Colgate ''ਤੇ ਪੇਂਡੂ ਬਾਜ਼ਾਰਾਂ ਦੀ ਸੁਸਤੀ ਪਈ ਭਾਰੀ, ਕੰਪਨੀ ਨੂੰ ਇੰਨਾ ਘਾਟਾ
Thursday, Jul 18, 2019 - 02:55 PM (IST)
ਨਵੀਂ ਦਿੱਲੀ— FMCG ਦੀ ਪ੍ਰਮੁੱਖ ਕੰਪਨੀ ਕੋਲਗੇਟ ਦੀ ਕਮਾਈ ਨੂੰ ਜੂਨ ਤਿਮਾਹੀ 'ਚ ਝਟਕਾ ਲੱਗਾ ਹੈ। ਪੇਂਡੂ ਬਾਜ਼ਾਰਾਂ 'ਚ ਸੁਸਤ ਗ੍ਰੋਥ ਕਾਰਨ ਕੋਲਗੇਟ ਦਾ ਸ਼ੁੱਧ ਮੁਨਾਫਾ 30 ਜੂਨ 2019 ਨੂੰ ਖਤਮ ਹੋਈ ਤਿਮਾਹੀ 'ਚ 10.76 ਫੀਸਦੀ ਘੱਟ ਕੇ 169.11 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਤਿਮਾਹੀ 'ਚ ਕੰਪਨੀ ਨੇ 189.51 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ।
ਉੱਥੇ ਹੀ, ਇਸ ਸਾਲ ਜੂਨ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ 1,100.03 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਪਿਛਲੇ ਸਾਲ ਦੀ 1,050.46 ਕਰੋੜ ਰੁਪਏ ਤੋਂ 4.71 ਫੀਸਦੀ ਵੱਧ ਰਹੀ।
FMCG ਦੀ ਇਸ ਪ੍ਰਮੁੱਖ ਕੰਪਨੀ ਨੇ ਕਿਹਾ ਕਿ ਪੇਂਡੂ ਬਾਜ਼ਾਰਾਂ ਦੀ ਗ੍ਰੋਥ ਉਮੀਦਾਂ ਤੋਂ ਘੱਟ ਰਹਿਣ ਕਾਰਨ ਮੰਗ 'ਚ ਪਿਛਲੀ ਤਿਮਾਹੀ ਸੁਸਤੀ ਦਰਜ ਕੀਤੀ ਗਈ। ਕੰਪਨੀ ਨੇ ਕਿਹਾ ਕਿ ਉਹ ਇਸ ਸੁਸਤੀ ਨੂੰ ਅਸਥਾਈ ਮੰਨਦੀ ਹੈ ਤੇ ਆਉਣ ਵਾਲੇ ਤਿਮਾਹੀਆਂ 'ਚ ਮੰਗ 'ਚ ਤੇਜ਼ੀ ਦਰਜ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਕੰਪਨੀ ਦੇ ਸਟਾਕਸ ਦੀ ਗੱਲ ਕਰੀਏ ਤਾਂ ਬੀ. ਐੱਸ. ਈ. 'ਤੇ ਇਹ 3.22 ਫੀਸਦੀ ਦੀ ਬੜ੍ਹਤ ਨਾਲ 1205.30 'ਤੇ ਕਾਰੋਬਾਰ ਕਰ ਰਹੇ ਸਨ। ਕੋਲਗੇਟ ਦੇ ਭਾਰਤੀ ਕਾਰੋਬਾਰ ਦੇ ਪ੍ਰਬੰਧਕ ਨਿਰਦੇਸ਼ਕ ਨੇ ਕਿਹਾ ਕਿ ਮੰਗ 'ਚ ਸੁਸਤੀ ਦੇ ਬਾਵਜੂਦ ਕੰਪਨੀ ਕਾਰੋਬਾਰ ਨੂੰ ਮਜਬੂਤ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖੇਗੀ ਤੇ ਨਿਵੇਸ਼ ਵੀ ਪਹਿਲਾਂ ਦੀ ਤਰ੍ਹਾਂ ਕਰਦੀ ਰਹੇਗੀ। ਕੰਪਨੀ ਨੇ ਕਿਹਾ ਕਿ ਮੰਗ 'ਚ ਸੁਸਤੀ ਥੋੜ੍ਹੀ ਦੇਰੀ ਦੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ 'ਚ ਜਲਦ ਮਜਬੂਤੀ ਆਵੇਗੀ।