ਕੰਟਰੈਕਟ ਖੇਤੀ ''ਚ ਜਾਣ ਦਾ ਨਹੀਂ ਇਰਾਦਾ, ਨਾ ਹੀ ਖ਼ਰੀਦਦੇ ਅਨਾਜ : ਅਡਾਨੀ

01/07/2021 9:43:42 PM

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਗਠਨਾਂ ਦੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਅਡਾਨੀ ਸਮੂਹ ਦੀ ਕੰਪਨੀ ਅਡਾਨੀ ਐਗਰੀ ਲੌਜੀਸਟਿਕਸ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀ ਨਾ ਤਾਂ ਕਿਸਾਨਾਂ ਕੋਲੋਂ ਸਿੱਧੇ ਅਨਾਜ ਖ਼ਰੀਦਦੀ ਹੈ, ਨਾ ਹੀ ਕੰਪਨੀ ਠੇਕੇ (ਕੰਟਰੈਕਟ) 'ਤੇ ਖੇਤੀ ਦਾ ਕੰਮ ਕਰਦੀ ਹੈ ਅਤੇ ਨਾ ਹੀ ਭਵਿੱਖ ਵਿਚ ਕੰਪਨੀ ਦਾ ਅਜਿਹਾ ਕਰਨ ਦਾ ਇਰਾਦਾ ਹੈ।

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਕਿਸਾਨਾਂ ਕੋਲੋਂ ਅਨਾਜ ਨਹੀਂ ਖ਼ਰੀਦਦੀ ਸਗੋਂ ਭੰਡਾਰਣ ਲਈ ਸੇਵਾਵਾਂ ਦਿੰਦੀ ਹੈ। ਉਸ ਨੇ ਅਨਾਜ ਭੰਡਾਰਣ ਲਈ ਜੋ ਗੋਦਾਮ (ਸਾਈਲੋ) ਬਣਾਏ ਹਨ, ਉਹ ਪ੍ਰਾਜੈਕਟ ਉਸ ਨੇ 2005 ਵਿਚ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਟੈਂਡਰ ਤਹਿਤ ਮੁਕਾਬਲੇਬਾਜ਼ੀ ਬੋਲੀ ਲਾ ਕੇ ਹਾਸਲ ਕੀਤੇ ਸਨ। ਸਾਲ 2005 ਵਿਚ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿਚ ਸੀ।

ਅਡਾਨੀ ਐਗਰੀ ਲੌਜੀਸਟਿਕਸ ਦੇ ਉਪ ਮੁਖੀ ਪੁਨੀਤ ਮੇਂਹਦੀਰੱਤਾ ਨੇ ਕਿਹਾ, ''ਕੰਪਨੀ ਕੋਈ ਕੰਟਰੈਕਟ ਖੇਤੀ ਨਹੀਂ ਕਰਦੀ ਹੈ ਅਤੇ ਨਾ ਹੀ ਭਵਿੱਖ ਵਿਚ ਕੰਪਨੀ ਦਾ ਅਜਿਹਾ ਕੋਈ ਇਰਾਦਾ ਹੈ। ਇਹ ਵੀ ਗਲਤ ਦੋਸ਼ ਲਾਏ ਜਾ ਰਹੇ ਹਨ ਕਿ ਕੰਪਨੀ ਕੰਟਰੈਕਟ ਖੇਤੀ ਲਈ ਪੰਜਾਬ ਅਤੇ ਹਰਿਆਣਾ ਵਿਚ ਜ਼ਮੀਨ ਲੈ ਰਹੀ ਹੈ।" ਉਨ੍ਹਾਂ ਕਿਹਾ ਕਿ ਕੰਪਨੀ ਦਾ ਕੰਮ ਸਿਰਫ ਅਨਾਜ ਸਟੋਰੇਜ ਅਤੇ ਟ੍ਰਾਂਸਪੋਰਟ ਸਬੰਧੀ ਢਾਂਚਾਗਤ ਸੁਵਿਧਾਵਾਂ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਚਲਾਉਣਾ ਹੈ। ਇਸ ਕੰਮ ਲਈ ਸਾਨੂੰ ਨਿਰਧਾਰਤ ਫ਼ੀਸ ਦੇ ਰੂਪ ਵਿਚ ਪੈਸੇ ਮਿਲਦੇ ਹਨ ਅਤੇ ਇਹ ਰਾਸ਼ੀ ਮੁਕਾਬਲੇਬਾਜ਼ੀ ਟੈਂਡਰ ਤਹਿਤ ਨਿਰਧਾਰਤ ਹੁੰਦੀ ਹੈ। ਗੌਰਤਲਬ ਹੈ ਕਿ ਕੰਪਨੀ ਦੇ ਪੰਜਾਬ ਦੇ ਮੋਗਾ ਵਿਚ ਸਥਿਤ ਗੋਦਾਮ ਬਾਹਰ ਹਾਲ ਹੀ ਵਿਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ।


Sanjeev

Content Editor

Related News