ਕੱਚੇ ਤੇਲ ਦੇ ਉਤਪਾਦਨ ’ਚ ਆਈ ਗਿਰਾਵਟ, ਅਪ੍ਰੈਲ ’ਚ ਘਟ ਕੇ 24.7 ਲੱਖ ਟਨ ਰਿਹਾ

Wednesday, May 25, 2022 - 12:09 PM (IST)

ਨਵੀਂ ਦਿੱਲੀ– ਦੇਸ਼ ’ਚ ਅਪ੍ਰੈਲ ’ਚ ਕੱਚੇ ਤੇਲ ਦਾ ਉਤਪਾਦਨ 1 ਫੀਸਦੀ ਘਟ ਕੇ 24.7 ਲੱਖ ਟਨ ਰਹਿ ਗਿਆ। ਇਸ ਦਾ ਕਾਰਨ ਨਿੱਜੀ ਕੰਪਨੀਆਂ ਦੇ ਤੇਲ ਖੇਤਰਾਂ ਤੋਂ ਉਤਪਾਦਨ ’ਚ ਕਮੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਅਪ੍ਰੈਲ ਮਹੀਨੇ ’ਚ 24.7 ਲੱਖ ਟਨ ਕੱਚੇ ਤੇਲ ਦਾ ਉਤਪਾਦਨ (ਕਰੂਡ ਆਇਲ ਪ੍ਰੋਡਕਸ਼ਨ) ਹੋਇਆ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 25 ਲੱਖ ਟਨ ਰਿਹਾ ਸੀ।
ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਅਪ੍ਰੈਲ ’ਚ 16.5 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ। ਇਹ ਕੰਪਨੀ ਦੇ ਨਿਰਧਾਰਤ ਟੀਚੇ ਤੋਂ ਕਰੀਬ 5 ਫੀਸਦੀ ਵੱਧ ਹੈ। ਨਾਲ ਹੀ ਇਹ ਪਿਛਲੇ ਸਾਲ ਦੇ ਇਸੇ ਮਹੀਨੇ ਦੇ 16.3 ਲੱਖ ਟਨ ਦੇ ਉਤਪਾਦਨ ਦੇ ਮੁਕਾਬਲੇ 0.86 ਫੀਸਦੀ ਵੱਧ ਹੈ। ਆਇਲ ਇੰਡੀਆ ਲਿਮ. ਨੇ ਸਮੀਖਿਆ ਅਧੀਨ ਮਹੀਨੇ ’ਚ 3.6 ਫੀਸਦੀ ਵਧੇਰੇ ਕੱਚੇ ਤੇਲ ਦਾ ਉਤਪਾਦਨ ਕੀਤਾ। ਇਸ ਦੌਰਾਨ ਕੰਪਨੀ ਨੇ 2,51,460 ਟਨ ਕੱਚੇ ਤੇਲ ਦਾ ਉਤਪਾਦਨ ਕੀਤਾ।
ਦੂਜੇ ਪਾਸੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਤੇਲ ਖੇਤਰਾਂ ਤੋਂ ਉਤਪਾਦਨ ਇਸ ਦੌਰਾਨ 7.5 ਫੀਸਦੀ ਘਟ ਕੇ 5,67,570 ਟਨ ਰਿਹਾ। ਸਰਕਾਰ ਦਰਾਮਦ ’ਤੇ ਨਿਰਭਰਤਾ ਘੱਟ ਕਰਨ ਲਈ ਤੇਲ ਅਤੇ ਗੈਸ ਦੇ ਘਰੇਲੂ ਉਤਪਾਦਨ ਨੂੰ ਵਧਾਉਣ ’ਤੇ ਧਿਆਨ ਦੇ ਰਹੀ ਹੈ। ਭਾਰਤੀ ਆਪਣੀ ਕੁੱਲ ਕੱਚੇ ਤੇਲ ਦੀ ਲੋੜ ਦਾ 85 ਫੀਸਦੀ ਅਤੇ ਕੁਦਰਤੀ ਗੈਸ ਦਾ ਕਰੀਬ ਅੱਧਾ ਹਿੱਸਾ ਦਰਾਮਦ ਕਰਦਾ ਹੈ।
ਕੁਦਰਤੀ ਗੈਸ ਦਾ ਉਤਪਾਦਨ 6.6 ਫੀਸਦੀ ਵਧਿਆ
ਅੰਕੜਿਆਂ ਮੁਤਾਬਕ ਕੁਦਰਤੀ ਗੈਸ ਦਾ ਉਤਪਾਦਨ ਅਪ੍ਰੈਲ ਮਹੀਨੇ ’ਚ 6.6 ਫੀਸਦੀ ਵਧ ਕੇ 2.82 ਅਰਬ ਘਣਮੀਟਰ ਰਿਹਾ। ਇਸ ਦਾ ਮੁੱਖ ਕਾਰਨ ਪੂਰਬੀ ਤਟੀ ਖੇਤਰ ’ਚ ਉਤਪਾਦਨ ਦਾ ਵਧਣਾ ਹੈ। ਇਸੇ ਖੇਤਰ ’ਚ ਰਿਲਾਇੰਸ ਇੰਡਸਟ੍ਰੀਜ਼ ਅਤੇ ਬੀ. ਪੀ. ਦਾ ਕੇ. ਜੀ-ਡੀ6 ਬਲਾਕ ਸਥਿਤ ਹੈ। ਉੱਥੇ ਹੀ ਓ. ਐੱਨ. ਜੀ. ਸੀ. ਦਾ ਕੁਦਰਤੀ ਗੈਸ ਦਾ ਉਤਪਾਦਨ ਇਕ ਫੀਸਦੀ ਘਟ ਕੇ 1.72 ਅਰਬ ਘਣਮੀਟਰ ਰਿਹਾ, ਜਦ ਕਿ ਪੂਰਬੀ ਤਟੀ ਖੇਤਰ ’ਚ ਉਤਪਾਦਨ 43 ਫੀਸਦੀ ਉਛਲ ਕੇ 60 ਕਰੋੜ ਘਣਮੀਟਰ ਰਿਹਾ। ਅੰਕੜਿਆਂ ’ਚ ਇਹ ਨਹੀਂ ਦੱਸਿਆ ਗਿਆ ਹੈ ਕਿ ਕਿਸ ਖੇਤਰ ਤੋਂ ਕਿੰਨਾ ਉਤਪਾਦਨ ਹੋਇਆ ਹੈ। ਮੰਗ ਵਧਣ ਨਾਲ ਰਿਫਾਇਨਰੀ ਕੰਪਨੀਆਂ ਦੀ ਤੇਲ ਪ੍ਰੋਸੈਸਿੰਗ ਅਪ੍ਰੈਲ ਮਹੀਨੇ ’ਚ 8.5 ਫੀਸਦੀ ਵਧ ਕੇ 2.16 ਕਰੋੜ ਟਨ ਰਹੀ। ਜਨਤਕ ਖੇਤਰ ਦੀਆਂ ਤੇਲ ਰਿਫਾਇਨਰੀ ਕੰਪਨੀਆਂ ਨੇ 12.8 ਫੀਸਦੀ ਵਧੇਰੇ ਕੱਚੇ ਤੇਲ ਨੂੰ ਈਂਧਨ ’ਚ ਬਦਲਿਆ। ਉੱਥੇ ਹੀ ਨਿੱਜੀ ਅਤੇ ਸੰਯੁਕਤ ਖੇਤਰ ਦੀਆਂ ਇਕਾਈਆਂ ਦੀ ਪ੍ਰੋਸੈਸਿੰਗ 1.8 ਫੀਸਦੀ ਵੱਧ ਰਹੀ।


Aarti dhillon

Content Editor

Related News