Jet Airways ਦੇ ਬੁਰੇ ਹਾਲਾਤ, 60 ਦਿਨ ਲਈ ਹੀ ਬਚੇ ਪੈਸੇ

Friday, Aug 03, 2018 - 10:09 AM (IST)

Jet Airways ਦੇ ਬੁਰੇ ਹਾਲਾਤ, 60 ਦਿਨ ਲਈ ਹੀ ਬਚੇ ਪੈਸੇ

ਨਵੀਂ ਦਿੱਲੀ— ਪ੍ਰਾਈਵੇਟ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਮੁਸ਼ਕਲ ਹਾਲਾਤ 'ਚ ਪਹੁੰਚ ਗਈ ਹੈ। ਕੰਪਨੀ ਨੂੰ ਚਲਾਉਣ ਲਈ ਉਸ ਕੋਲ ਸਿਰਫ 60 ਦਿਨਾਂ ਯੋਗੇ ਹੀ ਪੈਸੇ ਬਚੇ ਹਨ। ਜੈੱਟ ਏਅਰਵੇਜ਼ ਨੇ ਆਪਣੇ ਕਰਮਚਾਰੀਆਂ ਨੂੰ ਇਹ ਸੂਚਨਾ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਕੋਲ 60 ਦਿਨਾਂ ਬਾਅਦ ਏਅਰਲਾਈਨ ਨੂੰ ਚਲਾਉਣ ਲਈ ਪੈਸੇ ਨਹੀਂ ਹਨ। ਰਿਪੋਰਟਾਂ ਮੁਤਾਬਕ ਹਾਲ ਹੀ ਦੇ ਦਿਨਾਂ 'ਚ ਮੁੰਬਈ ਅਤੇ ਦਿੱਲੀ 'ਚ ਕੰਪਨੀ ਦੀ ਇਕ ਮੀਟਿੰਗ ਹੋਈ ਹੈ, ਜਿਸ 'ਚ ਕਰਮਚਾਰੀਆਂ ਨੂੰ ਸੂਚਨਾ ਦਿੱਤੀ ਗਈ ਕਿ ਏਅਰਲਾਈਨ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਅਤੇ ਖਰਚੇ ਘਟਾਉਣ ਲਈ ਸਖਤ ਕਦਮ ਤੁਰੰਤ ਚੁੱਕਣੇ ਹੋਣਗੇ।

ਕੰਪਨੀ ਦੀ ਇਹ ਜਾਣਕਾਰੀ ਉਦੋਂ ਸਾਹਮਣੇ ਆਈ ਹੈ, ਜਦੋਂ ਥੋੜ੍ਹੇ ਦਿਨ ਪਹਿਲਾਂ ਹੀ ਕਰਮਚਾਰੀਆਂ ਦੀ ਤਨਖਾਹ 'ਚ 25 ਫੀਸਦੀ ਦੀ ਕਟੌਤੀ ਕਰਨ ਦੀ ਗੱਲ ਸਾਹਮਣੇ ਆਈ ਸੀ। ਕੁਝ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਇਸ ਤਰ੍ਹਾਂ ਦੀ ਸਥਿਤੀ ਸ਼ਾਇਦ ਵਧਾ ਕੇ ਚੜ੍ਹਾ ਕੇ ਪੇਸ਼ ਕੀਤੀ ਜਾ ਰਹੀ ਹੈ, ਤਾਂ ਕਿ ਕੁਝ ਜਾਣੇ ਨੌਕਰੀ ਛੱਡ ਕੇ ਚਲੇ ਜਾਣ। ਜੈੱਟ ਏਅਰਵੇਜ਼ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਹ ਸੂਚਨਾ ਦਿੱਤੀ ਗਈ ਹੈ ਕਿ ਕੰਪਨੀ ਨੂੰ ਦੋ ਮਹੀਨਿਆਂ ਬਾਅਦ ਚਲਾਉਣਾ ਅਸੰਭਵ ਹੈ ਅਤੇ ਮੈਨੇਜਮੈਂਟ ਨੂੰ ਤਨਖਾਹਾਂ 'ਚ ਕਟੌਤੀ ਅਤੇ ਖਰਚ ਘਟਾਉਣ ਲਈ ਹੋਰ ਕਦਮ ਚੁੱਕਣ ਦੀ ਤੁਰੰਤ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਗੱਲ ਨਾਲ ਚਿੰਤਤ ਹਾਂ ਕਿ ਕੰਪਨੀ ਨੇ ਇੰਨੇ ਸਾਲਾਂ ਦੌਰਾਨ ਸਾਨੂੰ ਕਦੇ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਹੁਣ ਜਾ ਕੇ ਇਹ ਗੱਲ ਕਹੀ ਹੈ। ਇਸ ਕਾਰਨ ਮੈਨੇਜਮੈਂਟ 'ਤੇ ਕਰਮਚਾਰੀਆਂ ਦਾ ਭਰੋਸਾ ਘੱਟ ਹੋਇਆ ਹੈ।


Related News