ਵੀਜ਼ਾ ਇਮੀਗ੍ਰੇਸ਼ਨ ਕੰਪਨੀ ਨੇ 70 ਲੱਖ ਦੀ ਠੱਗੀ ਮਾਰੀ
Wednesday, Oct 23, 2024 - 02:57 PM (IST)
ਚੰਡੀਗੜ੍ਹ (ਸੁਸ਼ੀਲ) : ਸਟੱਡੀ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-17 ਸਥਿਤ ਵਰਲਡ ਵੀਜ਼ਾ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਫ਼ਤਿਹਗੜ੍ਹ ਸਾਹਿਬ ਦੇ ਵਸਨੀਕ ਨਾਲ 69 ਲੱਖ 31 ਹਜ਼ਾਰ ਰੁਪਏ ਦੀ ਠੱਗੀ ਮਾਰੀ। ਲੱਖਾਂ ਰੁਪਏ ਲੈਣ ਤੋਂ ਬਾਅਦ ਨਾ ਤਾਂ ਸ਼ਿਕਾਇਤਕਰਤਾ ਦੀ ਕੁੜੀ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਸੈਕਟਰ-17 ਥਾਣੇ ਦੀ ਪੁਲਸ ਨੇ ਹਰਦੀਪ ਸਿੰਘ ਦੀ ਸ਼ਿਕਾਇਤ ’ਤੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਖੁਸ਼ਪਾਲ ਸਿੰਘ, ਗੁਰਮੇਲ ਸਿੰਘ, ਵਿਨੈ ਤੇ ਹੋਰਨਾਂ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ-46 ਦੇ ਵਸਨੀਕ ਹਰਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਕੁੜੀ ਦਾ ਵਰਕ ਵੀਜ਼ਾ ਲਗਵਾਉਣਾ ਸੀ। ਇਸ ਲਈ ਉਹ ਸੈਕਟਰ-17 ਸਥਿਤ ਵਰਲਡ ਵੀਜ਼ਾ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਖੁਸ਼ਪਾਲ ਸਿੰਘ, ਗੁਰਮੇਲ ਸਿੰਘ, ਵਿਨੈ ਤੇ ਹੋਰ ਕਰਮਚਾਰੀਆਂ ਨੂੰ ਮਿਲਿਆ। ਉਨ੍ਹਾਂ ਨੇ ਵੀਜ਼ਾ ਲਗਵਾਉਣ ਦੇ ਵੱਖ-ਵੱਖ ਖ਼ਰਚਿਆਂ ਦੇ ਨਾਂ ’ਤੇ 69 ਲੱਖ 31 ਹਜ਼ਾਰ ਰੁਪਏ ਲਏ ਅਤੇ 2 ਮਹੀਨਿਆਂ ’ਚ ਵੀਜ਼ਾ ਲਗਵਾਉਣ ਦਾ ਵਾਅਦਾ ਕੀਤਾ, ਪਰ ਵੀਜ਼ਾ ਨਹੀਂ ਮਿਲਿਆ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।