ਕੋਰੋਨਾ ਸੰਕਟ ਕਾਲ ਦੌਰਾਨ ਸਿਹਤ ਬੀਮਾ ਦੇ ਦਾਅਵਿਆਂ 'ਚ ਹੋਇਆ ਵਾਧਾ

Sunday, Sep 13, 2020 - 06:01 PM (IST)

ਕੋਰੋਨਾ ਸੰਕਟ ਕਾਲ ਦੌਰਾਨ ਸਿਹਤ ਬੀਮਾ ਦੇ ਦਾਅਵਿਆਂ 'ਚ ਹੋਇਆ ਵਾਧਾ

ਨਵੀਂ ਦਿੱਲੀ- ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨੇ ਅਪ੍ਰੈਲ ਤੋਂ ਅਗਸਤ ਦੌਰਾਨ ਬੀਮਾ ਕੰਪਨੀਆਂ ਵਲੋਂ ਦਿੱਤੇ ਗਏ ਸਿਹਤ ਬੀਮਾ ਦਾਅਵਿਆਂ ਦੇ ਭੁਗਤਾਨ ਵਿਚ ਕੋਰੋਨਾ ਵਾਇਰਸ ਦੇ ਇਲ਼ਾਜ ਨਾਲ ਸਬੰਧਤ ਖਰਚ ਦਾ ਹਿੱਸਾ 11 ਫੀਸਦੀ ਰਿਹਾ ਹੈ। ਪਾਲਿਸੀ ਬਾਜ਼ਾਰ ਡਾਟ ਕਾਮ ਦੇ ਅਧਿਐਨ ਅਨੁਸਾਰ 1 ਅਪ੍ਰੈਲ, 2020 ਤੋਂ 31 ਅਗਸਤ, 2020 ਦੌਰਾਨ 89 ਫੀਸਦੀ ਦਾਅਵੇ ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਅਤੇ ਹੋਰ ਬਿਮਾਰੀਆਂ ਨਾਲ ਸਬੰਧਤ ਸਨ। ਪਾਲਿਸੀ ਬਾਜ਼ਾਰ ਡਾਟ ਕਾਮ ਦੀ ਦੇਸ਼ ਦੇ ਪ੍ਰਚੂਨ ਸਿਹਤ ਬੀਮਾ ਬਾਜ਼ਾਰ ਵਿਚ 10 ਫੀਸਦੀ ਹਿੱਸੇਦਾਰੀ ਹੈ। ਕੰਪਨੀ ਨੇ ਕਿਹਾ ਕਿ ਇਹ ਅੰਕੜਾ 1 ਅਪ੍ਰੈਲ ਤੋਂ 31 ਅਗਸਤ ਤੱਕ ਦਾ ਹੈ। 

ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਅਤੇ ਇਲਾਜ ਦੇ ਵੱਧ ਰਹੇ ਖਰਚਿਆਂ ਕਾਰਨ ਇਸ ਅਨਿਸ਼ਚਿਤ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕ ਸਿਹਤ ਬੀਮਾ ਪਾਲਿਸੀ ਲੈ ਰਹੇ ਹਨ। 

ਪਾਲਿਸੀਬਾਜ਼ਾਰ ਡਾਟ ਕਾਮ ਨੇ ਕਿਹਾ ਕਿ ਸਾਡੇ ਅੰਕੜਿਆਂ ਅਨੁਸਾਰ, ਇਸ ਮਿਆਦ ਦੇ ਸਿਹਤ ਬੀਮੇ ਦੇ ਕੁੱਲ ਦਾਅਵਿਆਂ ਵਿਚੋਂ ਸਿਰਫ 11 ਫੀਸਦੀ ਹੀ ਕੋਵਿਡ -19 ਨਾਲ ਸਬੰਧਤ ਸਨ ਅਤੇ ਬਾਕੀ ਹੋਰ ਵੱਡੀਆਂ ਬਿਮਾਰੀਆਂ ਨਾਲ ਸਬੰਧਤ ਦਾਅਵੇ ਸਨ। ਅਧਿਐਨ ਵਿਚ ਕਿਹਾ ਗਿਆ ਹੈ, “ਕੋਵਿਡ-19 ਦੇ ਡਰ ਕਾਰਨ ਲੋਕ ਅੱਜ ਸਿਹਤ ਬੀਮਾ ਪਾਲਿਸੀ ਨੂੰ ਪਹਿਲ ਦੇ ਰਹੇ ਹਨ। ਇਹ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੀ। ਲੋਕ ਸਿਹਤ ਬੀਮਾ ਪਾਲਸੀ ਇਸ ਮਹਾਂਮਾਰੀ ਲਈ ਹੀ ਨਹੀਂ, ਬਲਕਿ ਹੋਰ ਬਿਮਾਰੀਆਂ ਤੋਂ ਬਚਾਅ ਲਈ ਵੀ ਲੈ ਰਹੇ ਹਨ। ” ਇਲਾਜ ਦੀ ਲਾਗਤ ਬਾਰੇ, ਕੰਪਨੀ ਨੇ ਕਿਹਾ ਕਿ ਜੇ ਕਿਸੇ ਨੂੰ ਲੰਮੇ ਸਮੇਂ ਲਈ ਹਸਪਤਾਲ ਵਿਚ ਰਹਿਣਾ ਪੈਂਦਾ ਹੈ, ਤਾਂ ਕੋਵਿਡ-19 ਦੇ ਇਲਾਜ ‘ਤੇ 10 ਲੱਖ ਰੁਪਏ ਤੱਕ ਖਰਚਾ ਹੋ ਸਕਦਾ ਹੈ। 

ਕਿਸੇ 32 ਸਾਲਾ ਵਿਅਕਤੀ ਲਈ 10 ਲੱਖ ਰੁਪਏ ਦੀ ਵਿਆਪਕ ਬੀਮਾ ਪਾਲਿਸੀ ਦੀ ਲਾਗਤ 7,000 ਤੋਂ 9,000 ਰੁਪਏ ਸਾਲਾਨਾ ਹੋਵੇਗੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਬਾਜ਼ਾਰ ਵਿਚ ਅਜਿਹੀਆਂ ਯੋਜਨਾਵਾਂ ਵੀ ਹਨ ਜਿਨ੍ਹਾਂ ਵਿਚ 32 ਸਾਲਾਂ ਦੇ ਵਿਅਕਤੀ ਲਈ ਇਕ ਕਰੋੜ ਰੁਪਏ ਦੀ ਬੀਮਾ ਪਾਲਿਸੀ ਦੀ ਲਾਗਤ ਸਾਲਾਨਾ 13,000 ਤੋਂ 15,000 ਰੁਪਏ  ਹੋਵੇਗੀ। ਪਾਲਿਸੀਬਾਜ਼ਾਰ ਡਾਟ ਕਾਮ, ਦੇ ਮੁਖੀ ਅਮਿਤ ਛਾਬੜਾ ਨੇ ਕਿਹਾ ਕਿ ਬਾਜ਼ਾਰ ਵਿਚ ਸਿਹਤ ਬੀਮਾ ਕਾਰੋਬਾਰ ਵਿਚ ਜੁਲਾਈ ਵਿਚ 130 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅਪ੍ਰੈਲ-ਜੂਨ ਤਿਮਾਹੀ ਵਿਚ 90 ਫੀਸਦੀ ਵਧਿਆ ਹੈ।


author

Sanjeev

Content Editor

Related News