ਬੈਂਕਾਂ ਨੇ ਕਿਹਾ, ਵੋਡਾਫੋਨ-IDEA ਨੂੰ ਮੁਸੀਬਤ ''ਚੋਂ ਕੱਢਣ ਲਈ ਇਹ ਹੈ ਇਕ ਬਦਲ
Monday, Aug 09, 2021 - 02:42 PM (IST)
ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਨੇ ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੂੰ ਦੱਸਿਆ ਹੈ ਕਿ ਤਣਾਗ੍ਰਸਤ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਦੇ ਕਰਜ਼ੇ ਨੂੰ ਇਕੁਇਟੀ ਵਿਚ ਬਦਲਣਾ ਕੰਪਨੀ ਨੂੰ ਮੁਸੀਬਤ ਵਿਚੋਂ ਕੱਢਣ ਦਾ ਇਕ ਬਦਲ ਹੋ ਸਕਦਾ ਹੈ।
ਡੀ. ਓ. ਟੀ. ਨੇ ਵੋਡਾਫੋਨ-ਆਈਡੀਆ ਤੇ ਭਾਰਤੀ ਏਅਰਟੈੱਲ ਸਣੇ ਦੂਰਸੰਚਾਰ ਕੰਪਨੀਆਂ ਵੱਲੋਂ ਏ. ਜੀ. ਆਰ. ਦੇਣਦਾਰੀ ਨਾਲ ਸਬੰਧਤ ਬਕਾਇਆ 'ਤੇ ਸੁਪਰੀਮ ਕੋਰਟ ਦੇ ਆਦੇਸ਼ ਨਾਲ ਪੈਦਾ ਹੋਈਆਂ ਚੁਣੌਤੀਆਂ 'ਤੇ ਚਰਚਾ ਲਈ ਸ਼ੁੱਕਰਵਾਰ ਨੂੰ ਸੀਨੀਅਰ ਬੈਂਕ ਅਧਿਕਾਰੀਆਂ ਨੂੰ ਬੁਲਾਇਆ ਸੀ। ਸਰਵਉੱਚ ਅਦਾਲਤ ਨੇ 93,520 ਕਰੋੜ ਰੁਪਏ ਦੇ ਏ. ਜੀ. ਆਰ. ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਦੂਰਸੰਚਾਰ ਸੇਵਾਵਾਂ ਕੰਪਨੀਆਂ ਨੂੰ 10 ਸਾਲਾਂ ਦਾ ਸਮਾਂ ਦਿੱਤਾ ਹੈ।
ਬੈਂਕ ਅਧਿਕਾਰੀਆਂ ਨੇ ਦੂਰਸੰਚਾਰ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਵੀ. ਆਈ. ਐੱਲ. ਨੇ ਕਰਜ਼ ਨੂੰ ਇਕੁਇਟੀ ਵਿਚ ਬਦਲਣ ਦਾ ਇਕ ਵਿਕਲਪ ਹੈ ਪਰ ਇਹ ਸਥਾਈ ਹੱਲ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਕਿਉਂਕਿ ਵੀ. ਆਈ. ਐੱਲ. ਨੇ ਹੁਣ ਤੱਕ ਆਪਣੇ ਕਰਜ਼ਿਆਂ ਦੇ ਭੁਗਤਾਨ ਵਿਚ ਚੂਕ ਨਹੀਂ ਕੀਤੀ ਹੈ ਇਸ ਲਈ ਉਹ ਫਿਲਹਾਲ ਕੋਈ ਕਾਰਵਾਈ ਨਹੀਂ ਕਰ ਸਕਦੇ ਹਨ। ਬੈਂਕਾਂ ਨੇ ਪਿਛਲੇ ਸਮੇਂ ਵਿਚ ਤਣਾਅਗ੍ਰਸਤ ਕੰਪਨੀਆਂ ਦੇ ਕਰਜ਼ ਨੂੰ ਇਕੁਇਟੀ ਵਿਚ ਬਦਲਿਆ ਹੈ। ਸੂਤਰਾਂ ਮੁਤਾਬਕ, ਬੈਂਕਰਾਂ ਨੇ ਕਿਹਾ ਕਿ ਮੌਜੂਦਾ ਨਜ਼ਰੀਏ ਵਿਚ ਪ੍ਰਮੋਟਰਾਂ ਵੱਲੋਂ ਪੂੰਜੀ ਨਿਵੇਸ਼ ਸਭ ਤੋਂ ਵੱਡਾ ਬਦਲ ਹੈ। ਵੀ. ਆਈ. ਐੱਲ. ਵਿਚ ਬ੍ਰਿਟੇਨ ਸਥਿਤ ਵੋਡਾਫੋਨ ਦੀ 45 ਫ਼ੀਸਦੀ ਹਿੱਸੇਦਾਰੀ ਹੈ, ਜਦੋਂ ਕਿ ਆਦਿੱਤਿਆ ਬਿਰਲਾ ਗਰੁੱਪ ਦੀ 27 ਫ਼ੀਸਦੀ ਹਿੱਸੇਦਾਰੀ ਹੈ। ਵੀ. ਆਈ. ਐੱਲ. ਫੇਲ੍ਹ ਹੋਣ ਦੀ ਸਥਿਤੀ ਵਿਚ ਜਨਤਕ ਤੇ ਨਿੱਜੀ ਖੇਤਰ ਦੇ ਬੈਂਕਾਂ ਨੂੰ 1.8 ਲੱਖ ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ।