ਕੇਂਦਰ ਸਰਕਾਰ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਉਡਾਣਾਂ ਤੁਰੰਤ ਚਾਲੂ ਕਰੇ: ਬਾਬਾ ਬਲਬੀਰ ਸਿੰਘ
Sunday, Sep 14, 2025 - 03:48 AM (IST)

ਅੰਮ੍ਰਿਤਸਰ (ਸਰਬਜੀਤ) - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਅੰਮ੍ਰਿਤਸਰ ਤੋਂ ਫਾਸਟ ਟਰੈਕ ਇਮੀਗ੍ਰੇਸ਼ਨ ਸਿਸਟਮ ਸ਼ੁਰੂ ਕਰਨਾ ਚੰਗਾ ਉਪਰਾਲਾ ਹੈ, ਜਿਸ ਨਾਲ ਯਾਤੂਰਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਅੰਮ੍ਰਿਤਸਰ ਤੋਂ ਅਬਚਲਨਗਰ ਹਜ਼ੂਰ ਸਾਹਿਬ ਸਿੱਧੀ ਉਡਾਣ ਸ਼ੁਰੂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਸਮੇਂ ਸਾਵਧਾਨੀ ਵਜੋਂ ਇਹ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਸਰਕਾਰ ਵੱਲੋਂ ਕੋਵਿਡ ’ਤੇ ਕਾਬੂ ਪਾ ਲੈਣ ਉਪਰੰਤ ਦੇਸ਼ ਦੇ ਬਾਕੀ ਕਾਰ ਵਿਹਾਰਾਂ ਵਾਲੇ ਅਦਾਰਿਆਂ ’ਤੇ ਪਾਬੰਦੀ ਵਾਪਸ ਲੈ ਲਈ ਗਈ ਸੀ ਪਰ ਅਜੇ ਤੱਕ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂ ਯਾਤਰੂਆਂ ਨੂੰ ਭਾਰੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਹਜ਼ੂਰ ਸਾਹਿਬ ਵਿਸ਼ਾਲ ਪੱਧਰ ’ਤੇ ਮਨਾਇਆ ਜਾਂਦਾ ਹੈ ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਇੱਥੇ ਪੁੱਜਦੀਆਂ। ਇਸ ਲਈ ਦੁਸਹਿਰੇ ਤੋਂ ਪਹਿਲਾਂ-ਪਹਿਲਾਂ ਉਡਾਣਾਂ ਮੁੜ ਚਾਲੂ ਕੀਤੀਆਂ ਜਾਣ ਤਾਂ ਜੋ ਹਰ ਸਿੱਖ ਆਪਣੇ ਗੁਰੂ ਅਸਥਾਨਾਂ ਦੇ ਦਰਸ਼ਨ ਕਰ ਸਕਣ ।