DGCA ਨੇ ਜਹਾਜ਼ਾਂ 'ਚ ਵੀਡੀਓ, ਫੋਟੋ ਖਿੱਚਣ ਨੂੰ ਲੈ ਕੇ ਦਿੱਤੀ ਸਫ਼ਾਈ
Sunday, Sep 13, 2020 - 08:04 PM (IST)
ਨਵੀਂ ਦਿੱਲੀ- ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਯਾਤਰੀ ਜਹਾਜ਼ ਦੇ ਅੰਦਰ ਫੋਟੋ ਲੈ ਸਕਦੇ ਹਨ ਤੇ ਵੀਡੀਓ ਵੀ ਬਣਾ ਸਕਦੇ ਹਨ। ਹਾਲਾਂਕਿ ਉਹ ਅਜਿਹੇ ਰਿਕਾਰਡਿੰਗ ਉਪਕਰਣਾਂ ਦੀ ਵਰਤੋਂ ਨਹੀਂ ਕਰ ਸਕਦੇ, ਜਿਸ ਨਾਲ ਹਫੜਾ-ਦਫੜੀ ਮਚ ਜਾਵੇ, ਉਡਾਣਾਂ ਪ੍ਰਭਾਵਿਤ ਹੋਣ, ਸੁਰੱਖਿਆ ਨਿਯਮਾਂ ਦਾ ਉਲੰਘਣ ਹੋਵੇ ਜਾਂ ਫਿਰ ਚਾਲਕ ਦਲ ਦੇ ਮੈਂਬਰਾਂ ਵਲੋਂ ਇਹ ਪਾਬੰਦੀਸ਼ੁਦਾ ਹੋਵੇ।
ਇਸ ਤੋਂ ਪਹਿਲਾਂ, ਸ਼ਨੀਵਾਰ ਨੂੰ ਰੈਗੂਲੇਟਰੀ ਨੇ ਕਿਹਾ ਸੀ ਕਿ ਜੇਕਰ ਕਿਸੇ ਨੂੰ ਜਹਾਜ਼ ਦੇ ਅੰਦਰ ਫੋਟੋ ਲੈਂਦੇ ਹੋਏ ਦੇਖਿਆ ਗਿਆ ਤਾਂ ਸਬੰਧਤ ਉਡਾਣ ਨੂੰ ਦੋ ਹਫਤੇ ਲਈ ਰੱਦ ਕਰ ਦਿੱਤਾ ਜਾਵੇਗਾ। ਦੋ ਦਿਨ ਪਹਿਲਾਂ ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਨੇ ਇੰਡੀਗੋ ਦੀ ਇਕ ਚੰਡੀਗੜ੍ਹ-ਮੁੰਬਈ ਉਡਾਣ ਦੌਰਾਨ ਮੀਡੀਆ ਕਰਮਚਾਰੀਆਂ ਵਲੋਂ ਸੁਰੱਖਿਆ ਮਾਪਦੰਡਾਂ ਦਾ ਉਲੰਘਣ ਅਤੇ ਸਮਾਜਿਕ ਦੂਰੀ ਨਿਯਮਾਂ ਦਾ ਪਾਲਣ ਨਾ ਕਰਨ ਨੂੰ ਲੈ ਕੇ ਏਅਰਲਾਈਨ ਨੂੰ ਜ਼ਰੂਰੀ ਕਾਰਵਾਈ ਕਰਨ ਨੂੰ ਕਿਹਾ ਸੀ।
ਉਸ ਉਡਾਣ ਵਿਚ ਅਦਾਕਾਰਾ ਕੰਗਨਾ ਰਣੌਤ ਵੀ ਸੀ। 9 ਸਤੰਬਰ ਨੂੰ ਉਡਾਣ ਦੌਰਾਨ ਘਟਨਾ ਦੇ ਵੀਡੀਓ ਮੁਤਾਬਕ ਰਿਪੋਰਟਰ ਅਤੇ ਕੈਮਰੇ ਵਾਲੇ ਨੇ ਕੰਗਨਾ 'ਤੇ ਟਿੱਪਣੀ ਲੈਣ ਨੂੰ ਲੈ ਕੇ ਧੱਕਾ-ਮੁੱਕੀ ਕੀਤੀ ਸੀ। ਉਸ ਸਮੇਂ ਕੰਗਨਾ ਜਹਾਜ਼ ਦੀ ਅਗਲੀ ਕਤਾਰ ਦੀ ਸੀਟ 'ਤੇ ਬੈਠੀ ਸੀ। ਡੀ. ਜੀ. ਸੀ. ਏ. ਨੇ ਐਤਵਾਰ ਨੂੰ ਆਪਣੇ ਹੁਕਮ ਵਿਚ ਸਪੱਸ਼ਟ ਕੀਤਾ ਕਿ 9 ਦਸੰਬਰ, 2004 ਨੂੰ ਜਾਰੀ ਹੁਕਮ ਮੁਤਾਬਕ ਯਾਤਰੀਆਂ ਨੂੰ ਤਸਵੀਰਾਂ ਖਿੱਚਣ ਆਦਿ ਦੀ ਇਜਾਜ਼ਤ ਹੈ ਪਰ ਕੋਈ ਅਜਿਹਾ ਰਿਕਾਰਡਿੰਗ ਉਪਕਰਣ ਦੀ ਵਰਤੋਂ ਨਹੀਂ ਹੋਵੇਗੀ, ਜਿਸ ਨਾਲ ਹਵਾਈ ਜਹਾਜ਼ ਦੇ ਸਟਾਫ ਜਾਂ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਝੱਲਣੀ ਪਵੇ। ਅਜਿਹਾ ਕਰਨ ਵਾਲੇ 'ਤੇ ਕਾਰਵਾਈ ਕੀਤੀ ਜਾਵੇਗੀ।