40 ਫੀਸਦੀ ਯਾਤਰਾ ਤੇ ਸੈਰ ਸਪਾਟਾ ਕੰਪਨੀਆਂ ਦੇ 3 ਤੋਂ 6 ਮਹੀਨਿਆਂ ਤੱਕ ਖੁੱਲ੍ਹਣ ਦੀ ਨਹੀਂ ਕੋਈ ਉਮੀਦ

05/26/2020 10:48:35 AM

ਮੁੰਬਈ (ਭਾਸ਼ਾ) : ਘਰੇਲੂ ਹਵਾਬਾਜ਼ੀ ਸੇਵਾਵਾਂ ਨੂੰ ਕਰੀਬ 2 ਮਹੀਨਿਆਂ ਬਾਅਦ ਦੁਬਾਰਾ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਇਕ ਉਦਯੋਗਿਕ ਸਰਵੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਪੈਦਾ ਹਾਲਾਤ ਨੂੰ ਵੇਖਦੇ ਹੋਏ ਯਾਤਰਾ ਅਤੇ ਸੈਰ-ਸਪਾਟਾ ਖੇਤਰ ਦੀ ਕਰੀਬ 40 ਫੀਸਦੀ ਕੰਪਨੀਆਂ ਦੇ ਅਗਲੇ 3 ਤੋਂ 6 ਮਹੀਨਿਆਂ ਤੱਕ ਖੁੱਲ੍ਹਣ ਦੀ ਉਮੀਦ ਨਹੀਂ ਹੈ।

ਇਹ ਰਿਪੋਰਟ ਬੀ. ਓ. ਟੀ. ਟੀ. ਟਰੈਵਲ ਸੈਂਟੀਮੈਂਟ ਟਰੈਕਰ ਨੇ 7 ਰਾਸ਼ਟਰੀ ਸੰਘਾਂ ਆਈ. ਓ. ਟੀ. ਓ., ਟੀ. ਏ. ਏ. ਆਈ., ਆਈ. ਸੀ. ਪੀ. ਬੀ., ਏ. ਡੀ. ਟੀ. ਓ. ਆਈ., ਓ. ਟੀ . ਓ. ਏ. ਆਈ., ਏ. ਟੀ. ਓ. ਏ. ਆਈ. ਅਤੇ ਐੱਸ. ਆਈ. ਟੀ. ਈ. ਨਾਲ ਮਿਲ ਕੇ ਤਿਆਰ ਕੀਤੀ ਹੈ। ਇਸ ਦੇ ਅਨੁਸਾਰ ਇਨ੍ਹਾਂ ਖੇਤਰਾਂ 'ਚ 36 ਫੀਸਦੀ ਕੰਪਨੀਆਂ ਅਸਥਾਈ ਰੂਪ ਨਾਲ ਬੰਦ ਹੋ ਸਕਦੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 81 ਫੀਸਦੀ ਯਾਤਰਾ ਅਤੇ ਸੈਰ-ਸਪਾਟਾ ਕੰਪਨੀਆਂ ਦੀ ਪੂਰੀ ਕਮਾਈ ਬੰਦ ਹੋ ਗਈ ਹੈ, ਜਦੋਂਕਿ 15 ਫੀਸਦੀ ਕੰਪਨੀਆਂ ਦੀ ਕਮਾਈ 75 ਫੀਸਦੀ ਤੱਕ ਘੱਟ ਗਈ ਹੈ।

ਸਰਵੇ ਮੁਤਾਬਕ ਕਰੀਬ 38.6 ਫੀਸਦੀ ਯਾਤਰਾ ਕੰਪਨੀਆਂ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਗਿਣਤੀ ਘਟਾਉਣ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ 37.6 ਫੀਸਦੀ ਕੰਪਨੀਆਂ ਦਾ ਵੀ ਕਹਿਣਾ ਹੈ ਕਿ ਉਹ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ 'ਤੇ ਵਿਚਾਰ ਕਰ ਸਕਦੀਆਂ ਹਨ। ਟਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ ਦੀ ਪ੍ਰਧਾਨ ਜੋਤੀ ਮਯਾਲ ਨੇ ਕਿਹਾ ਕਿ ਇਹ ਇਕ ਬੇਮਿਸਾਲ ਹਾਲਤ ਹੈ ਅਤੇ ਸਰਕਾਰ ਨੂੰ ਹਜ਼ਾਰਾਂ ਕੰਪਨੀਆਂ ਦੀ ਹੋਂਦ ਲਈ ਕੁੱਝ ਰਾਹਤ ਦੇਣੀ ਚਾਹੀਦੀ ਹੈ। ਯਾਤਰਾ ਅਤੇ ਸੈਰ-ਸਪਾਟਾ ਕੰਪਨੀਆਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਤੁਰੰਤ ਇਕ ਸੈਰ-ਸਪਾਟਾ ਰਾਹਤ ਫੰਡ ਬਣਾਏਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀ. ਐੱਸ. ਟੀ. 'ਚ ਕਮੀ ਅਤੇ ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣ 'ਚ 12 ਮਹੀਨਿਆਂ ਦੀ ਮੋਹਲਤ ਵਰਗੀਆਂ ਮੰਗਾਂ ਵੀ ਕੀਤੀਆਂ ਹਨ।


cherry

Content Editor

Related News