ਪ੍ਰਚੂਨ, ਦੂਰਸੰਚਾਰ, ਡਿਜੀਟਲ ਦੇ ਮੇਲ ਨਾਲ ਰਿਲਾਇੰਸ ਦੀ ਈ-ਕਾਮਰਸ ’ਚ ਵੱਡੀ ਦਾਅਵੇਦਾਰੀ
Friday, May 26, 2023 - 10:28 AM (IST)
ਨਵੀਂ ਦਿੱਲੀ (ਭਾਸ਼ਾ) - ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਰਿਲਾਇੰਸ ਸਮੂਹ ਆਪਣੇ ਪ੍ਰਚੂਨ ਸਟੋਰ ਨੈੱਟਵਰਕ ਡਿਜੀਟਲ ਮੀਡੀਆ ਅਤੇ ਦੂਰਸੰਚਾਰ ਸੇਵਾਵਾਂ ਦੇ ਦਮ ’ਤੇ ਕਰੀਬ 150 ਅਰਬ ਡਾਲਰ ਦੇ ਭਾਰਤੀ ਈ-ਕਾਮਰਸ ਬਾਜ਼ਾਰ ’ਚ ਐਮਾਜ਼ੋਨ ਅਤੇ ਵਾਲਮਾਰਟ ਤੋਂ ਵੀ ਅੱਗੇ ਰਹਿਣ ਦੀ ਸੰਭਾਵਨਾ ਰੱਖਦਾ ਹੈ। ਇਕ ਵਿਸ਼ਲੇਸ਼ਕ ਫਰਮ ਵਲੋਂ ਇਹ ਮੁਲਾਂਕਣ ਪੇਸ਼ ਕੀਤਾ ਗਿਆ ਹੈ। ਬਰਨਸਟੀਨ ਰਿਸਰਚ ਦੀ ਇਕ ਰਿਪੋਰਟ ਮੁਤਾਬਕ ਭਾਰਤ ਦਾ ਈ-ਕਾਮਰਸ ਖੇਤਰ ਵੱਡੀ ਤੇਜ਼ੀ ਨਾਲ ਤਿੰਨ ਕੰਪਨੀਆਂ ਵਾਲੇ ਬਾਜ਼ਾਰ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ’ਚ ਐਮਾਜ਼ੋਨ ਅਤੇ ਵਾਲਮਾਰਟ ਨਾਲ ਰਿਲਾਇੰਸ ਵੀ ਸ਼ਾਮਲ ਹੋਵੇਗੀ।
ਰਿਪੋਰਟ ਕਹਿੰਦੀ ਹੈ ਕਿ ਜ਼ਿਆਦਾਤਰ ਤਕਨਾਲੋਜੀਆਂ ’ਚ ਡਲਿਵਰੀ ਚੁਣੌਤੀਆਂ ਅਤੇ ‘ਇਕ ਪੀੜ੍ਹੀ ਛੱਡ ਕੇ ਅੱਗੇ ਵਧ ਜਾਣ’ ਦੇ ਭਾਰਤ ਦੇ ਰੁਝਾਨ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਭਾਰਤੀ ਈ-ਕਾਮਰਸ ਬਾਜ਼ਾਰ ਵੱਖ ਹੋਵੇਗਾ। ਇਕ ਏਕੀਕ੍ਰਿਤ ਮਾਡਲ (ਆਫ਼ਲਾਈਨ, ਆਨਲਾਈਨ ਅਤੇ ਪ੍ਰਾਈਮ), ਮਜ਼ਬੂਤ ਡਲਿਵਰੀ ਸਮਰੱਥਾ ਅਤੇ ਆਨਲਾਈਨ ਕੰਪਨੀਆਂ ਦੇ ਮੁਕਾਬਲੇ ਬਿਹਤਰ ਲਾਗਤ ਵਧਣ ਦੀ ਸ਼ੁਰੂ ਤੋਂ ਹੀ ਲੋੜ ਹੈ।
ਐਮਾਜ਼ੋਨ ਅਤੇ ਵਾਲਮਾਰਟ ਦਾ ਸਭ ਤੋਂ ਮਜ਼ਬੂਤ ਮੁਕਾਬਲੇਬਾਜ਼ ਬਣੇਗਾ
ਰਿਲਾਇੰਸ ਇੰਡਸਟ੍ਰੀਜ਼ ਇਸ ਸਮੇਂ ਭਾਰਤ ’ਚ ਸਭ ਤੋਂ ਵੱਡਾ ਡਿਜੀਟਲ ਈਕੋਸਿਸਟਮ ਬਣਾਉਣ ਦੀ ਕੋਸ਼ਿਸ਼ ’ਚ ਲੱਗੀ ਹੈ। ਇਸ ਦੀ ਦੂਰਸੰਚਾਰ ਇਕਾਈ ਜੀਓ ਦੇ 43 ਕਰੋੜ ਮੋਬਾਇਲ ਗਾਹਕ ਹਨ, ਪ੍ਰਚੂਨ ਇਕਾਈ ਦੇ 18,300 ਪ੍ਰਚੂਨ ਸਟੋਰ ਹਨ ਅਤੇ ਇਸ ਦਾ ਈ-ਕਾਮਰਸ ਕਾਰੋਬਾਰ 17-18 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਹੈ। ਬਰਨਸਟੀਨ ਨੇ ਕਿਹਾ ਕਿ ਆਫਲਾਈਨ, ਆਨਲਾਈਆਨ ਅਤੇ ਪ੍ਰਾਈਮ ਦਾ ਏਕੀਕ੍ਰਿਤ ਮਾਡਲ ਇਸ ਨੂੰ ਐਮਾਜ਼ੋਨ ਅਤੇ ਵਾਲਮਾਰਟ ਦਾ ਸਭ ਤੋਂ ਵੱਡਾ ਮੁਕਾਬਲੇਬਾਜ਼ ਬਣਾ ਦਿੰਦਾ ਹੈ। ਭਾਰਤ ਦਾ ਈ-ਕਾਮਰਸ ਬਾਜ਼ਾਰ ਦੇ ਸਾਲ 2025 ਤੱਕ 150 ਅਰਬ ਡਾਲਰ ਹੋ ਜਾਣ ਦਾ ਅਨੁਮਾਨ ਹੈ।
ਇਸ ’ਚ ਐਮਾਜ਼ੋਨ ਅਤੇ ਵਾਲਮਾਰਟ ਦੀ ਮਲਕੀਅਤ ਵਾਲੇ ਫਲਿੱਪਕਾਰਟ ਦੀ ਸਾਂਝੇ ਤੌਰ ’ਤੇ ਹਿੱਸੇਦਾਰੀ ਕਰੀਬ 60 ਫ਼ੀਸਦੀ ਹੈ। ਰਿਲਾਇੰਸ ਆਪਣੇ ਅਜੀਓ ਅਤੇ ਜੀਓਮਾਰਟ ਮੰਚਾਂ ਦੇ ਮਾਧਿਅਮ ਰਾਹੀਂ ਤੀਜੇ ਸਥਾਨ ’ਤੇ ਹੈ। ਰਿਪੋਰਟ ਕਹਿੰਦੀ ਹੈ ਕਿ ਸਾਡਾ ਮੰਨਣਾ ਹੈ ਕਿ ਰਿਲਾਇੰਸ ਰਿਟੇਲ ਅਤੇ ਜੀਓ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ੀ ਨਾਲ ਵਧਦੇ ਈ-ਕਾਮਰਸ ਬਾਜ਼ਾਰ ’ਚ ਸਭ ਤੋਂ ਚੰਗੀ ਸਥਿਤੀ ’ਚ ਹੈ। ਇਸ ਦੇ ਕੋਲ ਪ੍ਰਚੂਨ ਨੈੱਟਵਰਕ, ਮੋਬਾਇਲ ਨੈੱਟਵਰਕ, ਡਿਜੀਟਲ ਈਕੋ ਸਿਸਟਮ ਅਤੇ ਘਰੇਲੂ ਈਕੋ ਸਿਸਟਮ ’ਚ ਕੰਮ ਕਰਨ ਦਾ ਲਾਭ ਹੋਣ ਨਾਲ ਇਹ 150 ਅਰਬ ਡਾਲਰ ਤੋਂ ਵੱਧ ਆਕਾਰ ਵਾਲੇ ਈ-ਕਾਮਰਸ ਬਾਜ਼ਾਰ ’ਚ ਵੱਡੀ ਹਿੱਸੇਦਾਰੀ ਦਾ ਦਾਅਵਾ ਕਰ ਸਕੇਗੀ।