ਕੋਰੋਨਾ ਵਾਇਰਸ : ਸਪੇਅਰ ਪਾਰਟਸ ਸਪਲਾਈ ਰੁਕਣ ਕਾਰਨ ਹੁੰਡਈ ਨੇ ਬੰਦ ਕੀਤਾ ਉਤਪਾਦਨ
Tuesday, Feb 04, 2020 - 06:50 PM (IST)

ਸਿਓਲ — ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੁੰਡਈ ਮੋਟਰ ਨੇ ਮੰਗਲਵਾਰ ਨੂੰ ਆਪਣੀ ਇਕ ਅਸੈਂਬਲੀ ਲਾਈਨ 'ਤੇ ਕੰਮ ਰੋਕ ਦਿੱਤਾ ਹੈ। ਇਸ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਕਾਰਨ ਚੀਨ ਵਿਚੋਂ ਸਾਜ਼ੋ-ਸਮਾਨ(ਕੰਪੋਨੈਂਟਸ) ਦੀ ਸਪਲਾਈ ਵਿਚ ਰੁਕਾਵਟ ਹੋਣਾ ਹੈ। ਇਕ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਚੀਨ ਵਿਚ ਕੋਰੋਨਾ ਵਾਇਰਸ ਦੇ ਫੈਲਣ ਨਾਲ ਇਸ ਦੇ ਵਾਇਰਡ ਨਾਲ ਜੁੜੇ ਸਾਜ਼ੋ-ਸਮਾਨ ਦੀ ਖਰੀਦ ਪ੍ਰਭਾਵਤ ਹੋਈ ਹੈ। ਇਸ ਕਾਰਨ ਉਸ ਨੂੰ ਉਤਪਾਦਨ ਨੂੰ ਰੋਕਣਾ ਪਿਆ ਹੈ। ਕੰਪਨੀ ਅਜੇ ਹੋਰ ਲੰਬੇ ਸਮੇਂ ਲਈ ਕੰਮ ਰੋਕਣ ਬਾਰੇ ਵਿਚਾਰ ਕਰ ਰਹੀ ਹੈ। ਹੁੰਡਈ ਨੂੰ ਇਸ ਤੋਂ ਪਹਿਲਾਂ 2011 'ਚ ਜਾਪਾਨ 'ਚ ਆਈ ਸੁਨਾਮੀ ਕਾਰਨ ਸਪਲਾਈ 'ਚ ਰੁਕਾਵਟ ਕਾਰਨ ਕੰਮ ਰੋਕਣਾ ਪਿਆ ਸੀ। ਉਸ ਸਮੇਂ ਕੰਪਨੀ ਦੀ ਸਪਲਾਇਰ ਰੇਨੇਸਾਸ ਇਲੈਕਟ੍ਰਾਨਿਕਸ ਫੈਕਟਰੀ ਬੰਦ ਹੋ ਗਈ ਸੀ, ਜਿਹੜੀ ਇਸਨੂੰ ਇਕ ਮਹੱਤਵਪੂਰਣ ਕੰਪਿਊਟਰ ਚਿੱਪ ਦੀ ਸਪਲਾਈ ਕਰਦੀ ਹੈ। ਬੁਲਾਰੇ ਨੇ ਕਿਹਾ, 'ਫਿਲਹਾਲ ਲਈ ਉਲਸਾਨ ਸਥਿਤ ਉਸ ਦੇ ਪੰਜ ਨੰਬਰ ਦੇ ਪਲਾਂਟ 'ਚ ਜੇਨੇਸਿਸ ਸੇਡਾਨ ਦਾ ਉਤਪਾਦਨ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਆਪਣੀਆਂ ਟ੍ਰੇਡ ਯੂਨੀਅਨਾਂ ਨਾਲ ਦੂਜੇ ਪਲਾਂਟਾਂ 'ਤੇ ਵੀ ਅਸਥਾਈ ਤੌਰ 'ਤੇ ਕੰਮ ਬੰਦ ਕਰਨ ਬਾਰੇ ਵਿਚਾਰ ਕਰ ਰਹੀ ਹੈ। ਬੁਲਾਰੇ ਨੇ ਕਿਹਾ, 'ਹਾਲਾਤ ਠੀਕ ਨਹੀਂ ਦਿਖ ਰਹੇ।' ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆਭਰ ਵਿਚ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।