ਜੁਲਾਈ ''ਚ ਚੀਨ ਦੀ ਬਰਾਮਦ, ਦਰਾਮਦ ਵਧੀ ਪਰ ਵਿਕਾਸ ਦਰ ਪਈ ਸੁਸਤ
Saturday, Aug 07, 2021 - 04:18 PM (IST)
ਨਵੀਂ ਦਿੱਲੀ- ਚੀਨ ਦੀ ਬਰਾਮਦ ਅਤੇ ਦਰਾਮਦ ਜੁਲਾਈ ਵਿਚ ਵਧੀ ਹੈ ਪਰ ਉਸ ਦੀ ਵਿਕਾਸ ਦਰ ਹੌਲੀ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨੂੰ ਨਿਯੰਤਰਿਤ ਕਰਨ ਦੀਆਂ ਕੋਸ਼ਿਸ਼ਾਂ ਵਿਚਕਾਰ ਕਾਰੋਬਾਰੀ ਭਾਵਨਾ ਪ੍ਰਭਾਵਿਤ ਹੋਈਆਂ ਹਨ ਅਤੇ ਖਪਤਕਾਰ ਦੇ ਖ਼ਰਚ ਵਿਚ ਕਮੀ ਆਈ ਹੈ।
ਸ਼ਨੀਵਾਰ ਨੂੰ ਜਾਰੀ ਕਸਟਮ ਅੰਕੜਿਆਂ ਅਨੁਸਾਰ, ਚੀਨ ਦੀ ਬਰਾਮਦ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੇ ਮੁਕਾਬਲੇ ਜੁਲਾਈ ਵਿਚ 18.9 ਫ਼ੀਸਦੀ ਵੱਧ ਕੇ 282.7 ਅਰਬ ਡਾਲਰ ਹੋ ਗਈ। ਹਾਲਾਂਕਿ, ਜੂਨ ਵਿਚ ਚੀਨ ਦੀ ਬਰਾਮਦ 32.2 ਫੀਸਦੀ ਵਧੀ ਸੀ।
ਇਸੇ ਤਰ੍ਹਾਂ ਜੁਲਾਈ ਵਿਚ ਚੀਨ ਦੀ ਦਰਾਮਦ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 28.7 ਫ਼ੀਸਦੀ ਵੱਧ ਕੇ 227.1 ਅਰਬ ਡਾਲਰ ਹੋ ਗਈ ਹੈ। ਚੀਨ ਦੀ ਦਰਾਮਦ ਜੂਨ ਵਿਚ 36.7 ਫੀਸਦੀ ਵਧੀ ਸੀ। ਸਮੀਖਿਆ ਅਧੀਨ ਮਿਆਦ ਦੌਰਾਨ ਅਮਰੀਕਾ ਨੂੰ ਚੀਨ ਦੀ ਬਰਾਮਦ ਇਕ ਸਾਲ ਪਹਿਲਾਂ ਦੇ ਮੁਕਾਬਲੇ 13.4 ਫੀਸਦੀ ਵੱਧ ਕੇ 49.6 ਅਰਬ ਡਾਲਰ ਰਹੀ। ਹਾਲਾਂਕਿ, ਅਮਰੀਕਾ ਨੂੰ ਚੀਨ ਦੀ ਬਰਾਮਦ ਜੂਨ ਵਿਚ 17.8 ਫੀਸਦੀ ਵਧੀ ਸੀ। ਟੈਰਿਫ ਨੂੰ ਲੈ ਕੇ ਵਿਵਾਦਾਂ ਦੇ ਬਾਵਜੂਦ ਅਮਰੀਕਾ ਨੂੰ ਚੀਨ ਦੀ ਬਰਾਮਦ ਲਗਾਤਾਰ ਵੱਧ ਰਹੀ ਹੈ। ਅਮਰੀਕਾ ਤੋਂ ਚੀਨ ਦੀ ਦਰਾਮਦ ਜੁਲਾਈ ਵਿਚ 25.6 ਫ਼ੀਸਦੀ ਵੱਧ ਕੇ 14.2 ਅਰਬ ਡਾਲਰ ਰਹੀ। ਪਿਛਲੇ ਮਹੀਨੇ ਅਮਰੀਕਾ ਤੋਂ ਦਰਾਮਦ 37.6 ਫੀਸਦੀ ਵਧੀ ਸੀ।