ਕੈਰੀਬੈਗ ਲਈ ਚਾਰਜ ਕਰਨਾ ਪਿਆ ਮਹਿੰਗਾ, ਫੋਰਮ ਨੇ ਠੋਕਿਆ ਹਰਜਾਨਾ

02/04/2020 8:17:00 AM

ਚੰਡੀਗਡ਼੍ਹ, (ਰਾਜਿੰਦਰ)— ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਏਲਾਂਤੇ ਮਾਲ ਦੇ ਅਨਲਿਮਟਿਡ ਸਟੋਰ ਨੂੰ ਕੈਰੀਬੈਗ ਲਈ ਚਾਰਜ ਕਰਨਾ ਮਹਿੰਗਾ ਪੈ ਗਿਆ।

ਫੋਰਮ ਨੇ ਸਟੋਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਗਲਤ ਰੂਪ ਨਾਲ ਚਾਰਜ ਕੀਤੀ ਗਈ 7.25 ਰੁਪਏ ਦੀ ਰਾਸ਼ੀ ਸ਼ਿਕਾਇਤਕਰਤਾ ਨੂੰ ਵਾਪਿਸ ਕਰੇ, ਨਾਲ ਹੀ ਮਾਨਸਿਕ ਪੀਡ਼ਾ ਅਤੇ ਉਤਪੀਡ਼ਨ ਲਈ 500 ਰੁਪਏ ਮੁਆਵਜ਼ਾ ਅਤੇ 500 ਰੁਪਏ ਮੁਕੱਦਮਾ ਖਰਚ ਵੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਹੁਕਮ ਦੀ ਕਾਪੀ ਮਿਲਣ ’ਤੇ ਇਕ ਮਹੀਨੇ ਅੰਦਰ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ, ਨਹੀਂ ਤਾਂ ਰੀਫੰਡ ਅਤੇ ਮੁਆਵਜ਼ਾ ਰਾਸ਼ੀ ’ਤੇ 9 ਫ਼ੀਸਦੀ ਦੀ ਦਰ ਨਾਲ ਵਿਆਜ ਵੀ ਦੇਣਾ ਹੋਵੇਗਾ। ਇਹ ਹੁਕਮ ਜ਼ਿਲਾ ਖਪਤਕਾਰ ਵਿਵਾਦ ਨਿਵਾਰਨ ਫੋਰਮ-1 ਨੇ ਸੁਣਵਾਈ ਦੌਰਾਨ ਜਾਰੀ ਕੀਤੇ।

 

ਅਰਵਿੰਦ ਲਾਈਫ ਸਟਾਈਲ ਬਰਾਂਡਸ ਲਿਮਟਿਡ ਖਿਲਾਫ ਦਿੱਤੀ ਸੀ ਸ਼ਿਕਾਇਤ
ਜ਼ੀਰਕਪੁਰ ਦੇ ਢਕੋਲੀ ’ਚ ਰਹਿਣ ਵਾਲੇ ਅਮਿਤ ਸ਼ਰਮਾ ਨੇ ਫੋਰਮ ’ਚ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਅਰਵਿੰਦ ਲਾਈਫ ਸਟਾਈਲ ਬਰਾਂਡਸ ਲਿਮਟਿਡ (ਅਨਲਿਮਟਿਡ) ਚੰਡੀਗਡ਼੍ਹ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ 11 ਜੁਲਾਈ, 2019 ਨੂੰ ਉਕਤ ਸਟੋਰ ਤੋਂਂ ਕੁਝ ਪ੍ਰੋਡਕਟ ਖਰੀਦੇ। ਬਿੱਲ ਪੇਅ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਰੀਬੈਗ ਲਈ 7.25 ਰੁਪਏ ਚਾਰਜ ਕੀਤੇ ਗਏ। ਉਨ੍ਹਾਂ ਨੇ ਸਟੋਰ ’ਤੇ ਸੇਵਾ ’ਚ ਕੋਤਾਹੀ ਦਾ ਦੋਸ਼ ਲਾਉਂਦੇ ਹੋਏ ਇਸ ਸਬੰਧੀ ਫੋਰਮ ’ਚ ਸ਼ਿਕਾਇਤ ਦਿੱਤੀ। ਦੂਜੀ ਧਿਰ ਨੇ ਫੋਰਮ ’ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੇਵਾ ’ਚ ਕੋਈ ਕੋਤਾਹੀ ਨਹੀਂ ਕੀਤੀ, ਖਪਤਕਾਰ ਫੋਰਮ ਨੇ ਆਪਣੇ ਆਦੇਸ਼ਾਂ ’ਚ ਕਿਹਾ ਕਿ ਅਜਿਹੀਆਂ ਕੰਪਨੀਆਂ ਦੇ ਦੇਸ਼ ਭਰ ’ਚ ਕਈ ਸਟੋਰ ਹਨ, ਜੋ ਕੈਰੀਬੈਗ ਦੇ ਰੁਪਏ ਵਸੂਲ ਕੇ ਬਹੁਤ ਪੈਸੇ ਕਮਾ ਰਹੇ ਹਨ।


Related News