ਟਰਾਈ ਨੇ ਦਿੱਤਾ ਵੱਡਾ ਤੋਹਫਾ, ਮਾਰਚ ਤੋਂ ਕੇਬਲ ਟੀ. ਵੀ. ਗਾਹਕਾਂ ਨੂੰ ਮਿਲਣਗੇ 130 ਰੁਪਏ ’ਚ 200 ਚੈਨਲ

01/02/2020 2:10:24 AM

ਨਵੀਂ ਦਿੱਲੀ (ਇੰਟ.)-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕੇਬਲ ਟੀ. ਵੀ. ਗਾਹਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦਿੰਦੇ ਹੋਏ ਕੀਮਤਾਂ ’ਚ ਵੱਡੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਹੁਣ 1 ਮਾਰਚ, 2020 ਤੋਂ ਗਾਹਕਾਂ ਨੂੰ 130 ਰੁਪਏ ’ਚ 200 ਚੈਨਲ ਮਿਲਣਗੇ। ਉਥੇ ਹੀ 12 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਸਾਰੇ ਟੀ. ਵੀ. ਚੈਨਲ ਕਿਸੇ ਵੀ ਬੁੱਕੇ ਦਾ ਹਿੱਸਾ ਨਹੀਂ ਹੋਣਗੇ।

ਪਹਿਲਾਂ ਕੇਬਲ ਟੀ. ਵੀ. ਗਾਹਕਾਂ ਨੂੰ 130 ਰੁਪਏ ’ਚ ਸਿਰਫ 100 ਫ੍ਰੀ ਟੂ ਏਅਰ ਚੈਨਲ ਮਿਲਦੇ ਸਨ। ਟੈਕਸ ਮਿਲਾ ਕੇ ਇਹ 154 ਰੁਪਏ ਦੇ ਕਰੀਬ ਬੈਠਦੇ ਸਨ। ਇਨ੍ਹਾਂ ’ਚੋਂ 26 ਚੈਨਲਸ ਸਿਰਫ ਪ੍ਰਸਾਰ ਭਾਰਤੀ ਦੇ ਹੁੰਦੇ ਸਨ। ਟਰਾਈ ਨੇ ਨਿਯਮਾਂ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਹੈ। ਕੰਪਨੀਆਂ ਨੂੰ ਟੈਰਿਫ ਦੀ ਜਾਣਕਾਰੀ 15 ਜਨਵਰੀ ਨੂੰ ਵੈੱਬਸਾਈਟ ’ਤੇ ਪਾਉਣੀ ਹੋਵੇਗੀ। ਸਾਰੇ ਪ੍ਰਮੁੱਖ ਬਰਾਡਕਾਸਟਰਸ ਨੇ ਆਪਣੇ ਪੈਕੇਜ ਅਨਾਊਂਸ ਕਰ ਰੱਖੇ ਹਨ। ਬਰਾਡਕਾਸਟਰ 19 ਰੁਪਏ ਵਾਲੇ ਚੈਨਲ ਬੁੱਕੇ ’ਚ ਨਹੀਂ ਦੇ ਸਕਣਗੇ। 12 ਰੁਪਏ ਤੋਂ ਘੱਟ ਕੀਮਤ ਦੇ ਚੈਨਲ ਹੀ ਬੁੱਕੇ ’ਚ ਦਿੱਤੇ ਜਾ ਸਕਣਗੇ। ਗਾਹਕ ਲਈ ਕਰੀਬ 33 ਫੀਸਦੀ ਦਾ ਡਿਸਕਾਊਂਟ ਹੋਵੇਗਾ।

40 ਫੀਸਦੀ ਘੱਟ ਹੋਵੇਗਾ ਦੂਜੇ ਕੁਨੈਕਸ਼ਨ ਦਾ ਕਿਰਾਇਆ
ਟਰਾਈ ਨੇ ਇਕ ਹੀ ਘਰ ਜਾਂ ਫਿਰ ਆਫਿਸ ’ਚ ਇਕ ਤੋਂ ਜ਼ਿਆਦਾ ਕੁਨੈਕਸ਼ਨ ਲੈਣ ’ਤੇ 40 ਫੀਸਦੀ ਛੋਟ ਦੇਣ ਦੀ ਗੱਲ ਕਹੀ ਹੈ। ਹੁਣ ਕੇਬਲ ਕੰਪਨੀਆਂ ਨੂੰ ਅਜਿਹਾ ਕੁਨੈਕਸ਼ਨ ਦੇਣ ’ਤੇ ਕੀਮਤਾਂ ’ਚ ਕਮੀ ਕਰਨੀ ਹੋਵੇਗੀ। ਅਜੇ ਅਜਿਹੇ ਕੁਨੈਕਸ਼ਨ ’ਤੇ ਵੀ ਐੱਨ. ਸੀ. ਐੱਫ. ਪਹਿਲੇ ਕੁਨੈਕਸ਼ਨ ਦੇ ਬਰਾਬਰ ਹੀ ਰਹਿੰਦਾ ਹੈ।

ਦੇਣਾ ਹੋਵੇਗਾ ਕੰਟੈਂਟ ਚਾਰਜ
ਇਸ ਸਮੇਂ ਗਾਹਕ ਨੂੰ ਟੀ. ਵੀ. ਦੇਖਣ ਲਈ 2 ਤਰ੍ਹਾਂ ਦੇ ਬਿੱਲ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ’ਚ ਐੱਨ. ਸੀ. ਐੱਫ. ਅਤੇ ਕੰਟੈਂਟ ਚਾਰਜ ਸ਼ਾਮਲ ਹਨ। ਗਾਹਕ ਵੱਲੋਂ ਦਿੱਤਾ ਗਿਆ ਕੰਟੈਂਟ ਦਾ ਚਾਰਜ ਬਰਾਡਕਾਸਟਰ ਦੇ ਅਕਾਊਂਟ ’ਚ ਜਾਂਦਾ ਹੈ ਤਾਂ ਦੂਜੇ ਪਾਸੇ ਐੱਨ. ਸੀ. ਐੱਫ. ਚਾਰਜ ਡੀ. ਟੀ. ਐੱਚ. ਜਾਂ ਕੇਬਲ ਟੀ. ਵੀ. ਦਾਤਾ ਨੂੰ ਦਿੱਤਾ ਜਾਂਦਾ ਹੈ। ਇਸ ਚਾਰਜ ’ਚ ਗਾਹਕ ਨੂੰ 100 ਚੈਨਲਾਂ ਲਈ 153 ਰੁਪਏ ਦੇਣ ਪੈਂਦੇ ਹਨ।


Karan Kumar

Content Editor

Related News