ਡੈਨਿਮ ਉਦਯੋਗ ''ਤੇ ਜੀ. ਐੱਸ. ਟੀ. ਦੀ ਮਾਰ

Thursday, Dec 14, 2017 - 08:11 AM (IST)

ਡੈਨਿਮ ਉਦਯੋਗ ''ਤੇ ਜੀ. ਐੱਸ. ਟੀ. ਦੀ ਮਾਰ

ਮੁੰਬਈ— ਡੈਨਿਮ ਉਦਯੋਗ ਦਾ ਕਹਿਣਾ ਹੈ ਕਿ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਲਾਗੂ ਹੋਣ ਤੋਂ ਬਾਅਦ ਕਮਜ਼ੋਰ ਘਰੇਲੂ ਮੰਗ ਅਤੇ ਬਰਾਮਦ ਸੰਭਾਵਨਾ 'ਚ ਘਾਟ ਕਾਰਨ ਇਸ ਦੀ ਸੰਚਾਲਨ ਸਮਰੱਥਾ ਬੰਦ ਪਈ ਹੈ। ਸਰਕਾਰ ਨੇ 1000 ਰੁਪਏ ਤੱਕ ਦੇ ਬ੍ਰਾਂਡਿਡ ਕੱਪੜਿਆਂ 'ਤੇ 12 ਫੀਸਦੀ ਅਤੇ ਇਸ ਤੋਂ ਘੱਟ ਕੀਮਤ ਵਾਲੇ ਕੱਪੜਿਆਂ 'ਤੇ 5 ਫੀਸਦੀ ਜੀ. ਐੱਸ. ਟੀ. ਲਾਇਆ ਹੈ। ਸਥਾਨਕ ਖਪਤਕਾਰਾਂ ਅਤੇ ਬਰਾਮਦਕਾਰਾਂ ਵਿਚਾਲੇ ਡੈਨਿਮ ਦੀ ਮੰਗ 'ਚ ਕਮੀ ਆਈ ਹੈ, ਜਿਸ ਨਾਲ ਨਿਰਮਾਤਾਵਾਂ ਨੂੰ ਉਤਪਾਦਨ ਬੰਦ ਕਰਨਾ ਪੈ ਰਿਹਾ ਹੈ ਜਾਂ ਫਿਰ ਉਹ ਸਮਰੱਥਾ ਤੋਂ ਘੱਟ ਉਤਪਾਦਨ ਕਰ ਰਹੇ ਹਨ ਯਾਨੀ ਡੈਨਿਮ ਉਦਯੋਗ 'ਤੇ ਵੀ ਜੀ. ਐੱਸ. ਟੀ. ਦੀ ਮਾਰ ਪੈ ਰਹੀ ਹੈ।
30 ਤੋਂ 40 ਫੀਸਦੀ ਉਤਪਾਦਨ ਸਮਰੱਥਾ ਅਸਥਾਈ ਰੂਪ ਨਾਲ ਬੰਦ
ਡੈਨਿਮ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸ਼ਰਦ ਜੈਪੁਰੀਆ ਨੇ ਕਿਹਾ, ''ਇਕ ਜੁਲਾਈ ਨੂੰ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਡੈਨਿਮ ਉਦਯੋਗ ਨੇ 30 ਤੋਂ 40 ਫੀਸਦੀ ਉਤਪਾਦਨ ਸਮਰੱਥਾ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ, ਜੇਕਰ ਇਹ ਸਥਿਤੀ ਬਰਕਰਾਰ ਰਹੀ ਤਾਂ ਫਿਰ ਉਤਪਾਦਨ 'ਚ ਹੋਰ ਕਟੌਤੀ ਹੋ ਸਕਦੀ ਹੈ।'' ਡੈਨਿਮ ਫੈਬਰਿਕ ਉਦਯੋਦ ਪਿਛਲੇ ਦਹਾਕੇ ਦੌਰਾਨ 15 ਫੀਸਦੀ ਸਾਲਾਨਾ ਵਾਧਾ ਦਰ ਨਾਲ ਵਧਿਆ। ਇਸ ਦੀ ਸਾਲਾਨਾ ਸਥਾਪਤ ਸਮਰੱਥਾ 1.5 ਅਰਬ ਮੀਟਰ ਹੈ। ਇਸ ਮਾਮਲੇ 'ਚ ਸਿਰਫ ਚੀਨ ਹੀ ਭਾਰਤ ਤੋਂ ਅੱਗੇ ਹੈ। ਇਸ ਦੀ ਸਾਲਾਨਾ ਵਿਕਰੀ 15,000 ਕਰੋੜ ਰੁਪਏ ਹੈ ਅਤੇ ਇਸ 'ਚ ਕਰੀਬ 4 ਲੱਖ ਲੋਕਾਂ ਨੂੰ ਪ੍ਰਤੱਖ ਰੋਜ਼ਗਾਰ ਮਿਲਿਆ ਹੈ।
ਉਦਯੋਗ ਨੂੰ ਪਟੜੀ 'ਤੇ ਪਰਤਣ 'ਚ ਲੱਗੇਗਾ ਸਮਾਂ
2012 'ਚ ਦੇਸ਼ 'ਚ ਡੈਨਿਮ ਫੈਬਰਿਕ ਮਿੱਲਾਂ ਦੀ ਗਿਣਤੀ 30 ਸੀ, ਜੋ ਹੁਣ 46 ਹੋ ਚੁੱਕੀ ਹੈ। ਸਾਲ 2012 'ਚ ਡੈਨਿਮ ਫੈਬਰਿਕ ਉਤਪਾਦਨ ਸਮਰੱਥਾ 80 ਕਰੋੜ ਮੀਟਰ ਸੀ, ਜੋ ਹੁਣ 1.5 ਅਰਬ ਮੀਟਰ ਹੈ। ਇੰਨਾ ਹੀ ਨਹੀਂ 15 ਕਰੋੜ ਮੀਟਰ ਨਵੀਂ ਸਮਰੱਥਾ ਦੇ ਵਿਸਤਾਰ ਦੀ ਯੋਜਨਾ ਹੈ। ਆਰ ਐਂਡ ਬੀ ਡੈਨਿਮਜ਼ ਦੇ ਅਮਿਤ ਡਾਲਮੀਆ ਮੁਤਾਬਕ ਉਦਯੋਗ ਨੂੰ ਪਟੜੀ 'ਤੇ ਪਰਤਣ 'ਚ ਅਜੇ ਸਮਾਂ ਲੱਗੇਗਾ। ਭਾਰਤ ਸਾਲਾਨਾ 20 ਕਰੋੜ ਮੀਟਰ ਡੈਨਿਮ ਫੈਬਰਿਕ ਦੀ ਬਰਾਮਦ ਕਰਦਾ ਹੈ। ਸਾਲ 2016-17 'ਚ ਭਾਰਤ ਨੇ 31.6 ਕਰੋੜ ਡਾਲਰ ਦੀ ਬਰਾਮਦ ਕੀਤੀ ਸੀ, ਜੋ 2014-15 ਦੀ 33.5 ਕਰੋੜ ਡਾਲਰ ਦੇ ਮੁਕਾਬਲੇ 11 ਫੀਸਦੀ ਘੱਟ ਹੈ।


Related News