ਸਰਵੀਕਲ ਕੈਂਸਰ ਦੀ ਵੈਕਸੀਨ ਕੁਝ ਮਹੀਨਿਆਂ ''ਚ ਕਿਫਾਇਤੀ ਭਾਅ ''ਤੇ ਹੋਵੇਗੀ ਉਪਲੱਬਧ
Friday, Sep 02, 2022 - 01:30 PM (IST)

ਨਵੀਂ ਦਿੱਲੀ- ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਵੀਰਵਾਰ ਨੂੰ ਕਿਹਾ ਕਿ ਸਰਵੀਕਲ ਕੈਂਸਰ ਦੀ ਰੋਕਥਾਮ ਲਈ ਸਵਦੇਸ਼ੀ ਤੌਰ 'ਤੇ ਵਿਕਸਿਤ 'ਕਵਾਡ੍ਰੀਵੈਲੇਂਟ' ਹਿਊਮਨ ਪੈਪਿਲੋਮਾ ਵਾਇਰਸ (ਐੱਚ.ਪੀ.ਵੀ) ਵੈਕਸੀਨ ਜਲਦੀ ਹੀ 200-400 ਰੁਪਏ ਦੀ ਕਿਫਾਇਤੀ ਕੀਮਤ 'ਤੇ ਲੋਕਾਂ ਲਈ ਉਪਲੱਬਧ ਹੋ ਜਾਵੇਗੀ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਵੈਕਸੀਨ ਦੀ ਵਿਗਿਆਨਕ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਐਲਾਨ ਕਰਨ ਲਈ ਆਯੋਜਿਤ ਸਮਾਗਮ 'ਚ ਸ਼ਾਮਲ ਹੋਏ। ਸਿੰਘ ਨੇ ਕਿਹਾ ਕਿ ਇਹ ਵੈਕਸੀਨ ਕਿਫਾਇਤੀ ਹੋਵੇਗੀ ਅਤੇ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਇਹ ਆਮ ਲੋਕਾਂ ਲਈ ਉਪਲਬਧ ਹੋਵੇ।
ਵਿਗਿਆਨਕ ਪ੍ਰਕਿਰਿਆ ਪੂਰੀ ਹੋਣ ਦਾ ਮਤਲਬ ਹੈ ਕਿ ਵੈਕਸੀਨ ਨਾਲ ਸਬੰਧਤ ਖੋਜ ਅਤੇ ਵਿਕਾਸ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਅਗਲਾ ਪੜ੍ਹਾਅ ਇਸ ਨੂੰ ਆਮ ਲੋਕਾਂ ਲਈ ਉਪਲਬਧ ਕਰਵਾਉਣਾ ਹੈ। ਸਿੰਘ ਨੇ ਸਮਾਰੋਹ 'ਚ ਕਿਹਾ ਕਿ ਕੋਵਿਡ ਨੇ ਸਿਹਤ ਦੇਖਭਾਲ ਨੂੰ ਲੈ ਕੇ ਜਾਗਰੂਕਤਾ ਵਧਾਈ ਹੈ ਜਿਸ ਕਾਰਨ ਸਰਵੀਕਲ ਕੈਂਸਰ ਵਰਗੀ ਬਿਮਾਰੀ ਦੀ ਵੈਕਸੀਨ ਵਿਕਸਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਨੇ ਸਾਨੂੰ ਰੋਕਥਾਮ ਵਾਲੀ ਸਿਹਤ ਸੇਵਾ ਦੇ ਬਾਰੇ ਸੋਚਣ ਲਈ ਮਜਬੂਰ ਕੀਤਾ ਅਤੇ ਹੁਣ ਅਸੀਂ ਇਸ ਨੂੰ ਬਰਦਾਸ਼ਤ ਕਰ ਸਕਦੇ ਹਾਂ। ਜੈਵ-ਤਕਨਾਲੋਜੀ ਵਿਭਾਗ ਨੇ ਇਸ ਮਾਮਲੇ 'ਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਕੋਸ਼ਿਸ਼ਾਂ ਨੂੰ ਕਦੇ-ਕਦੇ ਉਹ ਪਛਾਣ ਨਹੀਂ ਮਿਲਦੀ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਇਹ ਸਮਾਰੋਹ ਵਿਗਿਆਨਕ ਪ੍ਰਕਿਰਿਆ ਦੇ ਪੂਰੀ ਹੋਣ ਦੇ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਗਿਆ। ਪੂਨਾਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ, ਸਰਵੀਕਲ ਕੈਂਸਰ ਵੈਕਸੀਨ ਕਿਫਾਇਤੀ ਹੋਵੇਗੀ ਅਤੇ 200-400 ਰੁਪਏ 'ਚ ਉਪਲਬਧ ਹੋਵੇਗੀ। ਹਾਲਾਂਕਿ ਆਖਰੀ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਹੈ। ਪੂਨਾਵਾਲਾ ਨੇ ਕਿਹਾ ਕਿ “ਸਰਵੀਕਲ ਕੈਂਸਰ ਦੀ ਵੈਕਸੀਨ ਹੋਰ ਵੈਕਸੀਨਾਂ ਦੇ ਮੁਕਾਬਲੇ ਬਹੁਤ ਕਿਫ਼ਾਇਤੀ ਹੋਵੇਗੀ। ਉਸ ਨੇ ਕਿਹਾ ਕਿ ਵੈਕਸੀਨ ਯਕੀਨਨ: ਇਸ ਸਾਲ ਦੇ ਅੰਤ 'ਚ ਪੇਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਦੇ ਰਾਹੀਂ ਇਹ ਵੈਕਸੀਨ ਉਪਲਬਧ ਕਰਵਾਈ ਜਾਵੇਗੀ ਅਤੇ ਅਗਲੇ ਸਾਲ ਤੋਂ ਕੁਝ ਨਿੱਜੀ ਹਿੱਸੇਦਾਰ ਵੀ ਇਸ 'ਚ ਸ਼ਾਮਲ ਹੋਣਗੇ। ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ 20 ਕਰੋੜ ਖੁਰਾਕਾਂ ਤਿਆਰ ਕਰਨ ਦੀ ਹੈ ਅਤੇ ਪਹਿਲਾਂ ਭਾਰਤ 'ਚ ਇਹ ਵੈਕਸੀਨ ਉਪਲਬਧ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਇਸ ਨੂੰ ਪੂਰੇ ਦੇਸ਼ ਦੀ ਲੋੜ ਪੂਰੀ ਕਰਨ ਲਈ ਉਸ ਨੂੰ ਨਿਰਯਾਤ ਕੀਤਾ ਜਾਵੇਗਾ।
ਜੈਵ ਤਕਨਾਲੋਜੀ ਵਿਭਾਗ ਦੇ ਸਕੱਤਰ ਰਾਜੇਸ਼ ਗੋਖਲੇ ਨੇ ਕਿਹਾ ਕਿ ਦੇਸ਼ ਭਰ 'ਚ 2,000 ਤੋਂ ਵੱਧ ਸਵੈ-ਸੇਵਕਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਖੋਜ 'ਚ ਨਿੱਜੀ-ਜਨਤਕ ਹਿੱਸੇਦਾਰੀ ਬਹੁਤ ਮਹੱਤਵਪੂਰਨ ਹੁੰਦੀ ਜਾ ਰਹੀ ਹੈ, ਇਹ ਸਹਿ-ਨਿਰਮਾਣ ਦੁਨੀਆ 'ਚ ਬਦਲਾਅ ਲਿਆਉਣ ਵਾਲਾ ਹੈ।
ਵਿਗਿਆਨਕ ਅਤੇ ਤਕਨਾਲੋਜੀ ਖੋਜ ਪ੍ਰੀਸ਼ਦ (ਸੀ.ਐੱਸ.ਆਈ.ਆਰ) ਦੇ ਜਨਰਲ ਡਾਇਰੈਕਟਰ ਡਾ. ਐਨ. ਕਲਾਈਸੇਲਵੀ ਨੇ ਕਿਹਾ ਕਿ ਇਹ ਇਸ ਖੇਤਰ 'ਚ ਪਹਿਲਾ ਮਹੱਤਵਪੂਰਨ ਕਦਮ ਅਤੇ ਖੋਜ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗਾ।