ਦੁਕਾਨਦਾਰ ਨੂੰ ਸੁੱਕੇ ਪਿਆਜ ਮੰਗਵਾਉਣੇ ਪਏ ਭਾਰੀ, 16 ਲੱਖ ਦੀ ਮਾਰੀ ਠੱਗੀ

Thursday, Oct 24, 2024 - 11:27 AM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-26 ਸਬਜ਼ੀ ਮੰਡੀ ਦੇ ਦੁਕਾਨਦਾਰ ਨੂੰ ਸੁੱਕੇ ਪਿਆਜ ਮੰਗਵਾਣੇ ਭਾਰੀ ਪੈ ਗਏ। ਜੰਮੂ-ਕਸ਼ਮੀਰ ਦੇ ਵਿਅਕਤੀ ਨੇ ਪਿਆਜ ਸਪਲਾਈ ਕਰਨ ਦੇ ਚੱਕਰ ’ਚ ਉਸ ਤੋਂ 16 ਲੱਖ 90 ਹਜ਼ਾਰ ਦੀ ਠੱਗੀ ਮਾਰ ਲਈ। ਪੈਸੇ ਆਨਲਾਈਨ ਟਰਾਂਸਫਰ ਕਰਵਾਉਣ ਤੋਂ ਬਾਅਦ ਮੁਲਜ਼ਮ ਫਾਰੂਕ ਅਹਿਮਦ ਸਾਹਿਦ ਨੇ ਨਾ ਤਾਂ ਪਿਆਜ ਭੇਜੇ ਤੇ ਨਾ ਹੀ ਫੋਨ ਚੁੱਕਿਆ। ਸ਼ਿਕਾਇਤਕਰਤਾ ਵਿਨੋਦ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਦੁਕਾਨਦਾਰ ਵਿਨੋਦ ਦੀ ਸ਼ਿਕਾਇਤ ’ਤੇ ਮੁਲਜ਼ਮ ਜੰਮੂ-ਕਸ਼ਮੀਰ ਨਿਵਾਸੀ ਫਾਰੂਕ ਅਹਿਮਦ ਸਾਹਿਦ ’ਤੇ ਧੋਖਾਧੜੀ ਸਣੇ ਹੋਰਨਾਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
20 ਰੁਪਏ ਕਿਲੋ ਦੇ ਹਿਸਾਬ ਨਾਲ ਦੇਣਾ ਸੀ ਪਿਆਜ
ਸ਼ਿਕਾਇਤਕਰਤਾ ਵਿਨੋਦ ਕੁਮਾਰ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਸੈਕਟਰ-26 ਸਬਜ਼ੀ ਮੰਡੀ ’ਚ ਫਲ-ਸਬਜ਼ੀ ਦੀ ਦੁਕਾਨ ਹੈ। ਮਾਰਚ ਨੂੰ ਉਸ ਨੇ ਸੁੱਕਾ ਪਿਆਜ ਮੰਗਵਾਉਣ ਲਈ ਜੰਮੂ-ਕਸ਼ਮੀਰ ਦੇ ਫਾਰੂਕ ਅਹਿਮਦ ਸਾਹਿਦ ਨਾਲ ਸੰਪਰਕ ਕੀਤਾ ਸੀ। ਫਾਰੂਕ ਅਹਿਮਦ ਸਾਹਿਦ ਨੇ ਉਸ ਨੂੰ ਵਟਸਐਪ ’ਤੇ ਸੁੱਕੇ ਪਿਆਜ ਦੀਆਂ ਫੋਟੋਆਂ ਭੇਜੀਆਂ ਸਨ। ਉਸ ਨੇ ਕਿਹਾ ਸੀ ਕਿ ਉਸ ਕੋਲ ਪਿਆਜ ਦਾ ਸਟਾਕ ਹੈ। ਵਿਨੋਦ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ 20 ਰੁਪਏ ਕਿੱਲੋ ਦੇ ਹਿਸਾਬ ਨਾਲ ਪਿਆਜ ਭੇਜਣੇ ਸੀ।

ਉਸ ਨੇ ਮੁਲਜ਼ਮ ਦੀਆਂ ਗੱਲਾਂ ’ਤੇ ਵਿਸ਼ਵਾਸ ਕਰ ਕੇ ਉਸ ਦੇ ਦੱਸੇ ਖ਼ਾਤੇ ’ਚ 16 ਲੱਖ 90 ਹਜ਼ਾਰ ਰੁਪਏ ਟਰਾਂਸਫਰ ਕਰਵਾ ਦਿੱਤੇ। ਕਰੀਬ 15 ਦਿਨ ਤੱਕ ਜਦੋਂ ਪਿਆਜ ਦੀ ਡਿਲੀਵਰੀ ਨਹੀਂ ਹੋਈ ਤਾਂ ਉਸ ਨੇ ਫਾਰੂਕ ਅਹਿਮਦ ਸਾਹਿਦ ਨੂੰ ਫੋਨ ਕੀਤਾ ਤਾਂ ਉਸ ਨੇ ਨਹੀਂ ਚੁੱਕਿਆ। ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਦੁਕਾਨਦਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਫਾਰੂਕ ਅਹਿਮਦ ਸਾਹਿਦ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਬੈਂਕ ਖ਼ਾਤੇ ਰਾਹੀਂ ਮੁਲਜ਼ਮ ਦਾ ਸੁਰਾਗ ਲਗਾਉਣ ’ਚ ਲੱਗੀ ਹੈ।
 


Babita

Content Editor

Related News