ਆਰਥਿਕਤਾ ਨੇ ਫੜੀ ਰਫ਼ਤਾਰ, ਕ੍ਰੈਡਿਟ ਕਾਰਡ ਖ਼ਰਚ 1 ਲੱਖ ਕਰੋੜ ਰੁਪਏ ਦੇ ਪਾਰ
Friday, Dec 03, 2021 - 04:57 PM (IST)
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਅਕਤੂਬਰ 'ਚ ਤਿਉਹਾਰੀ ਸੀਜ਼ਨ ਦੇ ਉਤਸ਼ਾਹ ਕਾਰਨ ਕ੍ਰੈਡਿਟ ਕਾਰਡ ਖਰਚ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ, ਜੋ ਕਿ ਇਕ ਰਿਕਾਰਡ ਹੈ। ਇਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ ਦੌਰਾਨ ਦੇਖਿਆ ਗਿਆ ਰੁਝਾਨ ਜਾਰੀ ਹੈ।
ਸਤੰਬਰ 'ਚ ਵੀ ਕ੍ਰੈਡਿਟ ਕਾਰਡ 'ਤੇ ਕਾਫੀ ਖਰਚ ਹੋਇਆ ਸੀ ਪਰ ਅਕਤੂਬਰ 'ਚ ਖਰਚ ਇਸ ਤੋਂ ਵੀ ਕਰੀਬ 25 ਫੀਸਦੀ ਵੱਧ ਸੀ। ਪਿਛਲੇ ਅਕਤੂਬਰ ਦੇ ਮੁਕਾਬਲੇ ਇਸ ਵਿੱਚ 56 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਅਕਤੂਬਰ 2020 ਵਿੱਚ ਕ੍ਰੈਡਿਟ ਕਾਰਡਾਂ 'ਤੇ 64,891.96 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਸਾਲ ਸਤੰਬਰ 'ਚ ਕ੍ਰੈਡਿਟ ਕਾਰਡਾਂ 'ਤੇ 80,477.18 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਜੁਲਾਈ 'ਚ ਇਹ ਖਰਚ 77,981 ਕਰੋੜ ਰੁਪਏ ਰਿਹਾ। ਪਿਛਲੇ ਕੁਝ ਮਹੀਨਿਆਂ ਦੌਰਾਨ ਖਰਚਾ ਪੂਰਵ-ਮਹਾਂਮਾਰੀ ਪੱਧਰਾਂ ਨਾਲੋਂ ਕਾਫ਼ੀ ਜ਼ਿਆਦਾ ਰਿਹਾ ਹੈ। ਜਨਵਰੀ, 2020 ਵਿੱਚ 67,402.25 ਕਰੋੜ ਰੁਪਏ ਦਾ ਕ੍ਰੈਡਿਟ ਕਾਰਡ ਖਰਚ ਅਤੇ ਫਰਵਰੀ ਵਿਚ 62,902.93 ਕਰੋੜ ਰੁ. ਰਿਹਾ ਸੀ।
ਇਹ ਵੀ ਪੜ੍ਹੋ : ਪੈਨਸ਼ਨਰਜ਼ ਲਈ ਵੱਡੀ ਰਾਹਤ, ਸਰਕਾਰ ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਖ਼ ਵਧਾਈ
ਮੈਕਵੇਰੀ ਕੈਪੀਟਲ ਦੇ ਸਹਾਇਕ ਨਿਰਦੇਸ਼ਕ ਸੁਰੇਸ਼ ਗਣਪਤੀ ਨੇ ਕਿਹਾ, “ਤੇਜ਼ ਆਰਥਿਕ ਰਿਕਵਰੀ ਦੇ ਕਾਰਨ ਪਿਛਲੇ ਕੁਝ ਮਹੀਨਿਆਂ ਵਿੱਚ ਕ੍ਰੈਡਿਟ ਕਾਰਡ ਦੇ ਖਰਚੇ ਬਹੁਤ ਵਧੀਆ ਰਹੇ ਹਨ। ਅਕਤੂਬਰ ਵੀ ਤਿਉਹਾਰਾਂ ਵਾਲਾ ਮਹੀਨਾ ਸੀ, ਜਿਸ ਕਾਰਨ ਕ੍ਰੈਡਿਟ ਕਾਰਡ ਦੇ ਖਰਚੇ ਵਿੱਚ ਚੰਗਾ ਵਾਧਾ ਹੋਣਾ ਹੀ ਸੀ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਾਈਸ ਪ੍ਰੈਜ਼ੀਡੈਂਟ (ਰਿਸਰਚ-ਬੈਂਕਿੰਗ ਸੈਕਟਰ, ਇੰਸਟੀਚਿਊਸ਼ਨਲ ਇਕੁਇਟੀਜ਼) ਨਿਤਿਨ ਅਗਰਵਾਲ ਨੇ ਕਿਹਾ, “ਪਿਛਲੇ ਕੁਝ ਮਹੀਨਿਆਂ ਦੌਰਾਨ ਕ੍ਰੈਡਿਟ ਕਾਰਡ ਦੇ ਖਰਚੇ ਵਿੱਚ ਵਾਧਾ ਦੇਸ਼ ਵਿੱਚ ਆਰਥਿਕ ਸੁਧਾਰ ਨੂੰ ਦਰਸਾਉਂਦਾ ਹੈ। ਆਰਥਿਕਤਾ ਬਹੁਤ ਖੁੱਲ੍ਹ ਗਈ ਹੈ ਅਤੇ ਆਰਥਿਕ ਗਤੀਵਿਧੀਆਂ ਨੇ ਵੀ ਰਫ਼ਤਾਰ ਫੜੀ ਹੈ। ਕਾਰਡ ਲੈਣ ਦੀ ਦਰ ਵੀ ਵਧ ਗਈ ਹੈ। ਇਨ੍ਹਾਂ ਸਾਰੇ ਕਾਰਨਾਂ ਨੇ ਵੀ ਖਰਚੇ ਵਧਣ ਵਿਚ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ : ਸ਼ਾਨਦਾਰ : ਦੋ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ੀ ਕੰਪਨੀਆਂ ਤੋਂ ਮਿਲਿਆ 2-2 ਕਰੋੜ ਤੋਂ ਵੱਧ ਦਾ ਸਾਲਾਨਾ ਪੈਕੇਜ
ਫੈਡਰਲ ਬੈਂਕ ਦੇ ਐਮਡੀ ਅਤੇ ਸੀਈਓ ਸ਼ਿਆਮ ਸ੍ਰੀਨਿਵਾਸਨ ਨੇ ਕਿਹਾ ਕਿ ਜਿਵੇਂ ਪ੍ਰਚੂਨ ਕਰਜ਼ੇ ਵੱਧ ਰਹੇ ਹਨ, ਉਸੇ ਤਰ੍ਹਾਂ ਕ੍ਰੈਡਿਟ ਕਾਰਡ ਖਰਚ ਵੀ ਵੱਧ ਰਿਹਾ ਹੈ। ਵਾਧਾ ਅਚਾਨਕ ਨਹੀਂ ਸਗੋਂ ਲਗਾਤਾਰ ਹੁੰਦਾ ਹੈ। ਉਨ੍ਹਾਂ ਕਿਹਾ, "ਬੈਂਕ ਕ੍ਰੈਡਿਟ ਕਾਰਡ ਪੋਰਟਫੋਲੀਓ ਦਾ ਪੜਾਅਵਾਰ ਵਿਸਤਾਰ ਕਰੇਗਾ।"
ਲਗਾਤਾਰ ਦੂਜੇ ਮਹੀਨੇ, ਬੈਂਕਿੰਗ ਪ੍ਰਣਾਲੀ ਨੇ 10 ਲੱਖ ਤੋਂ ਵੱਧ ਨਵੇਂ ਕ੍ਰੈਡਿਟ ਕਾਰਡਾਂ ਦਾ ਵਾਧਾ ਦਰਜ ਕੀਤਾ ਹੈ, ਜਿਸ ਨਾਲ ਪੂਰੇ ਸਿਸਟਮ ਵਿੱਚ ਕਾਰਡਾਂ ਦੀ ਕੁੱਲ ਗਿਣਤੀ 6.63 ਕਰੋੜ ਹੋ ਗਈ ਹੈ। ਅਕਤੂਬਰ 'ਚ 13.3 ਲੱਖ ਨਵੇਂ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ, ਜਦਕਿ ਸਤੰਬਰ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 'ਚ 10.9 ਲੱਖ ਦਾ ਵਾਧਾ ਹੋਇਆ। ਅਗਸਤ ਵਿੱਚ ਲਗਭਗ 5.20 ਲੱਖ ਨਵੇਂ ਕਾਰਡ ਸਿਸਟਮ ਵਿੱਚ ਆਏ, ਜਿਸ ਵਿੱਚ ICICI ਬੈਂਕ ਅਤੇ SBI ਕਾਰਡ ਸਭ ਤੋਂ ਅੱਗੇ ਹਨ।
ਅਕਤੂਬਰ ਵਿੱਚ, HDFC ਬੈਂਕ ਨੇ 2,58,285 ਕ੍ਰੈਡਿਟ ਕਾਰਡ, ICICI ਬੈਂਕ ਨੇ 12,78,189 ਕਾਰਡ, ਐਕਸਿਸ ਬੈਂਕ ਨੇ 2,19,533 ਕਾਰਡ ਅਤੇ SBI ਕਾਰਡਾਂ ਨੇ 1,83,960 ਨਵੇਂ ਕਾਰਡ ਜਾਰੀ ਕੀਤੇ। ਪਿਛਲੇ ਦੋ ਮਹੀਨਿਆਂ ਦੌਰਾਨ ਨਵੇਂ ਕ੍ਰੈਡਿਟ ਕਾਰਡਾਂ ਦੇ ਵਾਧੇ ਵਿੱਚ HDFC ਬੈਂਕ ਦੀ ਕ੍ਰੈਡਿਟ ਕਾਰਡ ਮਾਰਕੀਟ ਵਿੱਚ ਮੁੜ-ਪ੍ਰਵੇਸ਼ ਦਾ ਵੱਡਾ ਯੋਗਦਾਨ ਸੀ। ਰੈਗੂਲੇਟਰ ਦੁਆਰਾ HDFC ਬੈਂਕ 'ਤੇ 8 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ : ਘਰਾਂ 'ਚ ਪਏ ਸੋਨੇ ਨਾਲ ਇੰਝ ਬਿਹਤਰ ਹੋ ਸਕਦੀ ਹੈ ਦੇਸ਼ ਦੀ ਅਰਥਵਿਵਸਥਾ, ਜਾਣੋ ਆਰ.ਗਾਂਧੀ ਨੇ ਕੀ ਦਿੱਤਾ ਸੁਝਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।