ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

Thursday, Apr 09, 2026 - 04:39 AM (IST)

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

ਮੁੰਬਈ - ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਟੈਲੀਕਾਮ ਸੈਕਟਰ ’ਚ ਵੱਡਾ ਬਦਲਾਅ ਪ੍ਰਸਤਾਵਿਤ ਕੀਤਾ ਹੈ। ਨਵੇਂ ਡਰਾਫਟ ਨਿਯਮਾਂ ਤਹਿਤ ਟੈਲੀਕਾਮ ਕੰਪਨੀਆਂ ਨੂੰ ਸਾਰੇ ਵੈਲਿਡ ਬਦਲਾਂ ’ਚ ਸਿਰਫ ਵਾਇਸ ਅਤੇ ਐੱਸ. ਐੱਮ. ਐੱਸ. ਵਾਲੇ ਰਿਚਾਰਜ ਪਲਾਨ ਵੀ ਉਪਲੱਬਧ ਕਰਵਾਉਣੇ ਪੈ ਸਕਦੇ ਹਨ। ਇਸ ਕਦਮ ਦਾ ਉਦੇਸ਼ ਉਨ੍ਹਾਂ ਖਪਤਕਾਰਾਂ ਨੂੰ ਰਾਹਤ ਦੇਣਾ ਹੈ, ਜੋ ਡਾਟਾ ਸੇਵਾਵਾਂ ਦੀ ਵਰਤੋਂ ਨਹੀਂ ਕਰਦੇ।

ਬੰਡਲ ਪਲਾਨ ਤੋਂ ਰਾਹਤ ਦਿਵਾਉਣ ਦੀ ਕੋਸ਼ਿਸ਼
ਟ੍ਰਾਈ ਅਨੁਸਾਰ ਮੌਜੂਦਾ ਸਮੇਂ ’ਚ ਜ਼ਿਆਦਾਤਰ ਰਿਚਾਰਜ ਪਲਾਨ ਡਾਟਾ, ਕਾਲ ਅਤੇ ਐੱਸ. ਐੱਮ. ਐੱਸ. ਨੂੰ ਇਕ ਨਾਲ ਬੰਡਲ ਕਰ ਕੇ ਦਿੱਤੇ ਜਾਂਦੇ ਹਨ। ਇਸ ਨਾਲ ਅਜਿਹੇ ਖਪਤਕਾਰਾਂ ਨੂੰ ਨੁਕਸਾਨ ਹੁੰਦਾ ਹੈ, ਜਿਨ੍ਹਾਂ ਨੂੰ ਸਿਰਫ ਕਾਲ ਜਾਂ ਐੱਸ. ਐੱਮ. ਐੱਸ. ਦੀ ਲੋੜ ਹੁੰਦੀ ਹੈ ਪਰ ਉਨ੍ਹਾਂ ਨੂੰ ਮਜਬੂਰੀ ’ਚ ਡਾਟਾ ਲਈ ਵੀ ਭੁਗਤਾਨ ਕਰਨਾ ਪੈਂਦਾ ਹੈ। ਨਵੇਂ ਪ੍ਰਸਤਾਵ ਦਾ ਮਕਸਦ ਇਸ ਅਸੰਤੁਲਨ ਨੂੰ ਖਤਮ ਕਰ ਕੇ ਖਪਤਕਾਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਬਦਲ ਦੇਣਾ ਹੈ।

ਹਰ ਵੈਲੇਡਿਟੀ ਨਾਲ ਦੇਣਾ ਹੋਵੇਗਾ ਬਦਲ
ਡਰਾਫਟ ਮੁਤਾਬਕ ਜੇਕਰ ਕੋਈ ਕੰਪਨੀ 28, 56 ਜਾਂ 84 ਦਿਨਾਂ ਦਾ ਡਾਟਾ ਪਲਾਨ ਦਿੰਦੀ ਹੈ, ਤਾਂ ਉਸ ਨੂੰ ਉਸੇ ਵੈਲੇਡਿਟੀ ਲਈ ਬਿਨਾਂ ਡਾਟਾ ਵਾਲਾ ਵਾਇਸ ਅਤੇ ਐੱਸ. ਐੱਮ. ਐੱਸ. ਪਲਾਨ ਵੀ ਦੇਣਾ ਹੋਵੇਗਾ। ਇਸ ਨਾਲ ਨਾਨ-ਡਾਟਾ ਯੂਜ਼ਰਜ਼ ਨੂੰ ਵੀ ਸਮਾਨ ਬਦਲ ਅਤੇ ਲਚਕੀਲਾਪਨ ਮਿਲ ਸਕੇਗਾ। ਐੱਸ. ਐੱਮ. ਐੱਸ. ਨੇ ਛੋਟੀ ਵੈਲੇਡਿਟੀ ਵਾਲੇ ਪਲਾਨ ਪੇਸ਼ ਕਰਨ ਦਾ ਵੀ ਪ੍ਰਸਤਾਵ ਦਿੱਤਾ ਹੈ। ਇਸ ਨਾਲ ਯੂਜ਼ਰਜ਼ ਘੱਟ ਰਕਮ ’ਚ ਰਿਚਾਰਜ ਕਰ ਸਕਣਗੇ ਅਤੇ ਆਪਣੇ ਖਰਚ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰ ਪਾਉਣਗੇ। ਇਹ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੋਵੇਗਾ, ਜੋ ਸੀਮਤ ਬਜਟ ’ਚ ਮੋਬਾਈਲ ਸੇਵਾਵਾਂ ਦੀ ਵਰਤੋਂ ਕਰਦੇ ਹਨ।

ਯੂਜ਼ਰਜ਼ ਲਈ ਆਸਾਨੀ ਅਤੇ ਪਾਰਦਰਸ਼ਤਾ
ਇਨ੍ਹਾਂ ਯੂਜ਼ਰਜ਼ ਨੂੰ ਅਕਸਰ ਡਾਟਾ ਦੀ ਜ਼ਰੂਰਤ ਨਹੀਂ ਹੁੰਦੀ ਪਰ ਉਨ੍ਹਾਂ ਨੂੰ ਬੰਡਲ ਪਲਾਨ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਟ੍ਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਪਲਾਨਸ ਨੂੰ ਸਪੱਸ਼ਟ ਰੂਪ ’ਚ ਸਾਰੇ ਪਲੇਟਫਾਰਮ ਜਿਵੇਂ ਐਪ, ਵੈੱਬਸਾਈਟ ਅਤੇ ਰਿਟੇਲ ਸਟੋਰਾਂ ’ਤੇ ਪ੍ਰਦਰਸ਼ਿਤ ਕਰਨ। ਇਸ ਨਾਲ ਖਪਤਕਾਰਾਂ ਨੂੰ ਸਹੀ ਬਦਲ ਚੁਣਨ ’ਚ ਆਸਾਨੀ ਹੋਵੇਗੀ ਅਤੇ ਪਾਰਦਰਸ਼ਤਾ ਵੀ ਵਧੇਗੀ।

ਟੈਲੀਕਾਮ ਕੰਪਨੀਆਂ ਲਈ ਨਵੀਂ ਚੁਣੌਤੀ
ਇਸ ਪ੍ਰਸਤਾਵ ਦੇ ਲਾਗੂ ਹੋਣ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੂੰ ਆਪਣੇ ਪਲਾਨ ਸਟਰੱਕਚਰ ’ਚ ਬਦਲਾਅ ਕਰਨਾ ਹੋਵੇਗਾ। ਨਾਲ ਹੀ ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਵਾਇਸ ਅਤੇ ਐੱਸ. ਐੱਮ. ਐੱਸ. ਪਲਾਨ ਦੀਆਂ ਕੀਮਤਾਂ ਉਚਿਤ ਅਤੇ ਅਨੁਪਾਤਕ ਹੋਣ। ਰੈਗੂਲੇਟਰੀ ਨੇ ਸੰਕੇਤ ਦਿੱਤਾ ਹੈ ਕਿ ਪਹਿਲਾਂ ਅਜਿਹੇ ਪਲਾਨਸ ਦੀਆਂ ਕੀਮਤਾਂ ਸੰਤੁਲਿਤ ਨਹੀਂ ਸਨ, ਜਿਸ ਨੂੰ ਹੁਣ ਸੁਧਾਰਿਆ ਜਾਵੇਗਾ।

ਸਟੈਕਹੋਲਡਰਾਂ ਤੋਂ ਮੰਗੇ ਗਏ ਸੁਝਾਅ
ਟ੍ਰਾਈ ਨੇ ਇਸ ਡਰਾਫਟ ’ਤੇ ਟੈਲੀਕਾਮ ਕੰਪਨੀਆਂ ਅਤੇ ਹੋਰ ਸਬੰਧਤ ਧਿਰਾਂ ਤੋਂ ਸੁਝਾਅ ਮੰਗੇ ਹਨ। 28 ਅਪ੍ਰੈਲ ਤੱਕ ਇਸ ’ਤੇ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ। ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ, ਤਾਂ ਮੋਬਾਈਲ ਯੂਜ਼ਰਜ਼ ਨੂੰ ਜ਼ਿਆਦਾ ਬਦਲ ਅਤੇ ਸਸਤੀਆਂ ਸੇਵਾਵਾਂ ਮਿਲ ਸਕਦੀਆਂ ਹਨ। ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਇਹ ਵੱਡਾ ਰਾਹਤ ਭਰਿਆ ਕਦਮ ਹੋਵੇਗਾ, ਜੋ ਸਿਰਫ ਕਾਲ ਅਤੇ ਐੱਸ. ਐੱਮ. ਐੱਸ. ਸੇਵਾਵਾਂ ’ਤੇ ਨਿਰਭਰ ਹਨ।

ਕਿਹੜੇ ਯੂਜ਼ਰਜ਼ ਨੂੰ ਹੋਵੇਗਾ ਸਭ ਤੋਂ ਵੱਧ ਫਾਇਦਾ

  • ਪੇਂਡੂ ਖੇਤਰਾਂ ਦੇ ਲੋਕ
  • ਫੀਚਰ ਫੋਨ ਯੂਜ਼ਰਜ਼
  • ਬਜ਼ੁਰਗ ਯੂਜ਼ਰਜ਼
  • ਘੱਟ ਆਮਦਨ ਵਰਗ ਦੇ ਲੋਕ
     

author

Inder Prajapati

Content Editor

Related News