ਮਹਾਮਾਰੀ ਕਾਰਨ ਵਿਸ਼ਵ ਭਰ ''ਚ 3.7 ਕਰੋੜ ਗਰੀਬਾਂ ਨੂੰ ਲੱਗੀ ਵੱਡੀ ਢਾਹ
Tuesday, Sep 15, 2020 - 10:21 PM (IST)
ਨਵੀਂ ਦਿੱਲੀ- ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੇ ਪਿਛਲੇ ਕਈ ਦਹਾਕਿਆਂ ਦੌਰਾਨ ਸਿਹਤ ਖੇਤਰ ਵਿਚ ਹੋਈ ਤਰੱਕੀ ਨੂੰ ਪਟਲਦੇ ਹੋਏ ਲਗਭਗ 3.7 ਕਰੋੜ ਲੋਕਾਂ ਨੂੰ ਬਹੁਤ ਜ਼ਿਆਦਾ ਗਰੀਬੀ ਵਿਚ ਧੱਕ ਦਿੱਤਾ ਹੈ। ਫਾਊਂਡੇਸ਼ਨ ਦੀ ਇਕ ਰਿਪੋਰਟ ਮੁਤਾਬਕ ਇਸ ਮਹਾਮਾਰੀ ਦਾ ਅਸਲ ਪ੍ਰਸਾਰ ਚਾਹੇ ਜਿੰਨਾ ਰਿਹਾ ਹੋਵੇ, ਪਰ ਇਸ ਨੇ ਆਰਥਿਕ ਰੂਪ ਨਾਲ ਹਰੇਕ ਦੇਸ਼ ਵਿਚ ਵਿਆਪਕ ਰੂਪ ਨਾਲ ਤਬਾਹੀ ਮਚਾਈ ਹੈ।
ਰਿਪੋਰਟ ਵਿਚ ਕੌਮਾਂਤਰੀ ਮੁਦਰਾ ਫੰਡ ਦੇ ਇਕ ਅੰਦਾਜ਼ੇ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਦੁਨੀਆ ਭਰ ਵਿਚ ਵਿਕਾਸ ਨੂੰ ਵਧਾਵਾ ਦੇਣ ਲਈ 18,000 ਅਰਬ ਅਮਰੀਕੀ ਡਾਲਰ ਖਰਚ ਕਰਨ ਦੇ ਬਾਵਜੂਦ 2021 ਦੇ ਅਖੀਰ ਤੱਕ ਵਿਸ਼ਵ ਅਰਥ ਵਿਵਸਥਾ ਵਿਚ 12,000 ਅਰਬ ਡਾਲਰ ਜਾਂ ਇਸ ਤੋਂ ਵਧੇਰੇ ਕਮੀ ਹੋਵੇਗੀ।
ਫਾਊਂਡੇਸ਼ਨ ਦੀ ਸਲਾਨਾ ਗੋਲਕੀਪਰਸ ਰਿਪੋਰਟ ਵਿਚ ਇਹ ਗੱਲ ਆਖੀ ਹੈ। ਇਹ ਰਿਪੋਰਟ ਮੁੱਖ ਰੂਪ ਨਾਲ ਗਰੀਬੀ ਨੂੰ ਦੂਰ ਕਰਨ ਅਤੇ ਸਿਹਤ ਸਬੰਧੀ ਮੁੱਦਿਆਂ 'ਤੇ ਸੰਯੁਕਤ ਰਾਸ਼ਟਰ ਦੇ ਵਿਕਾਸ ਲੱਛਣਾਂ ਦਾ ਵਿਸ਼ਲੇਸ਼ਣ ਕਰਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਸੰਕਟ ਦੌਰਾਨ ਭਾਰਤ ਨੇ 20 ਕਰੋੜ ਬੀਬੀਆਂ ਨੂੰ ਨਕਦੀ ਟਰਾਂਸਫਰ ਕੀਤਾ ਅਤੇ ਇਸ ਨਾਲ ਨਾ ਸਿਰਫ ਭੁੱਖ ਅਤੇ ਗਰੀਬੀ 'ਤੇ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਵਿਚ ਮਦਦ ਮਿਲੀ ਬਲਕਿ ਮਹਿਲਾ ਸ਼ਕਤੀ ਨੂੰ ਵੀ ਵਧਾਵਾ ਮਿਲਿਆ। ਫਾਊਂਡੇਸ਼ਨ ਬਿਲ ਗੇਟਸ ਦੇ ਸਹਿ-ਪ੍ਰਧਾਨ ਨੇ ਦੱਸਿਆ ਕਿ ਭਾਰਤ ਵਿਚ ਆਧਾਰ ਡਿਜੀਟਲ ਵਿੱਤੀ ਪ੍ਰਣਾਲੀ ਇਕ ਵਾਰ ਫਿਰ ਮਦਦਗਾਰ ਸਾਬਤ ਹੋਈ। ਡਿਜੀਟਲ ਨਕਦ ਟਰਾਂਸਫਰ ਰਾਹੀਂ ਭੁਗਤਾਨ ਸ਼ਾਨਦਾਰ ਚੀਜ਼ ਹੈ ਅਤੇ ਜ਼ਾਹਰ ਤੌਰ 'ਤੇ ਭਾਰਤ ਨੇ ਇਸ ਨੂੰ ਉਸ ਪੱਧਰ 'ਤੇ ਕੀਤਾ, ਜਿਵੇਂ ਕਿ ਅੱਜ ਤੱਕ ਕਿਸੇ ਦੂਜੇ ਦੇਸ਼ ਨੇ ਨਹੀਂ ਕੀਤਾ।