ਕੰਜ਼ਿਊਮਰ ਕੋਰਟ ਨੇ Airtel ਅਤੇ Bank of Baroda ਨੂੰ ਠੋਕਿਆ ਜੁਰਮਾਨਾ

04/11/2021 9:59:00 AM

ਨੈਸ਼ਨਲ ਡੈਸਕ : ਦੇਸ਼ ਦੀ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਦੀਆਂ ਅਦਾਲਤਾਂ ਨੇ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਜਿਥੇ ਅਹਿਮ ਫੈਸਲੇ ਸੁਣਾਏ ਹਨ, ਉਥੇ ਹੀ ਇਕ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ’ਚ ਹੀ ਮੁਆਵਜ਼ੇ ਦੀ ਰਾਸ਼ੀ ਦੇ ਘਪਲੇ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਬੇਂਗਲੁਰੂ ਦੀ ਕੰਜ਼ਿਊਮਰ ਕੋਰਟ ਨੇ ਸਕਿਨ ਕੇਅਰ ਕਲੀਨਿਕ ਮਾਲਕ ਨੂੰ ਇਕ ਔਰਤ ਦੀ ਸ਼ਿਕਾਇਤ ’ਤੇ 10 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹਨ। ਉਥੇ ਹੀ ਇਕ ਹੋਰ ਫੈਸਲੇ ’ਚ ਇਕ ਖਪਤਕਾਰ ਨੂੰ ਏਅਰਟੈੱਲ ਵਲੋਂ 12 ਲੱਖ ਰੁਪਏ ਦਾ ਬਿੱਲ ਭੇਜਣ ’ਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਹੈ। ਉਤਰਾਖੰਡ ’ਚ ਇਕ ਖਪਤਕਾਰ ਨੂੰ ਸਮੇਂ ਸਿਰ ਮੁਆਵਜ਼ਾ ਨਾ ਮਿਲਣ ’ਤੇ ਜ਼ਿਲਾ ਕੰਜ਼ਿਊਮਰ ਕੋਰਟ ਨੇ ਖਪਤਕਾਰ ਤੋਂ ਮਾਫੀ ਵੀ ਮੰਗੀ ਹੈ। ਇਸ ਤੋਂ ਇਲਾਵਾ ਰਾਜਸਥਾਨ ’ਚ ਬੈਂਕ ਆਫ ਬੜੌਦਾ ਵਲੋਂ ਖਪਤਕਾਰ ਦਾ ਚੈੱਕ ਗੁਆਉਣ ’ਤੇ ਕੰਜ਼ਿਊਮਰ ਕੋਰਟ ਨੇ ਬੈਂਕ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਉਧਰ ਚੰਡੀਗੜ੍ਹ ’ਚ ਇਕ ਰਿਟਾਇਰਡ ਕਰਨਲ ਦੇ ਬੇਟੇ ਨੂੰ ਵਾਅਦੇ ਮੁਤਾਬਕ ਰਿਸ਼ਤਾ ਨਾ ਕਰਵਾਉਣ ’ਤੇ ਕੰਜ਼ਿਊਮਰ ਕੋਰਟ ਨੇ ‘ਵੈਡਿੰਗ ਵਿਸ਼’ ਨੂੰ 11 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ : 10 ਹਜ਼ਾਰ ਰੁਪਏ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਇਹ ਬੈਂਕ ਦੇ ਰਿਹੈ ਵੱਡਾ ਆਫ਼ਰ

ਖਪਤਕਾਰ ਫੋਰਮ ’ਚ ਹੀ ਲੱਖਾਂ ਦਾ ਖਪਲਾ

ਛੱਤੀਸਗੜ੍ਹ ਦੇ ਰਾਏਪੁਰ ’ਚ ਖਪਤਕਾਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਝੂਠ ਅਤੇ ਧੋਖਾਦੇਹੀ ਦੇ ਮਾਮਲਿਆਂ ’ਚ ਇਨਸਾਫ ਦਿਵਾਉਣ ਵਾਲੇ ਛੱਤੀਸਗੜ੍ਹ ਸੂਬਾ ਖਪਤਕਾਰ ਵਿਵਾਦ ਹੱਲ ਕਮਿਸ਼ਨ ’ਚ ਹੀ ਲੱਖਾਂ ਰੁਪਏ ਦਾ ਘਪਲਾ ਹੋ ਗਿਆ ਹੈ। ਕਮਿਸ਼ਨ ਵਲੋਂ ਤੈਅ ਕੀਤੀ ਗਈ ਜੁਰਮਾਨਾ ਰਾਸ਼ੀ ਨੂੰ ਸ਼ਾਸਨ ਕੋਲ ਜਮ੍ਹਾ ਕਰਨ ਦੀ ਥਾਂ ਫੋਰਮ ਦੇ ਅਕਾਊਂਟੈਂਟ ਅਤੇ ਅਦਾਲਤ ਮੁਖੀ ਹਜ਼ਮ ਕਰ ਰਹੇ ਸਨ। ਦੋਹਾਂ ਨੇ ਮਿਲ ਕੇ ਦੋ ਸਾਲ ’ਚ ਕਮਿਸ਼ਨ ਦੇ 39 ਲੱਖ ਰੁਪਏ ਤੋਂ ਵੱਧ ਰਾਸ਼ੀ ਦਾ ਘਪਲਾ ਕੀਤਾ। ਇਸ ਦਾ ਖੁਲਾਸਾ ਹੋਣ ’ਤੇ ਫੋਰਮ ਦੇ ਸੁਪਰੀਡੈਂਟ ਨੇ ਦੋਹਾਂ ਖਿਲਾਫ ਦੇਵੇਂਦਰ ਨਗਰ ਥਾਣੇ ’ਚ ਅਪਰਾਧ ਦਰਜ ਕਰਵਾਇਆ। ਦੋਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਮੁਤਾਬਕ ਛੱਤੀਸਗੜ੍ਹ ਸੂਬਾ ਖਪਤਕਾਰ ਵਿਵਾਦ ਹੱਲ ਕਮਿਸ਼ਨ ’ਚ ਦੀਨਦਿਆਲ ਪਟੇਲ ਅਦਾਲਤ ਮੁਖੀ ਅਤੇ ਵਿਨੋਦ ਕੁਮਾਰ ਸਾਹੂ ਅਕਾਊਂਟੈਂਟ ਵਜੋਂ ਤਾਇਨਾਤ ਸਨ। ਕਮਿਸ਼ਨ ਨੇ ਸਾਲ 2015 ਤੋਂ 2017 ਦਰਮਿਆਨ ਕਈ ਮਾਮਲਿਆਂ ’ਚ ਨਾਨ ਡਿਸਕਲੋਜ਼ਰ ਪੱਖ ਨੂੰ ਜੁਰਮਾਨਾ ਕੀਤਾ ਸੀ। ਇਸ ਜੁਰਮਾਨੇ ਦੀ ਰਾਸ਼ੀ ਨੂੰ ਨਾਨ ਡਿਸਕਲੋਜ਼ਰ ਪੱਖ ਤੋਂ ਲੈ ਕੇ ਫੋਰਮ ਦੇ ਐੱਸ. ਬੀ. ਆਈ. ਪੰਡਰੀ ਦੇ ਸ਼ਾਸਕੀ ਖਾਤੇ ’ਚ ਜਮ੍ਹਾ ਕਰਨਾ ਸੀ। ਇਸ ਤੋਂ ਬਾਅਦ ਇਸ ਰਾਸ਼ੀ ਨੂੰ ਚਾਲਾਨ ਰਾਹੀਂ ਸ਼ਾਸਨ ਦੇ ਖਾਤੇ ’ਚ ਜਮ੍ਹਾ ਕਰਨਾ ਸੀ। ਇਹ ਕੰਮ ਅਕਾਊਂਟੈਂਟ ਅਤੇ ਅਦਾਲਤ ਮੁਖੀ ਦੇ ਜ਼ਿੰਮੇ ਸੀ ਪਰ ਦੋਵੇਂ ਮਿਲ ਕੇ ਜੁਰਮਾਨੇ ਦੀ ਰਾਸ਼ੀ ਨੂੰ ਫੋਰਮ ਦੇ ਖਾਤੇ ’ਚੋਂ ਚਾਲਾਨ ਬਣਾ ਕੇ ਕੱਢਦੇ ਸਨ ਪਰ ਸ਼ਾਸਨ ਦੇ ਖਾਤੇ ’ਚ ਜਮ੍ਹਾ ਨਹੀਂ ਕਰਦੇ ਸਨ। ਇਸ ਤਰ੍ਹਾਂ ਦੋਹਾਂ ਨੇ ਵੱਖ-ਵੱਖ ਦਿਨ ਫੋਰਮ ਦੇ 39 ਲੱਖ 42 ਹਜ਼ਾਰ ਰੁਪਏ ਨੂੰ ਕੱਢ ਲਿਆ ਅਤੇ ਆਪਣੇ ਖਾਤਿਆਂ ’ਚ ਜਮ੍ਹਾ ਕੀਤਾ। ਲਗਭਗ 2 ਸਾਲ ਘਪਲੇ ਦੀ ਖੇਡ ਚਲਦੀ ਰਹੀ। ਫੋਰਮ ਦੇ ਖਾਤੇ ਦੀ ਜਾਂਚ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ।

ਇਹ ਵੀ ਪੜ੍ਹੋ : Jack Ma 'ਤੇ ਚੀਨ ਦੀ ਵੱਡੀ ਕਾਰਵਾਈ, Alibaba ਨੂੰ ਲਗਾਇਆ 2.78 ਅਰਬ ਡਾਲਰ ਦਾ ਜੁਰਮਾਨਾ

ਵੈਡਿੰਗ ਕੰਪਨੀ ਨੂੰ 11 ਹਜ਼ਾਰ ਜੁਰਮਾਨਾ

ਚੰਡੀਗੜ੍ਹ ’ਚ ਇਕ ਰਿਟਾਇਰਡ ਕਰਨਲ ਦੀ ਸ਼ਿਕਾਇਤ ’ਤੇ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਮੈਟਰੀਮੋਨੀਅਲ ਸਰਵਿਸ ਪ੍ਰੋਵਾਈਡਰ ਕੰਪਨੀ ‘ਵੈਡਿੰਗ ਵਿਸ਼’ ਨੂੰ 11 ਰੁਪਏ ਜੁਰਮਾਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨ ਨੇ ਕੰਪਨੀ ਨੂੰ ਫੀਸ ਦੇ 50 ਹਜ਼ਾਰ ਰੁਪਏ ਵੀ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਕੰਪਨੀ ਨੇ 50 ਹਜ਼ਾਰ ਰੁਪਏ ਫੀਸ ਜਮ੍ਹਾ ਕਰਵਾਉਂਦੇ ਸਮੇਂ ਉਨ੍ਹਾਂ ਦੇ ਬੇਟੇ ਦਾ ਚੰਗਾ ਰਿਸ਼ਤਾ ਕਰਵਾਉਣ ਦਾ ਵਾਅਦਾ ਕੀਤਾ ਸੀ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਨੂੰ 50 ਹਜ਼ਾਰ ਰੁਪਏ ਫੀਸ ਰਿਫੰਡ ਕਰਨ ਨੂੰ ਕਿਹਾ ਪਰ ਕੰਪਨੀ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਖਿਲਾਫ ਕਮਿਸ਼ਨ ’ਚ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਕਮਿਸ਼ਨ ਨੇ ਫੀਸ ਦੀ ਰਾਸ਼ੀ ਸਮੇਤ ਕੰਪਨੀ ਨੂੰ 11 ਹਜ਼ਾਰ ਰੁਪਏ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਦੋ ਦਿਨਾਂ 'ਚ ਕੰਗਾਲ ਹੋਏ 1.5 ਲੱਖ ਕਰੋੜ ਦੇ ਮਾਲਕ ਹਵਾਂਗ, ਸ਼ੇਅਰ ਬਾਜ਼ਾਰ 'ਚ ਇਕ ਗ਼ਲਤੀ ਪਈ ਭਾਰੀ

ਲੱਖਾਂ ਦਾ ਆਇਆ ਬਿੱਲ, ਏਅਰਟੈੱਲ ਨੂੰ ਜੁਰਮਾਨਾ

ਏਅਰਟੈੱਲ ਦੇ ਇਕ ਖਪਤਕਾਰ ਨੂੰ 12,14,566 ਦਾ ਬਿੱਲ ਭੇਜਣ ’ਤੇ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਇਸ ਨੂੰ ਖਾਰਜ ਕਰ ਦਿੱਤਾ। ਆਪਣੇ ਫੈਸਲੇ ’ਚ ਜੱਜਾਂ ਨੇ ਏਅਰਟੈੱਲ ਨੂੰ ਉਕਤ ਬਿੱਲ ਦੇ ਸਬੰਧ ’ਚ 5,22,407 ਰੁਪਏ ਜਾਂ ਕਿਸੇ ਵੀ ਰਾਸ਼ੀ ਨੂੰ ਇਕੱਠਾ ਨਾ ਕਰਨ ਦਾ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਕੋਰਟ ਨੇ ਮੰਥਲੀ ਬਿੱਲ ਨੂੰ ਕੁਲੈਕਟ ਕਰਨ ਦਾ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਫੈਸਲਾ ਦਿੱਤਾ ਕਿ ਏਅਰਟੈੱਲ ਨੂੰ ਗਾਹਕ ਨੂੰ ਮੁਆਵਜ਼ੇ ਵਜੋਂ 5,000 ਰੁਪਏ ਅਤੇ ਅਦਾਲਤ ਦੇ ਖਰਚਿਆਂ ਲਈ 5,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਬੇਂਗਲੁਰੂ ’ਚ ਇਕ ਹੈਵੀ ਇਕਵਿਪਮੈਂਟ ਕੰਪਨੀ ’ਚ ਮੈਨੇਜਰ ਮੈਲਵਿਨ ਨੂੰ 2016 ’ਚ ਕੰਮ ਦੇ ਸਿਲਸਿਲੇ ’ਚ ਚੀਨ ਜਾਣਾ ਪਿਆ। ਕਾਰਪੋਰੇਟ ਅਕਾਊਂਟ ਦੇ ਤਹਿਤ ਉਸ ਕੋਲ ਏਅਰਟੈੱਲ ਦੀ ਸਿੰਮ ਸੀ। ਟ੍ਰਿਪ ’ਤੇ ਜਾਣ ਤੋਂ ਪਹਿਲਾਂ ਅਕਤੂਬਰ 2016 ’ਚ ਉਨ੍ਹਾਂ ਨੇ ਏਅਰਟੈੱਲ ਨੂੰ ਕੁਝ ਸਮੇਂ ਲਈ ਵਾਇਸ ਕਾਲ ਲਈ ਇੰਟਰਨੈਸ਼ਨਲ ਰੋਮਿੰਗ ਨੂੰ ਐਕਟੀਵੇਟ ਕਰਨ ਲਈ ਕਾਲ ਕੀਤੀ ਅਤੇ ਇਹ ਸਹੂਲਤ ਉਸ ਨੂੰ ਮਿਲ ਗਈ। ਇਸ ਤੋਂ ਬਾਅਦ ਏਅਰਟੈੱਲ ਵਲੋਂ ਉਸ ਨੂੰ 12,14,566 ਰੁਪਏ ਦਾ ਬਿੱਲ ਮਿਲਿਆ, ਜਿਸ ’ਚ 29 ਅਕਤੂਬਰ ਤੋਂ 2 ਨਵੰਬਰ 2016 ਤੱਕ ਦੇ ਉਨ੍ਹਾਂ ਦੇ ਚੀਨ ਯਾਤਰਾ ਦੇ ਸਮੇਂ ਦਾ ਬਿੱਲ ਸ਼ਾਮਲ ਸੀ। ਉਨ੍ਹਾਂ ਨੇ ਕੰਪਨੀ ਤੋਂ ਇਹ ਜਾਣਕਾਰੀ ਮੰਗੀ ਕਿ ਡਾਟਾ ਯੂਜ਼ ਕਰਨ ਦਾ ਇੰਨਾ ਜ਼ਿਆਦਾ ਬਿੱਲ ਕਿਵੇਂ ਆ ਗਿਆ। ਕਈ ਵਾਰ ਗੱਲ ਕਰਨ ਤੋਂ ਬਾਅਦ ਏਅਰਟੈੱਲ ਨੇ ਮੈਲਵਿਨ ਨੂੰ 5,22,407 ਰੁਪਏ ਦਾ ਰਿਵਾਈਜ਼ਡ ਬਿੱਲ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਬੈਂਕ ਆਫ ਬੜੌਦਾ ਨੂੰ ਭਰਨਾ ਪਵੇਗਾ 15 ਹਜ਼ਾਰ ਦਾ ਜੁਰਮਾਨਾ

ਰਾਜਸਥਾਨ ਦੇ ਨਾਗੌਰ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਬੈਂਕ ਆਫ ਬੜੌਦਾ ਨੂੰ ਚੈੱਕ ਗੁਆਉਣ ’ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਠੋਕਿਆ ਹੈ। ਮਨਫੂਲ ਗੁਡੇਰ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਬੈਂਕ ਆਫ ਬੜੌਦਾ, ਸੁਭਾਸ਼ਨਗਰ, ਮੇੜਤਾ ਰੋਡ ਬ੍ਰਾਂਚ ਦੇ ਆਪਣੇ ਬੱਚਤ ਖਾਤੇ ’ਚ ਜਨਵਰੀ 2018 ’ਚ ਭੁਗਤਾਨ ਲਈ ਚੈੱਕ ਜਮ੍ਹਾ ਕਰਵਾਇਆ ਸੀ ਜੋ ਬੈਂਕ ਵਲੋਂ ਗੁਆ ਦਿੱਤਾ ਗਿਆ ਅਤੇ ਖਾਤੇ ’ਚ ਰਾਸ਼ੀ ਜਮ੍ਹਾ ਨਹੀਂ ਕੀਤੀ ਗਈ। ਕਮਿਸ਼ਨ ਨੇ ਸ਼ਿਕਾਇਤਕਰਤਾ ਨੂੰ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਬੈਂਕ ਨੂੰ 10 ਹਜ਼ਾਰ ਰੁਪਏ ਮਾਨਸਿਕ ਬੀਮਾਰੀ ’ਤੇ ਖਰਚੇ ਲਈ ਅਤੇ 5000 ਰੁਪਏ ਜੁਰਮਾਨੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ATM 'ਚੋਂ ਨਿਕਲਣ 'ਪਾਟੇ' ਨੋਟ ਤਾਂ ਕਰੋ ਇਹ ਕੰਮ, ਬੈਂਕ ਵੀ ਨਹੀਂ ਕਰ ਸਕਦਾ ਨਜ਼ਰਅੰਦਾਜ਼

ਇੰਸ਼ੋਰੈਂਸ ਕੰਪਨੀ ਨੂੰ ਜੁਰਮਾਨੇ ਦਾ ਆਦੇਸ਼

ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਗੱਡੀ ਦਾ ਫੁਲ ਡੈਮੇਜ਼ ਕਲੇਮ ਨਾ ਦੇਣ ’ਤੇ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਆਦੇਸ਼ ਦਿੱਤਾ ਕਿ ਉਹ ਖਪਤਕਾਰ ਨੂੰ ਦੋ ਲੱਖ ਰੁਪਏ ਅਤੇ ਇਸ ਰਾਸ਼ੀ ’ਤੇ ਸ਼ਿਕਾਇਤ ਕਰਨ ਦੇ ਦਿਨ ਤੋਂ ਆਖਰੀ ਭੁਗਤਾਨ ਤੱਕ ਸੱਤ ਫੀਸਦੀ ਸਾਲਾਨਾ ਵਿਆਜ ਦਰ ਵੀ ਅਦਾ ਕਰੇ। ਇਸ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ਅਤੇ ਪੰਜ ਹਜ਼ਾਰ ਸ਼ਿਕਾਇਤ ਖਰਚੇ ਵਜੋਂ ਵੀ ਸ਼ਿਕਾਇਤਕਰਤਾ ਨੂੰ ਅਦਾ ਕਰਨ ਦੇ ਹੁਕਮ ਦਿੱਤੇ।

ਜ਼ਿਲੇ ਦੇ ਨਗਥਲ ਪਿੰਡ ਦੇ ਰਹਿਣ ਵਾਲੇ ਪ੍ਰਵੀਣ ਕੁਮਾਰ ਦੀ ਕਾਰ 22 ਸਤੰਬਰ 2010 ਨੂੰ ਘਰ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਸਕਿਨ ਕੇਅਰ ਕਲੀਨਿਕ ਨੂੰ ਜੁਰਮਾਨੇ ਨਾਲ ਅਦਾ ਕਰਨੇ ਹੋਣਗੇ 69 ਹਜ਼ਾਰ ਰੁਪਏ :

ਬੇਂਗਲੁਰੂ ਦੇ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਅਦਾਲਤ ਨੇ ਸਕਿਨ ਕੇਅਰ ਕਲੀਨਿਕ ਨੂੰ ਇਕ ਔਰਤ ਨੂੰ 59 ਹਜ਼ਾਰ ਰੁਪਏ ਰਿਫੰਡ ਅਤੇ 10 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਮਾਮਲਾ ਬਿਊਟੀ ਪ੍ਰੋਡਕਟਸ ਨਾਲ ਜੁੜਿਆ ਹੈ। ਦਰਅਸਲ ਇਕ ਮਹਿਲਾ ਸਕਿਨ ਕੇਅਰ ਕਲੀਨਿਕ ਤੋਂ ਹੇਅਰ ਰਿਮੂਵਲ ਦਾ ਟ੍ਰੀਟਮੈਂਟ ਕਰਵਾ ਰਹੀ ਸੀ ਪਰ ਟ੍ਰੀਟਮੈਂਟ ਤੋਂ ਬਾਅਦ ਉਸ ਦੀ ਸਕਿਨ ’ਤੇ ਧੱਬੇ ਆ ਗਏ। ਔਰਤ ਨੇ ਇਸ ਦੀ ਸ਼ਿਕਾਇਤ ਖਪਤਕਾਰ ਅਦਾਲਤ ’ਚ ਕੀਤੀ ਅਤੇ ਮੁਆਵਜ਼ੇ ਦੀ ਮੰਗ ਕੀਤੀ। ਜਿਸ ਤੋਂ ਬਾਅਦ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਬੇਂਗਲੁਰੂ ’ਚ ਰਹਿਣ ਵਾਲੀ 37 ਸਾਲਾ ਇਕ ਔਰਤ 2019 ਤੋਂ ਹੇਅਰ ਰਿਮੂਵਲ ਦਾ ਇਲਾਜ ਕਰਵਾ ਰਹੀ ਸੀ। ਉਸ ਦਾ ਇਲਾਜ ਇਕ ਨਿੱਜੀ ਕਲੀਨਿਕ ਵਾਈਬਸ ਹੈਲਥਕੇਅਰ ’ਚ ਚੱਲ ਰਿਹਾ ਸੀ। ਔਰਤ ਦਾ ਕਹਿਣਾ ਹੈ ਕਿ ਇਲਾਜ ਲਈ ਉਸ ਨੇ 59 ਹਜ਼ਾਰ ਰੁਪਏ ਖਰਚ ਕੀਤੇ। ਇਸ ਲਈ ਉਸ ਨੂੰ ਲੋਨ ਵੀ ਲੈਣਾ ਪਿਆ। ਇਲਾਜ ਤੋਂ ਕੁਝ ਸਮੇਂ ਬਾਅਦ ਹੀ ਔਰਤ ਨੂੰ ਸਕਿਨ ’ਤੇ ਖਾਰਸ਼, ਰੈਸ਼ੇਜ਼ ਅਤੇ ਦਰਦ ਦੀ ਸ਼ਿਕਾਇਤ ਹੋਣ ਲੱਗੀ। ਉਸ ਦਾ ਟੈਟੂ ਵੀ ਖਰਾਬ ਹੋ ਗਿਆ। ਇਸ ਤੋਂ ਬਾਅਦ ਉਸ ਨੇ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਖਦਸ਼ਾ ਪ੍ਰਗਟਾਇਆ ਕਿ ਹੇਅਰ ਰਿਮੂਵਲ ਟ੍ਰੀਟਮੈਂਟ ਕਾਰਨ ਅਜਿਹਾ ਹੋ ਸਕਦਾ ਹੈ। ਔਰਤ ਨੇ ਬੇਂਗਲੁਰੂ ’ਚ ਕੰਜ਼ਿਊਮਰ ਕੋਰਟ ਦਾ ਰੁਖ ਕੀਤਾ ਅਤੇ ਹੈਲਥ ਕਲੀਨਿਕ ਖਿਲਾਫ ਪਿਛਲੇ ਸਾਲ 5 ਫਰਵਰੀ ਨੂੰ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ : Paytm ਦੇ ਉਪਭੋਗਤਾਵਾਂ ਨੂੰ ਘਰ ਬੈਠੇ ਮਿਲਣਗੇ 2 ਲੱਖ ਰੁਪਏ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News