ਸੋਨੇ ਵਾਂਗ ਚਮਕਣ ਵਾਲਾ ਹੈ ਕਾਪਰ ਦਾ ‘ਫਿਊਚਰ’
Sunday, Jun 27, 2021 - 09:57 AM (IST)
ਬਿਜ਼ਨੈੱਸ ਡੈਸਕ (ਨਰੇਸ਼ ਅਰੋੜਾ) - ਡਾਲਰ ਇੰਡੈਕਸ ’ਚ ਉਛਾਲ ਕਾਰਨ ਭਾਂਵੇ ਹੀ ਜੂਨ ਮਹੀਨੇ ’ਚ ਕਾਪਰ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਮਿਲ ਰਹੀ ਹੈ ਪਰ ਗ੍ਰੀਨ ਐਨਰਜੀ ਵੱਲ ਵਧ ਰਹੀ ਦੁਨੀਆ ’ਚ ਕਾਪਰ ਦਾ ਫਿਊਚਰ (ਭਵਿੱਖ) ਸੋਨੇ ਵਾਂਗ ਚਮਕਣ ਵਾਲਾ ਹੈ। ਇੰਟਰਨੈਸ਼ਨਲ ਕਾਪਰ ਸਟੱਡੀ ਗਰੁੱਪ ਦੀ ਰਿਪੋਰਟ ਤੋਂ ਆਉਣ ਵਾਲੇ ਸੁਨਹਿਰੇ ਭਵਿੱਖ ਦੇ ਸੰਕੇਤ ਮਿਲੇ ਹਨ। ਰਿਪੋਰਟ ਮੁਤਾਬਕ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਕਾਪਰ ਦੀ ਮਾਈਨਿੰਗ 3.7 ਫੀਸਦੀ ਵਧੀ ਹੈ। ਇਸ ਤੋਂ ਇਲਾਵਾ ਵੈਸਟਰਨ ਕਾਪਰ ਐਂਡ ਗੋਲਡ ਦੀ ਰਿਪੋਰਟ ’ਚ ਵੀ ਕਾਪਰ ਦੀ ਮੰਗ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਧਰਤੀ ਦੇ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਤੱਕ ਰੱਖਣ ਦਾ ਟੀਚਾ ਹਾਸਲ ਕਰਨ ਲਈ ਦੁਨੀਆ ਕੋਲੇ ਅਤੇ ਪੈਟਰੋਲ-ਡੀਜ਼ਲ ਦੀ ਖਪਤ ਘੱਟ ਕਰ ਕੇ ਰਿਨਿਊਏਬਲ ਐਨਰਜੀ ਵੱਲ ਵਧੇਗੀ, ਜਿਸ ਨਾਲ ਕਾਪਰ ਦੀ ਮੰਗ ’ਚ ਤੇਜ਼ੀ ਵਧੀ ਰਹੇਗੀ।
ਲੰਡਨ ਮੈਟਲ ਐਕਸਚੇਂਜ ’ਤੇ ਪਿਛਲੇ ਸਾਲ ਇਕ ਟਨ ਕਾਪਰ ਦਾ ਭਾਅ ਕਰੀਬ 5900 ਡਾਲਰ ਸੀ ਜੋ ਇਸ ਸਾਲ ਮਈ ਮਹੀਨੇ ’ਚ ਵਧ ਕੇ 10700 ਡਾਲਰ ਨੂੰ ਪਾਰ ਕਰ ਗਿਆ। ਹਾਲਾਂਕਿ ਜੂਨ ਮਹੀਨੇ ’ਚ ਕਾਪਰ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਕਾਪਰ ਦੇ ਰੇਟ ਹੁਣ ਡਿੱਗ ਕੇ 9 ਹਜ਼ਾਰ ਡਾਲਰ ਪ੍ਰਤੀ ਟਨ ਦੇ ਕਰੀਬ ਪਹੁੰਚ ਗਏ ਹਨ ਪਰ ਇਹ ਗਿਰਾਵਟ ਅਸਥਾਈ ਮੰਨੀ ਜਾ ਰਹੀ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਕਾਪਰ ਦੀਆਂ ਕੀਮਤਾਂ ’ਚ ਹੋਰ ਤੇਜ਼ੀ ਦੇ ਆਸਾਰ ਹਨ।
ਸਭ ਤੋਂ ਜ਼ਿਆਦਾ ਕਾਪਰ ਇਸਤੇਮਾਲ ਕਰਨ ਵਾਲੇ ਦੇਸ਼
ਚੀਨ -12482
ਅਮਰੀਕਾ -1814
ਜਰਮਨੀ -1200
ਜਾਪਾਨ -1039
ਦੱਖਣੀ ਕੋਰੀਆ -621
ਇਟਲੀ -552
ਅੰਕੜੇ ਮਿਲੀਅਨ ਟਨ ’ਚ
ਸ੍ਰੋਤ-ਇੰਟਰਨੈਸ਼ਨਲ ਕਾਪਰ ਸਟੱਡੀ ਗਰੁੱਪ 2019
ਇਕ ਮਿਲੀਅਨ ਟਨ ਵਧਾਉਣੀ ਪਵੇਗੀ ਕਾਪਰ ਦੀ ਸਪਲਾਈ
ਦੁਨੀਆ ਦੀ ਦਿੱਗਜ਼ ਕਮੋਡਿਟੀ ਟ੍ਰੇਡਿੰਗ ਕੰਪਨੀ ਗਲੇਨਕੋਰ ਨੇ ਸੀ. ਈ. ਓ. ਇਵਾਨ ਗਲੇਸਨਬਰਗ ਨੇ ਕਤਰ ਇਕਨੌਮਿਕਸ ਫੋਰਮ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੁਨੀਆ ’ਚ ਇਸ ਸਮੇਂ ਕਾਪਰ ਦੀ ਮੰਗ 30 ਮਿਲੀਅਨ ਟਨ ਪ੍ਰਤੀ ਸਾਲ ਹੈ ਅਤੇ 2050 ਤੱਕ ਇਹ ਮੰਗ ਵਧ ਕੇ 60 ਮਿਲੀਅਨ ਟਨ ਪ੍ਰਤੀ ਸਾਲ ਹੋ ਜਾਏਗੀ ਅਤੇ ਇਸ ਨੂੰ ਪੂਰਾ ਕਰਨ ਲਈ ਸਾਨੂੰ ਹਰ ਸਾਲ ਕਾਪਰ ਦੀ ਸਪਲਾਈ ਇਕ ਮਿਲੀਅਨ ਟਨ ਵਧਾਉਣੀ ਪਵੇਗੀ। ਦੁਨੀਆ ’ਚ ਪਿਛਲੇ 10 ਸਾਲ ਦੌਰਾਨ ਿਸਰਫ 5 ਲੱਖ ਟਨ ਪ੍ਰਤੀ ਟਨ ਦੇ ਕਾਪਰ ਉਤਪਾਦਨ ਦਾ ਹੀ ਵਾਧਾ ਹੋਇਆ ਹੈ ਅਤੇ ਇਸ ਵਧਾਉਣ ਲਈ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਜੈਕਟਸ ਨਹੀਂ ਹਨ। ਲਿਹਾਜਾ ਆਉਣ ਵਾਲੇ ਸਮੇਂ ’ਚ ਕਾਪਰ ਦੇ ਰੇਟਾਂ ’ਚ ਤੇਜ਼ੀ ਹੀ ਦੇਖਣ ਨੂੰ ਮਿਲ ਸਕਦੀ ਹੈ।
2025 ਤੱਕ ਦੁੱਗਣੀ ਹੋਵੇਗੀ ਕਾਪਰ ਦੀ ਮੰਗ : ਵੁੱਡ ਮੈਕੇਂਜੀ
ਮੈਟਲਸ ’ਤੇ ਰਿਸਰਚ ਕਰਨ ਵਾਲੀ ਦੁਨੀਆ ਦੀ ਮਸ਼ਹੂਰ ਕੰਪਨੀ ਵੁਟ ਮੈਕੇਂਜੀ ਦੀ ਰਿਪੋਰਟ ਮੁਤਾਬਕ 2020 ’ਚ ਰਿਨਿਊਬਲ ਐਨਰਜੀ ਸੈਕਟਰ ’ਚ ਕਾਪਰ ਦੀ ਮੰਗ ਕਰੀਬ 4 ਮਿਲੀਅਨ ਟਨ ਸੀ ਜੋ 2025 ’ਚ ਵਧ ਕੇ 8.6 ਮਿਲੀਅਨ ਟਨ ਹੋ ਜਾਏਗੀ ਅਤੇ ਇਸ ’ਚ ਦੁੱਗਣੇ ਤੋਂ ਜ਼ਿਆਦਾ ਤੇਜ਼ੀ ਆਉਣ ਦੇ ਆਸਾਰ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵਾਤਾਵਰਣ ’ਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ ਅਤੇ ਦੁਨੀਆ ਭਰ ਦੇ ਦੇਸ਼ ਇਸ ਨੂੰ ਲੈ ਕੇ ਚਿੰਤਤ ਹਨ ਅਤੇ ਸਭ ਦਾ ਟੀਚਾ ਧਰਤੀ ਦੇ ਤਾਪਮਾਨ ਨੂੰ 2 ਡਿਗਰੀ ਤੋਂ ਘੱਟ ਰੱਖਣ ਦਾ ਹੈ ਅਤੇ ਇਸ ਕੰਮ ’ਚ ਕਾਪਰ ਅਹਿਮ ਭੂਮਿਕਾ ਅਦਾ ਕਰੇਗਾ। 2030 ਤੱਕ ਸਿਰਫ ਐਨਰਜੀ ਸੈਕਟਰ ’ਚ ਹੀ 15.1 ਮਿਲੀਅਨ ਟਨ ਕਾਪਰ ਦੀ ਲੋੜ ਹੋਵੇਗੀ ਅਤੇ ਇਸ ਲਈ ਕਾਪਰ ਉਤਪਾਦਨ ਦੀਆਂ ਨਵੀਆਂ ਖਾਨਾਂ ਸ਼ੁਰੂ ਕਰਨੀਆਂ ਪੈਣਗੀਆਂ। ਲਿਹਾਜਾ ਇਸ ਨਾਲ ਕੀਮਤਾਂ ’ਚ ਤੇਜੀ਼ ਦਾ ਰੁਖ ਬਣਿਆ ਰਹਿ ਸਕਦਾ ਹੈ।
ਬਦਲੇਗੀ ਮੰਗਲ ਦੀ ਚਾਲ, ਕਾਪਰ ’ਚ ਆਵੇਗੀ ਤੇਜ਼ੀ
ਜੋਤਿਸ਼ ਦੇ ਜਾਣਕਾਰ 20 ਜੁਲਾਈ ਤੋਂ ਬਾਅਦ ਕਾਪਰ ਦੀਆਂ ਕੀਮਤਾਂ ਦੇ ਨਾਲ-ਨਾਲ ਕਾਪਰ ਨਾਲ ਸਬੰਧਤ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਦੀ ਭਵਿੱਖਬਾਣੀ ਕਰ ਰਹੇ ਹਨ। ਜੋਤਿਸ਼ ’ਚ ਮੰਗਲ ਗ੍ਰਹਿ ਨੂੰ ਕਾਪਰ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ ਅਤੇ ਮੰਗਲ 2 ਜੂਨ ਤੋਂ ਆਪਣੀ ਨੀਚ ਰਾਸ਼ੀ ਕਰਚ ’ਚ ਗੋਚਰ ਕਰ ਰਹੇ ਹਨ। ਮੰਗਲ ’ਤੇ ਮਕਰ ਰਾਸ਼ੀ ’ਚ ਵੱਕਰੀ ਅਵਸਥਾ ’ਚ ਗੋਚਰ ਕਰ ਰਹੇ ਸ਼ਨੀ ਦੀ ਸਿੱਧੀ ਨਜ਼ਰ ਵੀ ਪੈ ਰਹੀ ਹੈ। ਮੰਗਲ ਦੇ ਚੰਦਰਮਾ ਦੀ ਜਲ ਤੱਤ ਰਾਸ਼ੀ ’ਚ ਹੋਣ ਕਾਰਨ ਵੀ ਕੀਮਤਾਂ ’ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਕਾਪਰ ਦੀਆਂ ਕੀਮਤਾਂ ’ਚ ਮੰਦੀ ਮੰਗਲ ਦੇ ਮਿਥੁਨ ਰਾਸ਼ੀ ’ਚ ਗੋਚਰ ਦੌਰਾਨ ਆਪਣੀ ਨੀਚ ਰਾਸ਼ੀ ਵੱਲ ਜਾਣ ਤੋਂ ਬਾਅਦ ਮਈ ਅੱਧ ’ਚ ਸ਼ੁਰੂ ਹੋਈ ਹੈ ਅਤੇ 20 ਜੁਲਾਈ ਨੂੰ ਮੰਗਲ ਦੇ ਅਗਨੀ ਤੱਤ ਰਾਸ਼ੀ ਸਿੰਘ ’ਚ ਆਉਂਦੇ ਹੀ ਕਾਪਰ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੇਗੀ ਅਤੇ ਇਸ ਸਾਲ ਸੰਮਤ ਦਾ ਰਾਜਾ ਮੰਗਲ ਹੋਣ ਕਾਰਨ ਅਗਲੇ ਸਾਲ ਅਪ੍ਰੈਲ ਤੱਕ ਕਾਪਰ ਦੀਆਂ ਕੀਮਤਾਂ ’ਚ ਤੇਜ਼ੀ ਦਾ ਰੁਖ ਰਹੇਗਾ।
ਕਿਉਂ ਵਧੇਗੀ ਕਾਪਰ ਦੀ ਮੰਗ
ਈ. ਵੀ. ’ਚ ਕਾਪਰ
ਆਮ ਵਾਹਨ ’ਚ 22 ਕਿਲੋਗ੍ਰਾਮ ਕਾਪਰ ਦਾ ਇਸਤੇਮਾਲ ਹੁੰਦਾ ਹੈ
ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨ ’ਚ 83 ਕਿਲੋਗ੍ਰਾਮ ਕਾਪਰ ਦਾ ਇਸਤੇਮਾਲ ਹੁੰਦਾ ਹੈ
ਪਲੱਗ ਇਨ ਹਾਈਬ੍ਰਿਡ ਇਲੈਕਟ੍ਰਿਕ ਵਾਹਨ ’ਚ 60 ਕਿਲੋਗ੍ਰਾਮ ਕਾਪਰ ਦਾ ਇਸਤੇਮਾਲ ਹੁੰਦਾ ਹੈ
2025 ਤੱਕ 70 ਲੱਖ ਇਲੈਕਟ੍ਰਿਕ ਵਾਹਨ ਵਿਕਣਗੇ, ਇਨ੍ਹਾਂ ਲਈ ਕਾਪਰ ਦੀ ਲੋੜ ਹੋਵੇਗੀ
ਰਿਨਿਊਏਬਲ ਐਨਰਜੀ
ਸੋਲਰ ਪੈਨਲ ਤੋਂ ਪ੍ਰਤੀ ਮੈਗਾਵਾਟ ਬਿਜਲੀ ਉਤਪਾਦਨ ਲਈ ਔਸਤਨ 5.5 ਮੈਗਾਵਾਟ ਕਾਪਰ ਦੀ ਲੋੜ
ਸੋਲਰ ਪੈਨਲ ਤੋਂ ਇਲਾਵਾ ਵਾਇਰਿੰਗ ਅਤੇ ਕੇਬਲਿੰਗ ’ਚ ਕਾਪਰ ਦਾ ਇਸਤੇਮਾਲ ਹੋਵੇਗਾ
ਭਾਰਤ ’ਚ ਹੀ 2030 ਤੱਕ 450 ਗੀਗਾਵਾਟ ਬਿਜਲੀ ਰਿਨਿਊਏਬਲ ਐਨਰਜੀ ਲਈ ਪੈਦਾ ਹੋਵੇਗੀ
ਸ਼ਹਿਰੀਕਰਨ ’ਚ ਕਾਪਰ ਦਾ ਇਸਤੇਮਾਲ
ਵਿਕਸਿਤ ਦੇਸ਼ਾਂ ’ਚ ਸ਼ਹਿਰੀਕਰਨ ਦੀ ਰਫਤਾਰ ਵਧਣ ਨਾਲ ਸ਼ਹਿਰਾਂ ’ਚ ਬਿਜਲੀ ਦੀਆਂ ਤਾਰਾਂ ਵਿਛਣਗੀਆਂ
ਭਾਰਤ ’ਚ ਪ੍ਰਤੀ ਵਿਅਕਤੀ ਕਾਪਰ ਦੀ ਖਪਤ 2025 ਤੱਕ ਦੁੱਗਣੀ ਹੋ ਕੇ 1 ਕਿਲੋ ਹੋਵੇਗੀ
ਟੈਲੀਕਾਮ ਸੈਕਟਰ ’ਚ 5ਜੀ ਤਕਨੀਕ ’ਚ ਕਾਪਰ ਦਾ ਵੱਡੇ ਪੈਮਾਨੇ ’ਤੇ ਇਸਤੇਮਾਲ ਹੋਵੇਗਾ
ਘਰਾਂ ’ਚ ਟੀ. ਵੀ., ਫਰਿੱਜ਼, ਏ. ਸੀ., ਵਾਸ਼ਿੰਗ ਮਸ਼ੀਨ ਵਰਗੀਆਂ ਚੀਜ਼ਾਂ ’ਚ ਕਾਪਰ ਦਾ ਇਸਤੇਮਾਲ ਵਧੇਗਾ
ਗ੍ਰੀਨ ਐਨਰਜੀ ਕਾਰਨ ਕਾਪਰ ’ਚ ਆਵੇਗੀ ਤੇਜ਼ੀ
ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ ਲਈ ਕਾਪਰ ਦੀ ਲੋੜ ਹੈ
ਦੁਨੀਆ ਰਿਨਿਊਏਬਲ ਐਨਰਜੀ ਵੱਲ ਵਧੇਗੀ, ਜਿਸ ਲਈ ਵਿੰਡ ਮਸ਼ੀਨ ਅਤੇ ਸੋਲਰ ਬਿਜਲੀ ਲਈ ਕਾਪਰ ਚਾਹੀਦਾ ਹੈ
ਇਲੈਕਟ੍ਰਾਨਿਕ ਵਾਹਨਾਂ ਦੀ ਰਵਾਇਤ ਵਧੇਗੀ, ਜਿਨ੍ਹਾਂ ਲਈ ਭਾਰੀ ਮਾਤਰਾ ’ਚ ਕਾਪਰ ਚਾਹੀਦਾ ਹੈ
ਘਰਾਂ ’ਚ ਲੱਗਣ ਵਾਲੇ ਵਾਹਨਾਂ ਦੇ ਚਾਰਜਿੰਗ ਸਟੇਸ਼ਨਸ ਲਈ ਕਾਪਰ ਜ਼ਰੂਰੀ ਹੋਵੇਗਾ