ਏਅਰਲਾਈਨਜ਼ ''ਤੇ ਸੰਕਟ ਦੇ ਬੱਦਲ, ਮਹਿੰਗਾ ਹੋ ਸਕਦੈ ਹਵਾਈ ਸਫਰ!

Wednesday, Nov 21, 2018 - 10:51 PM (IST)

ਏਅਰਲਾਈਨਜ਼ ''ਤੇ ਸੰਕਟ ਦੇ ਬੱਦਲ, ਮਹਿੰਗਾ ਹੋ ਸਕਦੈ ਹਵਾਈ ਸਫਰ!

ਜਲੰਧਰ— ਭਾਰਤੀ ਏਅਰਲਾਈਨਜ਼ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ। ਇਸ ਦੀ ਮਾਰ ਪੰਜਾਬ ਦੇ ਹਵਾਈ ਮੁਸਾਫਰਾਂ 'ਤੇ ਵੀ ਪੈ ਸਕਦੀ ਹੈ। ਦਰਅਸਲ ਇਸ ਸਾਲ ਰੁਪਏ 'ਚ ਆਈ ਗਿਰਾਵਟ ਅਤੇ ਜੈੱਟ ਫਿਊਲ ਦੀਆਂ ਕੀਮਤਾਂ ਵਧਣ ਕਾਰਨ ਭਾਰਤੀ ਹਵਾਈ ਕੰਪਨੀਆਂ ਦਾ ਮੁਨਾਫਾ ਘੱਟ ਕੇ ਰਹਿ ਗਿਆ ਹੈ।
ਸੰਕਟ 'ਚ ਫਸੀ ਏਅਰਲਾਈਨਜ਼ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੇਲ ਕੰਪਨੀਆਂ ਅਤੇ ਹਵਾਈ ਅੱਡਿਆਂ ਕੋਲ ਇਕ ਮਹੀਨੇ ਦੇ ਕ੍ਰੈਡਿਟ 'ਤੇ ਛੋਟ ਲੈਣ 'ਚ ਸਹਾਇਤਾ ਕੀਤੀ ਜਾਵੇ, ਜਿਸ ਦੇ ਨਾਲ ਨਕਦੀ 'ਚ ਸੁਧਾਰ ਹੋ ਸਕੇ। ਨਾਲ ਹੀ ਦੇਰੀ ਦੇ ਨਾਲ ਭੁਗਤਾਨ 'ਤੇ ਜੁਰਮਾਨਾ ਮੁਆਫ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਭਾਰਤੀ ਹਵਾਈ ਜਹਾਜ਼ ਸੰਗਠਨ (ਐੱਫ. ਆਈ. ਏ.) ਨੇ ਸਰਕਾਰ ਨੂੰ ਇਕ ਪੱਤਰ 'ਚ ਕਿਹਾ ਹੈ ਕਿ ਮੁਕਾਬਲੇਬਾਜ਼ੀ ਕਾਰਨ ਕਿਰਾਇਆ ਵਧਾਉਣਾ ਮੁਸ਼ਕਲ ਹੋ ਰਿਹਾ ਹੈ, ਜਦਕਿ ਇਨਪੁਟ ਲਾਗਤ ਦਾ ਬੋਝ ਕਾਫੀ ਵੱਧ ਚੁੱਕਾ ਹੈ। ਇੰਡੀਗੋ, ਸਪਾਈਸਜੈੱਟ, ਗੋਏਅਰ ਅਤੇ ਜੈੱਟ ਏਅਰਵੇਜ਼ ਐੱਫ. ਆਈ. ਏ. ਦੇ ਮੈਂਬਰ ਹਨ। ਇਨ੍ਹਾਂ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਤਕਰੀਬਨ 80 ਫੀਸਦੀ ਹੈ।
ਇਕ ਰੇਟਿੰਗ ਕੰਪਨੀ ਅਨੁਸਾਰ ਭਾਰਤੀ ਹਵਾਈ ਕੰਪਨੀਆਂ ਨੂੰ ਤੇਲ ਅਤੇ ਕਰੰਸੀ ਦੇ ਝਟਕੇ ਤੋਂ ਉੱਭਰਨ ਲਈ ਕਿਰਾਏ 'ਚ 12 ਫੀਸਦੀ ਵਾਧਾ ਕਰਨ ਦੀ ਜ਼ਰੂਰਤ ਹੈ ਪਰ ਸੀਟਾਂ ਭਰਨ ਅਤੇ ਬਾਜ਼ਾਰ ਹਿੱਸੇਦਾਰੀ ਵਧਾਉਣ ਦੇ ਚੱਕਰ 'ਚ ਹਵਾਈ ਕੰਪਨੀਆਂ ਲਈ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਹੈ। ਧਿਆਨ ਯੋਗ ਹੈ ਕਿ ਜੈੱਟ ਏਅਰਵੇਜ਼ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਅਜਿਹੇ 'ਚ ਜੇਕਰ ਸਰਕਾਰ ਵੱਲੋਂ ਏਅਰਲਾਈਨ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਹੈ ਤਾਂ ਹਵਾਈ ਕਿਰਾਏ ਵਧ ਸਕਦੇ ਹਨ।


Related News