ਪ੍ਰਤੱਖ ਟੈਕਸ ਕੁਲੈਕਸ਼ਨ ਹੁਣ ਤੱਕ ਦੇ ਟੀਚੇ ਤੋਂ 50% ਘੱਟ, 4 ਮਹੀਨੇ ''ਚ ਇਕੱਠੇ ਕਰਨੇ ਹੋਣਗੇ 7.5 ਲੱਖ ਕਰੋੜ

11/15/2019 1:25:47 PM

ਨਵੀਂ ਦਿੱਲੀ — ਸਰਕਾਰ ਦਾ ਪ੍ਰਤੱਖ ਟੈਕਸ ਕੁਲੈਕਸ਼ਨ ਹੁਣ ਤੱਕ 6 ਲੱਖ ਕਰੋੜ ਰੁਪਏ ਰਿਹਾ ਹੈ। ਇਹ ਕੁਲੈਕਸ਼ਨ ਅਜੇ ਸਾਲਾਨਾ 13.5 ਲੱਖ ਕਰੋੜ ਰੁਪਏ ਦੇ ਟੀਚੇ ਤੋਂ 50 ਫੀਸਦੀ ਘੱਟ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਕੇਂਦਰੀ ਪ੍ਰਤੱਖ ਟੈਕਸ ਬੋਰਡ(CBDT) ਦੇ ਚੇਅਰਮੈਨ ਪੀ.ਸੀ.ਮੋਦੀ ਨੇ ਪ੍ਰਗਤੀ ਮੈਦਾਨ 'ਚ ਟੈਕਸਦਾਤਾ ਲਾਉਂਜ ਦੇ ਉਦਘਾਟਨ ਦੇ ਬਾਅਦ ਕਿਹਾ ਕਿ ਬਜਟ 'ਚ ਨਿਰਧਾਰਤ ਟੀਚਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ 'ਚ ਸਾਨੂੰ 13.5 ਲੱਖ ਕਰੋੜ ਰੁਪਏ ਦੇ ਟੈਕਸ ਕੁਲੈਕਸ਼ਨ ਦਾ ਟੀਚਾ ਦਿੱਤਾ ਗਿਆ ਸੀ। ਇਸ ਅਧੀਨ ਹੁਣ ਤੱਕ 6 ਲੱਖ ਕਰੋੜ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ।

ਮੋਦੀ ਨੇ ਕਿਹਾ ਕਿ ਟੈਕਸਦਾਤਿਆਂ ਨੂੰ ਟੈਕਸ ਰਿਫੰਡ ਦੀ ਵਾਪਸੀ ਸੁਗਮਤਾ ਨਾਲ ਕੀਤੀ ਜਾ ਰਹੀ ਹੈ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਰਿਫੰਡ 20 ਫੀਸਦੀ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸ ਕੁਲੈਕਸ਼ਨ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਬਜਟ 'ਚ ਨਿਰਧਾਰਤ ਟੀਚੇ ਨੂੰ ਹਾਸਲ ਕਰ ਸਕਾਂਗੇ।

ਸੀ.ਬੀ.ਡੀ.ਟੀ. ਦੇ ਪ੍ਰਮੁੱਖ ਨੇ ਕਿਹਾ ਕਿ ਸਾਡਾ ਟੈਕਸਦਾਤਿਆਂ ਨੂੰ ਬਿਹਤਰ ਸੇਵਾਵਾਂ ਦੇਣ 'ਤੇ ਜ਼ੋਰ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਟੈਕਸਦਾਤਾ ਸੇਵਾਵਾਂ 'ਤੇ ਖਾਸ ਤੌਰ 'ਤੇ ਧਿਆਨ ਦੇਣ ਲਈ ਬੋਰਡ 'ਚ ਇਕ ਮੈਂਬਰ ਨਿਯੁਕਤ ਕੀਤਾ ਗਿਆ ਹੈ। ਆਮਦਨ ਟੈਕਸ ਵਿਭਾਗ ਨੇ ਟੈਕਸਦਾਤਿਆਂ ਅਤੇ ਮੁਲਾਂਕਣ ਅਧਿਕਾਰੀ ਵਿਚਕਾਰ ਟਕਰਾਅ ਨੂੰ ਖਤਮ ਕਰਨ ਲਈ ਇਕ ਮੁਲਾਂਕਣ ਸਕੀਮ ਸ਼ੁਰੂ ਕੀਤੀ ਹੈ।

ਆਰਥਿਕਤਾ 'ਚ ਆਈ ਮੰਦੀ ਦੇ ਬਾਵਜੂਦ ਸਰਕਾਰ 'ਤੇ ਮਾਲੀਆ ਟੀਚਾ ਹਾਸਲ ਕਰਨ ਦਾ ਦਬਾਅ ਵਧਿਆ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਆਰਥਿਕ ਵਾਧਾ ਦਰ 5 ਫੀਸਦੀ ਰਹੀ, ਜਿਹੜੀ ਕਿ 6 ਸਾਲ ਦਾ ਘੱਟੋ-ਘੱਟ ਪੱਧਰ ਹੈ।


Related News