ਮਹਿੰਦਰਪਾਲ ਬਿੱਟੂ ਕਤਲ ਕੇਸ : ਸਿੱਟ ਵਿਰੁੱਧ ਪਟੀਸ਼ਨ ਦੀ ਪਟਿਆਲਾ ਅਦਾਲਤ ’ਚ ਹੋਵੇਗੀ ਸੁਣਵਾਈ
Thursday, Oct 16, 2025 - 12:29 PM (IST)

ਪਟਿਆਲਾ/ਰੱਖੜਾ (ਰਾਣਾ) : ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਵਿਚ ਅਗਲੀ ਸੁਣਵਾਈ ਪਟਿਆਲਾ ਦੀ ਸਬੰਧਤ ਅਦਾਲਤ ’ਚ ਹੋਵੇਗੀ। ਇਹ ਹੁਕਮ ਮਾਨਯੋਗ ਹਾਈਕੋਰਟ ਨੇ ਕਰਦਿਆਂ ਕਿਹਾ ਕਿ ਪਟਿਆਲਾ ਕੋਰਟ ਨਾਲ ਸਬੰਧਤ ਇਹ ਕੇਸ ਦੀ ਸੁਣਵਾਈ ਪਟਿਆਲਾ ਕੋਰਟ ’ਚ ਹੀ ਬਣਦੀ ਹੈ, ਜਿਸ ਸਬੰਧੀ ਸੀਲ ਬੰਦ ਲਫਾਫਾ ਉੱਥੇ ਹੀ ਖੋਲ੍ਹਿਆ ਜਾਵੇਗਾ, ਇਸ ਸਬੰਧੀ ਪਟਿਆਲਾ ਦੀ ਸਬੰਧਤ ਕੋਰਟ ਵਿਚ ਹੀ ਸੁਣਵਾਈ ਹੋਵੇਗੀ। ਇਹ ਕੇਸ ਮਹਿੰਦਰਪਾਲ ਬਿੱਟੂ ਕੁਮਾਰੀ ਬਨਾਮ ਪੰਜਾਬ ਰਾਜ ਅਤਿ ਹੋਰ ਹੈ, ਜਦੋਂ ਮਾਨਯੋਗ ਹਾਈਕੋਰਟ ਨੇ ਇਹ ਫ਼ੈਸਲਾ ਸੁਣਾਇਆ ਉਸ ਵੇਲੇ ਪਟੀਸ਼ਨਕਰਤਾ ਸੰਤੋਸ਼ ਕੁਮਾਰੀ ਵੱਲੋਂ ਵਕੀਲ ਆਰ. ਐੱਸ. ਰਾਇ, ਸੀਨੀਅਰ ਐਡਵੋਕੇਟ, ਚੇਤਨ ਮਿੱਤਲ, ਸੀਨੀਅਰ ਐਡਵੋਕੇਟ, ਮਯੰਕ ਅਗਰਵਾਲ, ਐਡਵੋਕੇਟ, ਰੁਬੀਨਾ ਵਰਮਾਨੀ, ਐਡਵੋਕੇਟ, ਰਾਧਿਕਾ ਮਹਿਤਾ ਸਨ। ਇਸ ਵੇਲੇ ਐਡੀਸ਼ਨਲ ਐਡਵੋਕੇਟ ਦੀਪਇੰਦਰ ਸਿੰਘ ਵੀ ਹਾਜ਼ਰ ਸਨ। ਕੋਰਟ ਵੱਲੋਂ ਕਿਹਾ ਗਿਆ ਹੈ ਕਿ ‘ਇਹ ਰਿਪੋਰਟ ਵਰਤਮਾਨ ’ਚ ਸੀਲ ਕਵਰ ’ਚ ਹੈ ਅਤੇ ਸਬੰਧਤ ਟਰਾਇਲ ਕੋਰਟ (ਪਟਿਆਲਾ ਕੋਰਟ) ਅੱਗੇ ਅੱਜ ਤੋਂ 2 ਹਫ਼ਤੇ ਅੰਦਰ ਪੇਸ਼ ਕੀਤੀ ਜਾਵੇਗੀ।
ਇਸ ਬਾਰੇ ਪੰਜਾਬ ਸਰਕਾਰ ਨੂੰ ਵੀ ਝਾੜ ਪਾਈ ਅਤੇ ਕਿਹਾ ਕਿ ‘ਪੰਜਾਬ ਸਰਕਾਰ ਨੂੰ ਉਪਰੋਕਤ ਸਮੇਂ ’ਚ ਆਪਣੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ। ਇੰਨਾ ਕਰਨ ’ਤੇ ਸਬੰਧਤ ਅਦਾਲਤ, ਇਸ ਅਦਾਲਤ ਅੱਗੇ ਸ਼ਿਕਾਇਤਕਰਤਾ ਸਮੇਤ ਸਾਰੇ ਸਬੰਧਤਾਂ ਨੂੰ ਕਾਪੀਆਂ ਮੁਹੱਈਆ ਕਰਵਾਉਣ ਤੋਂ ਬਾਅਦ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕਰੇਗੀ। ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਨੂੰ ਬਰਗਾੜੀ ਬੇਅਦਬੀ ਕਾਂਡ ’ਚ 2018 ’ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਆਈ. ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਬਣੀ ਸਿੱਟ ਨੇ ਮਹਿੰਦਰਪਾਲ ਬਿੱਟੂ ਨੂੰ ਮੁੱਖ ਮੁਲਜ਼ਮ ਬਣਾਇਆ ਸੀ। ਇਸ ਤੋਂ ਬਾਅਦ ਜੂਨ, 2019 ਵਿਚ 2 ਕੈਦੀਆਂ ਨੇ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ ’ਚ ਕਤਲ ਕਰ ਦਿੱਤਾ ਸੀ। ਮ੍ਰਿਤਕ ਮਹਿੰਦਰਪਾਲ ਬਿੱਟੂ ਦੀ ਪਤਨੀ ਸੰਤੋਸ਼ ਕੁਮਾਰੀ ਦਾ ਕਹਿਣਾ ਸੀ ਕਿ ਉਸ ਦੇ ਘਰਵਾਲੇ ਨੂੰ ਫਸਾਇਆ ਗਿਆ ਹੈ, ਜਿਸ ਦੇ ਚੱਲਦੇ ਸੰਤੋਸ਼ ਕੁਮਾਰੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਜਾਂਚ ਦੀ ਮੰਗ ਕੀਤੀ ਸੀ, ਜਿਸ ਦੌਰਾਨ ਏ. ਡੀ. ਜੀ. ਰਾਏ ਦੀ ਅਗਵਾਈ ’ਚ ਸਿੱਟ ਬਣਾਈ ਗਈ, ਜਿਸ ਨੇ ਸਾਬਕਾ ਆਈ. ਪੀ. ਐੱਸ. ਰਣਬੀਰ ਸਿੰਘ ਖੱਟੜਾ ਸਮੇਤ ਤਤਕਾਲੀ ਸਿੱਟ ਦੇ ਮੈਂਬਰਾਂ ਤੋਂ ਪੁੱਛਗਿੱਛ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਾਲ 2015 ’ਚ ਬੁਰਜ ਜਵਾਰਕੇ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਮਾਮਲੇ ’ਚ ਜਾਂਚ ਲਈ 5 ਮੈਂਬਰੀ ਸਿੱਟ ਬਣਾਈ ਗਈ ਸੀ ਅਤੇ ਸਿੱਟ ਦੇ ਮੁਖੀ ਰਣਬੀਰ ਸਿੰਘ ਖੱਟੜਾ ਸਨ। ਜਾਂਚ ਤੋਂ ਬਾਅਦ ਸਿੱਟ ਵੱਲੋਂ ਬਰਗਾੜੀ ਕਾਂਡ ਦੇ ਦੋਸ਼ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੀ ਨਾਭਾ ਜੇਲ੍ਹ ’ਚ ਸ਼ਿਫਟ ਕਰ ਦਿੱਤਾ ਗਿਆ ਸੀ। ਬਿੱਟੂ ਦੇ ਕਤਲ ਤੋਂ ਕਰੀਬ ਢਾਈ ਸਾਲ ਬਾਅਦ ਜਦੋਂ ਰਣਬੀਰ ਸਿੰਘ ਖੱਟੜਾ ਵੱਲੋਂ 164 ਤਹਿਤ ਬਿਆਨ ਕਲਮ ਬੰਦ ਕਰਾਏ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪ੍ਰੈੱਸ ਕਾਨਫਰੰਸ ਕਰਕੇ ਰਣਬੀਰ ਸਿੰਘ ਖੱਟੜਾ ਅਤੇ ਸਿੱਟ ’ਤੇ ਗੰਭੀਰ ਦੋਸ਼ ਲਾਏ ਸਨ, ਜਿਸ ’ਚ ਇਹ ਦੋਸ਼ ਵੀ ਸੀ ਕਿ ਬਿੱਟੂ ਦਾ ਕਤਲ ਕਥਿਤ ਰਣਬੀਰ ਸਿੰਘ ਖੱਟੜਾ ਦੀ ਸਿੱਟ ਨੇ ਕਰਾਇਆ ਹੈ। ਉਸ ਤੋਂ ਬਾਅਦ ਹੀ ਸੰਤੋਸ਼ ਕੁਮਾਰੀ ਨੇ ਮਾਨਯੋਗ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਸੀ, ਜਿਸ ਵਿਚ ਇਸ ਪੂਰੇ ਕਾਂਡ ਵਿਚ ਜਾਂਚ ਮੰਗੀ ਸੀ ਪਰ ਦੂਜੇ ਪਾਸੇ ਬਿੱਟੂ ਦਾ ਕਤਲ ਕਰਨ ਵਾਲੇ ਮਨਿੰਦਰ ਸਿੰਘ ਝੂਮਾ ਨੇ ਕਿਹਾ ਕਿ ਨਾ ਤਾਂ ਸਾਨੂੰ ਕਿਸੇ ਗੈਂਗਸਟਰ ਨੇ ਬਿੱਟੂ ਨੂੰ ਮਾਰਨ ਲਈ ਕਿਹਾ ਹੈ ਨਾ ਹੀ ਸਾਨੂੰ ਕਿਸੇ ਸਿੱਟ ਨੇ ਜਾਂ ਰਣਬੀਰ ਸਿੰਘ ਖੱਟੜਾ ਨੇ ਹੀ ਬਿੱਟੂ ਨੂੰ ਮਾਰਨ ਲਈ ਕਿਹਾ ਹੈ। ਹੁਣ ਇਸ ਕੇਸ ਦੀ ਸੁਣਵਾਈ ਪਟਿਆਲਾ ਕੋਰਟ ਨੂੰ ਕਰਨ ਲਈ ਕਿਹਾ ਗਿਆ।