AC ਕੋਚ ''ਚੋਂ ਸਾਮਾਨ ਚੋਰੀ ਹੋਣ ਕਾਰਨ ਰੇਲਵੇ ਨੂੰ 1.09 ਲੱਖ ਜੁਰਮਾਨਾ

Sunday, Jul 14, 2019 - 07:43 AM (IST)

AC ਕੋਚ ''ਚੋਂ ਸਾਮਾਨ ਚੋਰੀ ਹੋਣ ਕਾਰਨ ਰੇਲਵੇ ਨੂੰ 1.09 ਲੱਖ ਜੁਰਮਾਨਾ

ਬਰੇਲੀ— ਖਪਤਕਾਰ ਫੋਰਮ ਨੇ ਆਪਣੇ ਇਕ ਮਹੱਤਵਪੂਰਨ ਫੈਸਲੇ 'ਚ ਸਫਰ ਦੌਰਾਨ ਏ. ਸੀ. ਕੋਚ 'ਚੋਂ ਚੋਰੀ ਹੋਏ ਸਾਮਾਨ ਦੇ ਬਦਲੇ ਯਾਤਰੀ ਨੂੰ 1.09 ਲੱਖ ਰੁਪਏ ਅਦਾ ਕਰਨ ਦਾ ਹੁਕਮ ਉੱਤਰ ਰੇਲਵੇ ਨੂੰ ਦਿੱਤਾ ਹੈ।ਇਸ ਦੇ ਲਈ ਰੇਲਵੇ ਦੇ ਇਕ ਸਰਕੁਲਰ ਨੂੰ ਹੀ ਆਧਾਰ ਮੰਨਿਆ ਗਿਆ ਹੈ।



ਕੀ ਸੀ ਮਾਮਲਾ
ਬਰੇਲੀ ਦੇ ਸਿਵਲ ਲਾਈਨਸ ਦੇ ਰਹਿਣ ਵਾਲੇ ਪੁਨੀਤ ਸ਼੍ਰੀਵਾਸਤਵ ਮੁਤਾਬਕ 13-14 ਜਨਵਰੀ 2016 'ਚ ਉਹ ਆਪਣੀ ਪਤਨੀ ਨਾਲ ਨਵੀਂ ਦਿੱਲੀ-ਲਖਨਊ ਸੁਪਰਫਾਸਟ ਟਰੇਨ ਦੇ ਏ. ਸੀ. ਕੋਚ 'ਚ ਸਫਰ ਕਰ ਰਿਹਾ ਸੀ। ਉਸ ਦੀ ਪਤਨੀ ਮਾਨਵੀ ਆਪਣੀ ਬਰਥ 'ਤੇ ਸੌਂ ਰਹੀ ਸੀ ਕਿ ਰਾਮਪੁਰ-ਬਰੇਲੀ ਵਿਚਾਲੇ ਕਿਸੇ ਨੇ ਉਸ ਦਾ ਪਰਸ ਚੋਰੀ ਕਰ ਲਿਆ। ਉਨ੍ਹਾਂ ਉਸ ਸਮੇਂ ਕੋਚ ਕੰਡਕਟਰ ਅਤੇ ਆਰ. ਪੀ. ਐੱਫ. ਨੂੰ ਇਸ ਮਾਮਲੇ 'ਚ ਸੂਚਨਾ ਦਿੱਤੀ।ਜਦੋਂ ਟਰੇਨ 'ਚ ਪਰਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੋਚ ਦੇ ਟਾਇਲਟ 'ਚੋਂ ਮਿਲਿਆ ਪਰ ਉਸ 'ਚੋਂ 57,000 ਰੁਪਏ ਦੀ ਨਕਦੀ ਅਤੇ 2 ਲੱਖ ਰੁਪਏ ਦੇ ਗਹਿਣੇ ਗਾਇਬ ਸਨ।ਗੱਡੀ ਚੱਲਣ ਕਾਰਨ ਘਟਨਾ ਦੀ ਰਿਪੋਰਟ ਲਖਨਊ ਜੀ. ਆਰ. ਪੀ. ਥਾਣੇ 'ਚ ਦਰਜ ਕਰਵਾਈ ਗਈ ਸੀ।ਜੀ. ਆਰ. ਪੀ. ਨੇ ਇਸ ਮਾਮਲੇ 'ਚ ਫਾਈਨਲ ਰਿਪੋਰਟ ਲਾ ਦਿੱਤੀ ਸੀ।ਪੁਨੀਤ ਸ਼੍ਰੀਵਾਸਤਵ ਨੇ ਪੂਰੇ ਦਸਤਾਵੇਜ਼ਾਂ ਸਮੇਤ ਨੁਕਸਾਨ ਪੂਰਤੀ ਲਈ ਰੇਲਵੇ ਨੂੰ ਕਲੇਮ ਕੀਤਾ ਪਰ ਰੇਲਵੇ ਨੇ ‍ਇਨਕਾਰ ਕਰ ਦਿੱਤਾ।ਪ੍ਰੇਸ਼ਾਨ ਹੋ ਕੇ ਪੀੜਤ ਨੇ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ।

ਇਹ ਕਿਹਾ ਫੋਰਮ ਨੇ
ਮਾਮਲੇ ਦੀ ਸੁਣਵਾਈ ਦੌਰਾਨ ਖਪਤਕਾਰ ਫੋਰਮ (ਪਹਿਲਾ) ਦੇ ਪ੍ਰਧਾਨ ਘਣਸ਼ਿਆਮ ਪਾਠਕ ਅਤੇ ਮੈਂਬਰ ਮੁਹੰਮਦ ਕਮਰ ਅਹਿਮਦ ਨੇ ਯਾਤਰੀ ਦੇ ਸਾਮਾਨ ਦੀ ਸੁਰੱਖਿਆ ਦਾ ਜ਼ਿੰਮੇਵਾਰ ਰੇਲਵੇ ਨੂੰ ਮੰਨਿਆ।ਫੋਰਮ ਨੇ 84,000 ਰੁਪਏ ਚੋਰੀ ਹੋਏ ਗਹਿਣੇ ਅਤੇ 15,000 ਰੁਪਏ ਚੋਰੀ ਹੋਈ ਨਕਦੀ ਦੀ ਇਵਜ 'ਚ ਰੇਲਵੇ ਨੂੰ ਹਰਜਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਪੀੜਤ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 5000 ਅਤੇ ਅਦਾਲਤੀ ਖਰਚੇ ਵਜੋਂ ਵੀ 5000 ਰੁਪਏ ਵੀ ਰੇਲਵੇ ਨੂੰ ਵੱਖਰੇ ਤੌਰ 'ਤੇ ਅਦਾ ਕਰਨੇ ਪੈਣਗੇ।


Related News