ਜਲਦੀ ਹੀ ਟੈਲੀਵਿਜ਼ਨ ਨੂੰ ਪਿੱਛੇ ਛੱਡ ਦੇਵੇਗਾ ਡਿਜੀਟਲ ਮੀਡੀਆ : ਰਿਪੋਰਟ
Tuesday, Mar 05, 2024 - 06:05 PM (IST)
ਨਵੀਂ ਦਿੱਲੀ (ਭਾਸ਼ਾ) - ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਇਸ ਸਾਲ ਡਿਜੀਟਲ ਮੀਡੀਆ 75,100 ਕਰੋੜ ਰੁਪਏ ਦੇ ਅੰਦਾਜ਼ਨ ਆਕਾਰ ਨਾਲ ਜਲਦੀ ਹੀ ਟੈਲੀਵਿਜ਼ਨ ਨੂੰ ਪਛਾੜ ਸਕਦਾ ਹੈ। ਉਦਯੋਗ ਸੰਗਠਨ ਫਿੱਕੀ ਅਤੇ ਈਵਾਈ ਦੀ ਮੰਗਲਵਾਰ ਨੂੰ ਜਾਰੀ ਸਾਂਝੀ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਦੇਸ਼ ਦਾ ਮੀਡੀਆ ਅਤੇ ਮਨੋਰੰਜਨ (M&E) ਖੇਤਰ ਵਿਚ 2023 ਵਿੱਚ 8.1 ਫ਼ੀਸਦੀ ਦਾ ਵਾਧਾ ਹੋਇਆ ਅਤੇ ਇਹ 2.32 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਦੇ 2024 ਵਿੱਚ 2.55 ਲੱਖ ਕਰੋੜ ਰੁਪਏ ਤੱਕ ਪਹੁੰਚਣ ਅਤੇ 2026 ਤੱਕ 3 ਲੱਖ ਕਰੋੜ ਰੁਪਏ ਨੂੰ ਪਾਰ ਕਰਨ ਦੀ ਉਮੀਦ ਹੈ।
ਰਿਪੋਰਟ ਵਿੱਚ ਕਿਹਾ ਗਿਆ, "ਸਾਨੂੰ ਉਮੀਦ ਹੈ ਕਿ 2024 ਤੱਕ M&E ਸੈਕਟਰ 10.2 ਫ਼ੀਸਦੀ ਵਧ ਕੇ 2.55 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਜਦੋਂ ਕਿ 2026 ਤੱਕ 10 ਫ਼ੀਸਦੀ ਦੇ ਸੰਚਤ ਵਾਧੇ ਨਾਲ ਇਹ 3.1 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।" ਹਾਲਾਂਕਿ, 2023 ਵਿੱਚ ਟੈਲੀਵਿਜ਼ਨ 69,600 ਕਰੋੜ ਰੁਪਏ ਦਾ ਸਭ ਤੋਂ ਵੱਡਾ ਹਿੱਸਾ ਰਿਹਾ ਪਰ 2022 ਵਿੱਚ 70,900 ਕਰੋੜ ਰੁਪਏ ਦੇ ਮੁਕਾਬਲੇ ਇਸ ਵਿਚ 1.83 ਫ਼ੀਸਦੀ ਦੀ ਗਿਰਾਵਟ ਆਈ ਹੈ। ਜਦੋਂ ਕਿ, 2023 ਵਿਚ ਡਿਜੀਟਲ ਮੀਡੀਆ 65,400 ਕਰੋੜ ਰੁਪਏ ਨੂੰ ਪਾਰ ਕਰ ਗਿਆ ਅਤੇ 2024 ਵਿੱਚ ਲਗਭਗ 75,100 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ।
ਇਹ ਟੈਲੀਵਿਜ਼ਨ ਮੀਡੀਆ ਦੇ 71,800 ਕਰੋੜ ਰੁਪਏ ਦੇ ਅੰਕੜੇ ਤੋਂ ਵੱਧ ਹੈ। ਰਿਪੋਰਟ ਮੁਤਾਬਕ 2026 'ਚ ਡਿਜੀਟਲ ਮੀਡੀਆ ਦੀ ਕੀਮਤ ਲਗਭਗ 95,500 ਕਰੋੜ ਰੁਪਏ ਹੋਵੇਗੀ। ਇਸ ਵਿਚ 2023-26 ਦੇ ਵਿਚਕਾਰ ਸੰਚਤ ਰੂਪ ਵਿੱਚ 13.5 ਫ਼ੀਸਦੀ ਵਧਣ ਦਾ ਅਨੁਮਾਨ ਹੈ। ਜਦੋਂ ਕਿ ਟੀਵੀ ਮੀਡੀਆ 76,600 ਕਰੋੜ ਰੁਪਏ ਦਾ ਹੋਵੇਗਾ। ਇਹ ਡਿਜੀਟਲ ਮੀਡੀਆ ਤੋਂ ਲਗਭਗ 20 ਫ਼ੀਸਦੀ ਘੱਟ ਹੋਵੇਗਾ। ਫਿੱਕੀ ਮੀਡੀਆ ਅਤੇ ਮਨੋਰੰਜਨ ਕਮੇਟੀ ਦੇ ਚੇਅਰਮੈਨ ਕੇਵਿਨ ਵਾਜ਼ ਨੇ ਕਿਹਾ, “ਡਿਜੀਟਲ ਮੀਡੀਆ 2024 ਵਿੱਚ ਮਹੱਤਵਪੂਰਨ ਵਿਕਾਸ ਲਈ ਤਿਆਰ ਹੈ।
ਇਹ ਸ਼ਾਇਦ ਟੈਲੀਵਿਜ਼ਨ ਸੈਕਟਰ ਨੂੰ ਪਛਾੜ ਕੇ M&E ਸੈਕਟਰ ਵਿੱਚ ਮੋਹਰੀ ਖੰਡ ਬਣ ਜਾਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡਿਜੀਟਲ ਮੀਡੀਆ ਵਿੱਚ ਇਸ ਵਾਧੇ ਨਾਲ M&E ਸੈਕਟਰ ਦਾ ਵਾਧਾ 10 ਫ਼ੀਸਦੀ ਸਾਲਾਨਾ ਪਹੁੰਚ ਜਾਵੇਗਾ ਅਤੇ ਇਹ 3.0 ਲੱਖ ਕਰੋੜ ਰੁਪਏ ਨੂੰ ਪਾਰ ਕਰੇਗਾ।'' ਇਸ ਮਜ਼ਬੂਤ ਵਿਕਾਸ ਦਾ ਕਾਰਨ ਮਜ਼ਬੂਤ ਡਿਜੀਟਲ ਬੁਨਿਆਦੀ ਢਾਂਚਾ, OTT (ਓਵਰ ਦਾ ਟਾਪ) ਮੰਚਾਂ ਨੂੰ ਵਿਆਪਕ ਰੂਪ ਨਾਲ ਅਪਣਾਉਣ, ਗੇਮਿੰਗ ਸੈਕਟਰ ਵਿੱਚ ਮਹੱਤਵਪੂਰਨ ਵਾਧਾ ਅਤੇ ਖਪਤਕਾਰਾਂ ਲਈ ਲਾਗਤ-ਪ੍ਰਭਾਵਸ਼ਾਲੀ ਵਿਕਲਪਾਂ ਦੀ ਉਪਲਬਧਤਾ ਨੂੰ ਵਧਾਉਣਾ ਹੈ।
ਰਿਪੋਰਟ ਵਿੱਚ ਉਮੀਦ ਜਤਾਈ ਗਈ ਕਿ ਬਿਹਤਰ ਸ਼ਾਸਨ ਪ੍ਰਬੰਧਾਂ ਨਾਲ ਡਿਜੀਟਲ ਵਿਗਿਆਪਨ 13.5 ਫ਼ੀਸਦੀ ਵਧ ਕੇ 84,200 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਰਿਪੋਰਟ ਅਨੁਸਾਰ, ਇੰਟਰਨੈਟ ਦੇ ਪ੍ਰਵੇਸ਼ ਵਿੱਚ ਲਗਾਤਾਰ ਵਾਧੇ ਕਾਰਨ 'ਕਨੈਕਟਿਡ ਟੀਵੀ' (ਸਮਾਰਟ ਟੀਵੀ) ਵਿੱਚ 50 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਵਿੱਚ ਕਿਹਾ, "ਬ੍ਰਾਡਬੈਂਡ ਮਾਰਕੀਟ ਵਧ ਰਿਹਾ ਹੈ ਅਤੇ ਇਸਦੇ ਗਾਹਕਾਂ ਦੀ ਗਿਣਤੀ 90.4 ਕਰੋੜ ਤੱਕ ਪਹੁੰਚ ਗਈ ਹੈ..."