ਛੇਤੀ ਕੱਟੇਗਾ-ਫਟੇਗਾ ਅਤੇ ਨਾ ਹੀ ਪਾਣੀ 'ਚ ਜ਼ਲਦੀ ਗਲੇਗਾ ਕਿਉਂਕਿ ਇਸ 'ਤੇ ਵਾਰਨਿਸ਼ ਪੇਂਟ ਚੜ੍ਹਿਆ ਹੋਵੇਗਾ।
ਸ਼ਗਨ ਲਈ 1 ਦਾ ਨੋਟ ਸੀਮਿਤ ਮਾਤਰਾ 'ਚ ਜਾਰੀ
ਇਸ ਵਾਰ ਵੀ ਦੀਵਾਲੀ 'ਚ ਬਹੁਤ ਸੀਮਿਤ ਮਾਤਰਾ 'ਚ ਇਕ ਦੇ ਨੋਟ ਜਾਰੀ ਕੀਤੇ ਗਏ। ਇਹ ਨੋਟ ਪਰੰਪਰਾ ਨਿਭਾਉਣ ਲਈ ਸ਼ਗਨ ਦੇ ਤੌਰ 'ਤੇ ਛਾਪੇ ਗਏ ਹਨ। ਇਹ ਜਾਣਨਾ ਵੀ ਬਹੁਤ ਦਿਲਚਸਪ ਹੈ ਕਿ ਸਿਰਫ ਇਕ ਦਾ ਨੋਟ ਹੀ ਇਕਮਾਤਰ ਅਜਿਹੀ ਮੁਦਰਾ ਹੈ ਜਿਸ 'ਤੇ ਆਰ.ਬੀ.ਆਈ. ਦਾ ਅਧਿਕਾਰ ਨਹੀਂ ਹੁੰਦਾ। ਇਹ ਨੋਟ ਸਿੱਧੇ ਸਰਕਾਰ ਦੇ ਕੰਟਰੋਲ 'ਚ ਹੁੰਦਾ ਹੈ। ਇਸ ਲਈ ਇਸ 'ਤੇ ਆਰ.ਬੀ.ਆਈ. ਗਵਰਨਰ ਦੀ ਜਗ੍ਹਾ ਵਿੱਤੀ ਸਕੱਤਰ ਦੇ ਦਸਤਖਤ ਹੁੰਦੇ ਹਨ। 2 ਸਾਲ ਪਹਿਲਾਂ ਹੀ ਇਕ ਦਾ ਨੋਟ 100 ਵਰ੍ਹੇ ਦਾ ਹੋਇਆ ਸੀ।


Aarti dhillon

Content Editor

Related News