ਚੀਨ ਦਾ ਮੁਕਾਬਲਾ ਕਰਨ ਲਈ ਦੁਨੀਆ ਦੇ 7 ਕੇਂਦਰੀ ਬੈਂਕ ਜਲਦੀ ਹੀ ਜ਼ਾਰੀ ਕਰਨਗੇ ਡਿਜੀਟਲ ਕਰੰਸੀ
Sunday, Oct 11, 2020 - 10:10 AM (IST)
ਲੰਡਨ : ਦੁਨੀਆ ਦੇ 7 ਪ੍ਰਮੁੱਖ ਕੇਂਦਰੀ ਬੈਂਕ ਜਿਨ੍ਹਾਂ 'ਚ ਯੂ.ਐੱਸ. ਫੈਡਰਲ ਰਿਜ਼ਰਵ ਬੈਂਕ ਵੀ ਸ਼ਾਮਲ ਹੈ, ਨੇ ਜਲਦੀ ਹੀ ਇਕ ਡਿਜੀਟਲ ਕਰੰਸੀ ਨੂੰ ਜ਼ਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਚੀਨ ਦਾ ਮੁਕਾਬਲਾ ਕੀਤਾ ਜਾ ਸਕੇ। ਉਕਤ ਕੇਂਦਰੀ ਬੈਂਕਾਂ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (ਡੀ.ਆਈ.ਐੱਸ.) ਨੇ ਸ਼ਨੀਵਾਰ ਕਿਹਾ ਕਿ ਇਸ ਡਿਜੀਟਲ ਕਰੰਸੀ ਦੀਆਂ ਮੁੱਖ ਖੂਬੀਆਂ 'ਚ ਖ਼ਾਸ ਗੱਲ ਇਹ ਹੋਵੇਗੀ ਕਿ ਖ਼ਪਤਕਾਰਾਂ ਨੂੰ ਇਸ ਲਈ ਸੇਵਾਵਾਂ ਜਾਂ ਤਾਂ ਬਿਲਕੁੱਲ ਹੀ ਮੁਫ਼ਤ ਮਿਲਣਗੀਆਂ ਜਾਂ ਮਾਮੂਲੀ ਜਿਹੀ ਅਦਾਇਗੀ ਕਰਨੀ ਹੋਵੇਗੀ।
ਬੈਂਕ ਆਫ ਇੰਗਲੈਂਡ ਦੇ ਡਿਪਟੀ ਗਵਰਨਰ ਜਾਨ ਕਨਲਿਫੀ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਲਾਕਡਾਊਨ ਦੌਰਾਨ ਲੋਕਾਂ ਨੂੰ ਨਕਦੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਹ ਸੰਕਟ ਅਜੇ ਵੀ ਖਤਮ ਨਹੀਂ ਹੋਇਆ। ਲੋਕਾਂ 'ਚ ''ਕੈਸ਼ਲੈੱਸ'' ਪ੍ਰਣਾਲੀ ਪ੍ਰਤੀ ਦਿਲਚਸਪੀ ਵਧੀ ਹੈ। ਫੇਸਬੁੱਕ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ ਖੁਦ ਇਕ ਡਿਜੀਟਲ ਟੋਕਨ 'ਲਿਬਰਾ' ਨੂੰ ਜਾਰੀ ਕਰੇਗੀ। ਅਜੇ ਫੇਸਬੁੱਕ ਨੇ ਇਹ ਟੋਕਨ ਜਾਰੀ ਨਹੀਂ ਕੀਤਾ। ਇਸ 'ਚ ਮੁੱਖ ਵੱਡੀਆਂ ਕਰੰਸੀਆਂ ਦਾ ਸਮੇਲ ਹੋਵੇਗਾ। ਜਦ ਤੱਕ 'ਲਿਬਰਾ' ਨੂੰ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਕਤ 7 ਬੈਂਕਾਂ ਵੱਲੋਂ ਡਿਜੀਟਲ ਕਰੰਸੀ ਨੂੰ ਜਾਰੀ ਕਰਨ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ।
ਉਕਤ ਕੇਂਦਰੀ ਬੈਂਕ ਸਮਝਦੇ ਹਨ ਕਿ ਪ੍ਰਾਈਵਟ ਸੈੱਕਟਰ ਨੂੰ ਗੈਰ ਢੁੱਕਵੇਂ ਤਰੀਕਿਆਂ ਰਾਹੀਂ ਭੁਗਤਾਨ ਦੇ ਖੱਪੇ ਪੂਰਨ ਤੋਂ ਰੋਕਿਆ ਜਾ ਸਕੇ। ਜੌਨ ਨੇ ਕਿਹਾ ਕਿ ਉਕਤ 7 ਬੈਂਕਾਂ ਨੇ ਆਪਸ 'ਚ ਤਾਲਮੇਲ ਕਰ ਲਿਆ ਹੈ। ਇਨ੍ਹਾਂ 'ਚ ਯੂਰਪੀਨ ਸੈਂਟਰਲ ਬੈਂਕ, ਸਵਿੱਸ ਨੈਸ਼ਨਲ ਬੈਂਕ ਅਤੇ ਬੈਂਕ ਆਫ ਜਾਪਾਨ ਸ਼ਾਮਲ ਹਨ। ਪੀਪਲਜ਼ ਬੈਂਕ ਆਫ ਚਾਈਨਾਂ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਗਿਆ। ਚੀਨ ਵੱਲੋਂ ਪਹਿਲਾਂ ਤੋਂ ਹੀ ਡਿਜੀਟਲ ਕਰੰਸੀ ਬਾਰੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਸ ਦਾ ਕਹਿਣਾ ਹੈ ਕਿ ਡਾਲਰ ਕਾਰਨ ਦੁਨੀਆ ਦੀ ਕਰੰਸੀ ਨੂੰ ਜੋ ਢਾਹ ਵੱਜੀ ਹੈ, ਨੂੰ ਦੂਰ ਕਰਨ ਲਈ ਉਹ ਆਪਣੇ ਦੇਸ਼ 'ਚ ਉਕਤ ਕਰੰਸੀ ਨੂੰ ਉਤਸ਼ਾਹਿਤ ਕਰੇਗਾ। ਜਾਪਾਨ ਦੇ ਇਕ ਚੋਟੀ ਦੇ ਵਪਾਰਕ ਡਿਪਲੋਮੈਟ ਕੇਨਜੀ ਨੇ ਕਿਹਾ ਕਿ ਚੀਨ ਡਿਜੀਟਲ ਕਰੰਸੀ ਦਾ ਸਭ ਤੋਂ ਵੱਧ ਲਾਭ ਲੈਣ ਲਈ ਕੋਸ਼ਿਸ਼ ਕਰ ਰਿਹਾ ਹੈ।
ਕੀ ਹੁੰਦੀ ਹੈ ਡਿਜੀਟਲ ਕਰੰਸੀ
ਜਿਸ ਤਰ੍ਹਾਂ ਆਮ ਕਰੰਸੀ ਨੋਟ ਅਤੇ ਸਿੱਕੇ ਹੁੰਦੇ ਹਨ, ਡਿਜੀਟਲ ਕਰੰਸੀ ਇਸ ਦੇ ਉਲਟ ਇਕ ਵੱਖਰੀ ਕਿਸਮ ਦੀ ਕਰੰਸੀ ਹੈ ਪਰ ਡਿਜੀਟਲ ਕਰੰਸੀ ਰਾਹੀਂ ਕੋਈ ਵੀ ਖਪਤਕਾਰ ਹੋਰਨਾਂ ਵਪਾਰਕ ਬੈਂਕਾਂ ਨੂੰ ਲਾਂਭੇ ਰੱਖ ਕੇ ਉਕਤ ਸੈਂਟਰਲ ਬੈਂਕਾਂ ਦੀ ਕਿਸੇ ਵੀ ਸ਼ਾਖਾ ਤੋਂ ਰਕਮ ਹਾਸਲ ਕਰ ਸਕਦਾ ਹੈ। ਖਪਤਕਾਰ ਨੂੰ ਉਕਤ ਬੈਂਕਾਂ ਵੱਲੋਂ ਪੂਰਨ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਸੈਂਟਰਲ ਬੈਂਕਾਂ ਕੋਲ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਉਂਦੀ।
ਡਿਜੀਟਲ ਕਰੰਸੀ ਦੀ ਕਿਉਂ ਪਈ ਲੋੜ?
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਂਟਰਲ ਬੈਂਕ ਡਿਜੀਟਲ ਕਰੰਸੀ ਦੀ ਲੋੜ ਇਸ ਲਈ ਪਈ ਕਿਉਂਕਿ ਆਮ ਲੋਕ ਹਰ ਸਮੇਂ ਆਪਣੇ ਕੋਲ ਨਕਦੀ ਨਹੀਂ ਰੱਖ ਸਕਦੇ। ਖਪਤਕਾਰਾਂ ਨੂੰ ਹੁਣ ਸੁਰੱਖਿਅਤ ਅਤੇ ਸੌਖਾ ਬਦਲ ਉਕਤ ਕਰੰਸੀ ਦੇ ਰੂਪ 'ਚ ਮਿਲਿਆ ਹੈ।
ਡਿਜੀਟਲ ਕਰੰਸੀ ਕਿਸ ਤਰ੍ਹਾਂ ਦੀ ਲੱਗਦੀ ਹੈ?
ਸੈਂਟਰਲ ਬੈਂਕ ਡਿਜੀਟਲ ਕਰੰਸੀ ਇਕ ਟੋਕਨ ਦੇ ਰੂਪ 'ਚ ਹੋ ਸਕਦੀ ਹੈ। ਇਸ ਨੂੰ ਕਿਸੇ ਮੋਬਾਈਲ ਫੋਨ ਜਾਂ ਪ੍ਰੀਪੇਡ ਕਾਰਡ 'ਚ ਸੇਵ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਆਨਲਾਈਨ ਇਸ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ। ਕਿਸੇ ਨੂੰ ਇਸ ਸਬੰਧੀ ਪਤਾ ਵੀ ਨਹੀਂ ਲੱਗੇਗਾ। ਇਸ ਦਾ ਰਿਕਾਰਡ ਸਿਰਫ ਬੈਂਕ ਕੋਲ ਹੀ ਹੋਵੇਗਾ।