4500 ਦਾ ਅੰਕੜਾ ਪਾਰ ਕਰ ਸਕਦੈ ਰੂੰ

01/07/2018 8:14:37 AM

ਜੈਤੋ—ਦੇਸ਼ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ 'ਚ 31 ਦਸੰਬਰ ਤੱਕ ਵ੍ਹਾਈਟ ਗੋਲਡ ਦੀ ਕਰੀਬ 1.47 ਕਰੋੜ ਗੰਢ ਆਈ ਹੈ, ਜਦਕਿ ਬੀਤੇ ਸਾਲ ਇਸ ਮਿਆਦ ਦੌਰਾਨ ਕਰੀਬ 1.8 ਕਰੋੜ ਗੰਢ ਵ੍ਹਾਈਟ ਗੋਲਡ ਦੀ ਪਹੁੰਚੀ ਸੀ। ਇਹ ਜਾਣਕਾਰੀ ਦੇਸ਼ ਦੀ ਪ੍ਰਸਿੱਧ ਰੂੰ ਕਾਰੋਬਾਰੀ ਸੰਸਥਾ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਸੂਤਰਾਂ ਤੋਂ ਮਿਲੀ। 
ਬਾਜ਼ਾਰ ਜਾਣਕਾਰਾਂ ਮੁਤਾਬਕ ਦੇਸ਼ 'ਚ ਅੱਜਕਲ ਰੋਜ਼ਾਨਾ 1.50 ਤੋਂ 1.70 ਲੱਖ ਗੰਢ ਵ੍ਹਾਈਟ ਗੋਲਡ ਮੰਡੀਆਂ 'ਚ ਆ ਰਿਹਾ ਹੈ। ਸੂਤਰਾਂ ਦੇ ਅਨੁਸਾਰ ਦੇਸ਼ 'ਚ ਭਾਵੇਂ ਵ੍ਹਾਈਟ ਗੋਲਡ ਦੀ ਆਮਦ ਠੀਕ ਚੱਲ ਰਹੀ ਹੈ ਪਰ ਉੱਤਰੀ ਜ਼ੋਨ ਦੇ ਸੂਬੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ 'ਚ ਵ੍ਹਾਈਟ ਗੋਲਡ ਦੀ ਰੋਜ਼ਾਨਾ ਆਮਦ 'ਚ ਘਾਟ ਆਈ ਹੈ। ਆਮਦ ਘਟ ਕੇ 16-17000 ਗੰਢ ਹੀ ਰਹਿ ਗਈ। ਆਮਦ ਘਟਣ ਦਾ ਮੁੱਖ ਕਾਰਨ ਵ੍ਹਾਈਟ ਗੋਲਡ ਦੇ ਭਾਅ ਵਧਣਾ ਮੰਨਿਆ ਜਾ ਰਿਹਾ ਹੈ।
ਕਪਾਹ ਜਿਨਰਾਂ ਨੂੰ ਰੂੰ 'ਚ ਵੱਡੀ ਤੇਜ਼ੀ ਆਉਣ ਦੀ ਉਮੀਦ ਜਾਗੀ ਹੈ ਜਿਸ ਕਾਰਨ ਹੀ ਕਪਾਹ ਜਿਨਰ ਮੰਡੀਆਂ ਨਾਲ ਧੜਾਧੜ ਵ੍ਹਾਈਟ ਗੋਲਡ ਇਕੱਠਾ ਕਰਨ 'ਚ ਲੱਗੇ ਹੋਏ ਹਨ। ਕਪਾਹ ਜਿਨਰਾਂ ਨੂੰ ਰੂੰ ਭਾਅ ਬਹੁਤ ਛੇਤੀ 4500 ਰੁਪਏ ਪ੍ਰਤੀ ਮਣ ਅੰਕੜਾ ਪਾਰ ਕਰਨ ਦੀ ਵੱਡੀ ਉਮੀਦ ਜਾਗੀ ਹੈ। ਇਸੇ ਕਾਰਨ ਮੰਡੀਆਂ 'ਚ ਜਿਨਰਾਂ ਨੇ ਵ੍ਹਾਈਟ ਗੋਲਡ ਦੇ ਭਾਅ ਉਪਰ 'ਚ 5500 ਰੁਪਏ ਮਣ ਹੁਣ ਤੋਂ ਹੀ ਕਰ ਦਿੱਤੇ ਹਨ। ਅੱਜਕਲ ਮੰਡੀਆਂ 'ਚ ਪ੍ਰਾਈਵੇਟ ਕਪਾਹ ਜਿਨਰਾਂ ਵੱਲੋਂ ਜੋ ਵ੍ਹਾਈਟ ਗੋਲਡ ਖਰੀਦਿਆ ਜਾ ਰਿਹਾ ਹੈ, ਉਸ ਦੀ ਰੂੰ 4500 ਰੁਪਏ ਮਣ ਪੈਂਦੀ ਹੈ। ਅੱਜਕਲ ਰੂੰ ਦੇ ਭਾਅ ਹਾਜ਼ਰ 4290-4300 ਰੁਪਏ ਮਣ ਹੈ ਅਰਥਾਤ ਜਿਨਰਾਂ ਨੂੰ 200 ਤੋਂ 250 ਰੁਪਏ ਕੁਇੰਟਲ ਡਿਸਪੈਰਿਟੀ ਹੈ। ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਸੀ.) 'ਤੇ ਵ੍ਹਾਈਟ ਗੋਲਡ ਖਰੀਦਣ ਦਾ ਐਲਾਨ ਕੀਤਾ ਸੀ ਪਰ ਕਪਾਹ ਜਿਨਰਾਂ ਨੇ ਵ੍ਹਾਈਟ ਗੋਲਡ ਦਾ ਭਾਅ ਹੀ ਅੱਜਕਲ 5350-5500 ਰੁਪਏ ਕੁਇੰਟਲ ਕਰ ਦਿੱਤਾ ਹੈ ਜਦਕਿ ਐੈੱਮ. ਐੱਸ. ਪੀ. ਵ੍ਹਾਈਟ ਗੋਲਡ ਵਧੀਆ 4320 ਰੁਪਏ ਕੁਇੰਟਲ ਰੱਖਿਆ ਹੈ। ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਕਪਾਹ ਜਿਨਰਾਂ ਨੇ 200-250 ਰੁਪਏ ਕੁਇੰਟਲ ਵ੍ਹਾਈਟ ਗੋਲਡ ਦੀ ਡਿਸਪੈਰਿਟੀ ਨਹੀਂ ਛੱਡੀ ਤਾਂ ਉਸ ਦੀ ਵੀ ਹਰ-ਹਰ ਗੰਗੇ ਪੱਕੀ ਹੈ। ਡਿਸਪੈਰਿਟੀ ਨੇ ਪਹਿਲੇ ਹੀ ਪੰਜਾਬ 'ਚ ਲਗਭਗ 3.60 ਕਪਾਹ ਫੈਕਟਰੀਆਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ
ਕਪਾਹ ਨਿਗਮ ਦੀ ਕਮਰਸ਼ੀਅਲ ਖਰੀਦ ਜਾਰੀ
ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿ. (ਸੀ. ਸੀ. ਆਈ.) ਜਿਸ ਦਾ ਮੁੱਖ ਟੀਚਾ ਕਿਸਾਨਾਂ ਨੂੰ ਉੱਚਾ ਭਾਅ ਦਿਵਾਉਣਾ ਹੈ, ਨੇ ਕਪਾਹ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ ਭਰ 'ਚ ਐੱਮ. ਐੱਸ. ਸੀ. 'ਤੇ ਵ੍ਹਾਈਟ ਖਰੀਦਣ ਦੀ ਗੱਲ ਕੀਤੀ ਸੀ। ਭਾਅ ਵਧਣ ਨਾਲ ਕਪਾਹ ਨਿਗਮ ਵ੍ਹਾਈਟ ਖਰੀਦਣੋਂ ਰਹਿ ਗਿਆ ਹੈ। ਹੁਣ ਕਪਾਹ ਨਿਗਮ ਨੇ ਕਮਰਸ਼ੀਅਲ ਤੌਰ 'ਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਤੋਂ ਹਾਜ਼ਰ ਰੂੰ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਪਾਹ ਨਿਗਮ 10 ਲੱਖ ਗੰਢ ਤੋਂ ਜ਼ਿਆਦਾ ਖਰੀਦੇਗਾ। ਕਪਾਹ ਨਿਗਮ ਫਾਇਦੇ ਨਾਲ ਰੂੰ ਗੰਢ ਵੇਚ ਵੀ ਰਿਹਾ ਹੈ।
ਰੂੰ ਮੰਦੜੀਆਂ ਦੇ ਟੱਟੇ ਸੁਪਨੇ 
ਦੇਸ਼ 'ਚ ਕਪਾਹ ਦੀ ਬੰਪਰ ਬੀਜਾਈ ਨੂੰ ਦੇਖਦਿਆਂ ਅਤੇ ਖੜ੍ਹੀ ਫਸਲ ਨੂੰ ਲੈ ਕੇ ਰੂੰ ਮੰਦੜੀਆਂ ਦੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਸਨ ਪਰ ਮੰਦੜੀਆਂ ਦੇ ਸੁਪਨੇ ਉਸ ਵੇਲੇ ਟੁੱਟ ਗਏ, ਜਦੋਂ ਰੂੰ 7ਵੇਂ ਆਸਮਾਨ 'ਤੇ ਜਾ ਚੜ੍ਹੀ। ਰੂੰ ਮੰਦੜੀਆਂ ਨੂੰ ਉਮੀਦ ਸੀ ਕਿ ਦਸੰਬਰ 'ਚ ਰੂੰ ਡਿੱਗ ਕੇ 3850-3900 ਰੁਪਏ ਰਹਿ ਸਕਦੀ ਹੈ ਪਰ ਹੋਇਆ ਇਸ ਦੇ ਉਲਟ, ਕਿਉਂਕਿ ਰੂੰ ਦੇ ਭਾਅ 4300-4325 ਰੁਪਏ ਮਣ ਤੋਂ ਉਪਰ ਛਲਾਂਗ ਲਾ ਗਏ। ਦੂਜੇ ਪਾਸੇ ਰੂੰ ਦੀ ਨਮੀ, ਟ੍ਰੈਸ, ਵਜ਼ਨ ਕਟੌਤੀ ਆਦਿ ਖਰਚੇ ਵੱਖਰੇ ਹਨ, ਜਿਨ੍ਹਾਂ ਨੂੰ ਕਪਾਹ ਜਿਨਰ ਪਤਾ ਨਹੀਂ ਕਿਉਂ ਖਰਚੇ 'ਚ ਜੋੜ ਨਹੀਂ ਰਹੇ ਹਨ। ਇਸੇ ਵਿਚਾਲੇ ਪੰਡਿਤ ਪਰਾਸ਼ਰ ਦਾ ਮੰਨਣਾ ਹੈ ਕਿ ਸੋਮਵਾਰ ਤੋਂ ਰੂੰ ਬਾਜ਼ਾਰ ਇਕ-ਪਾਸੜ ਚਲ ਸਕਦਾ ਹੈ, ਫਿਰ ਵੀ ਰੂੰ ਕਾਰੋਬਾਰੀਆਂ ਨੂੰ ਆਪਣੀ ਸਮਝ ਨਾਲ ਵਪਾਰ ਕਰਨਾ ਚਾਹੀਦਾ ਹੈ, ਇਸ 'ਚ ਉਨ੍ਹਾਂ ਦੀ ਭਲਾਈ ਹੈ।
ਯਾਰਨ ਦੀ ਮੰਗ
ਯਾਰਨ ਦੀ ਮੰਗ ਬਾਜ਼ਾਰ 'ਚ ਖੁੱਲ੍ਹ ਕੇ ਨਹੀਂ ਆ ਰਹੀ ਹੈ। ਬਾਜ਼ਾਰ 'ਚ ਯਾਰਨ ਦਾ ਬਿਕਵਾਲ ਜ਼ਿਆਦਾ ਹੈ ਲਿਵਾਲ ਘੱਟ। ਯਾਰਨ ਦੀ ਬਰਾਮਦ ਵੀ ਘੱਟ ਹੋ ਰਹੀ ਹੈ ਕਿਉਂਕਿ ਡਾਲਰ ਦੇ ਭਾਅ ਟੁੱਟ ਰਹੇ ਹਨ। ਮਿੱਲਾਂ ਨੂੰ ਧਨ ਦੀ ਤੰਗੀ ਸਤਾਉਣ ਲੱਗੀ ਹੈ।


Related News